ਫਿਰ ਬਹਾਲ ਹੋਣਾ ਸ਼ੁਰੂ, ਕੋਰੋਨਾ ਕਾਰਣ ਠੱਪ ਹੋਇਆ ਜਨਜੀਵਨ

Advertisement
Spread information

 ਪ੍ਰਸ਼ਾਸਨ ਵੱਲੋਂ ਜਨਤਕ ਤੇ ਹੋਰ ਸੇਵਾਵਾਂ ਲਈ ਪੁਖਤਾ ਪ੍ਰਬੰਧ

 *ਬੈਂਕਿੰਗ ਸੇਵਾਵਾਂ ਜਾਰੀ; ਸੇਵਾ ਕੇਂਦਰਾਂ, ਤਹਿਸੀਲ ਦਫਤਰਾਂ ’ਚ ਲੋਕਾਂ ਦੀ ਆਮਦ ਸ਼ੁਰੂ

* ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਲੋੜੀਂਦੇ ਇਹਤਿਆਤ ਵਰਤਣ ਦੀ ਅਪੀਲ


ਹਰਿੰਦਰ ਨਿੱਕਾ  ਬਰਨਾਲਾ,  22 ਮਈ 2020
ਕਰੋਨਾ ਵਾਇਰਸ ਮਹਾਮਾਰੀ ਕਾਰਨ ਲੀਹੋਂ ਲੱਥਿਆ ਜਨ-ਜੀਵਨ ਹੁਣ ਰਾਹੇ ਪੈਣ ਲੱਗਿਆ ਹੈ। ਜ਼ਿਲ੍ਹਾ ਬਰਨਾਲਾ ਵਿਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ ਵੱਖ ਵਿਭਾਗਾਂ ਵੱਲੋਂ ਕਰੋਨਾ ਵਾਇਰਸ ਦੇ ਸੰਕਟ ਦਾ ਲਗਾਤਾਰ ਟਾਕਰਾ ਕੀਤਾ ਜਾ ਰਿਹਾ ਹੈ, ਉਥੇ ਜਨਤਕ ਸੇਵਾਵਾਂ ਵੀ ਦਿੱਤੀਆਂ ਜਾਣ ਲੱਗੀਆਂ ਹਨ। ਜ਼ਿਲ੍ਹੇ ਵਿਚ ਪ੍ਰਵਾਨਿਤ ਦੁਕਾਨਾਂ ਜਿੱਥੇ ਹਫਤੇ ’ਚੋਂ 6 ਦਿਨ ਖੋਲ੍ਹਣ ਦੇ ਆਦੇਸ਼ ਦਿੱਤੇ ਹੋਏ ਹਨ, ਉਥੇ ਸੇਵਾ ਕੇਂਦਰਾਂ ਅਤੇ ਤਹਿਸੀਲਾਂ ’ਚ ਲੋਕਾਂ ਦੀ ਆਮਦ ਸ਼ੁਰੂ ਹੋ ਗਈ ਹੈ।
ਜ਼ਿਲ੍ਹਾ ਬਰਨਾਲਾ ਵਿਚ 5 ਸੇਵਾ ਕੇਂਦਰਾਂ ਨੇ 12 ਮਈ ਤੋਂ, ਜਦੋਂਕਿ 3 ਸੇਵਾ ਕੇਂਦਰਾਂ ਨੇ 15 ਮਈ ਤੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੇਵਾ ਕੇਂਦਰ ਦੇ ਇੰਚਾਰਜ ਰਮਨਦੀਪ ਸਿੱਧੂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਸੇਵਾ ਕੇਂਦਰਾਂ ਵਿਚ ਆ ਰਹੇ ਹਨ। ਸੇਵਾ ਕੇਂਦਰਾਂ ਵਿਚ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ 153 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਸੇਵਾ ਕੇਂਦਰ ਵਿਚ ਰੋਜ਼ਾਨਾ ਔਸਤਨ ਲਗਭਗ 300 ਲੋਕ ਸੇਵਾਵਾ ਲੈਂਦੇ ਹਨ।
ਸਰਕਾਰ ਵੱਲੋਂ ਤਹਿਸੀਲਾਂ ’ਚ ਵਸੀਕੇ ਰਜਿਸਟਰ ਕਰਨ ਦੀ ਆਗਿਆ ਦਿੱਤੇ ਜਾਣ ਤੋਂ ਬਾਅਦ ਸੁੰਨੀਆਂ ਪਈਆਂ ਤਹਿਸੀਲਾਂ ਵਿਚ ਵੀ ਰੌਣਕ ਪਰਤਣ ਲੱਗੀ ਹੈ। ਜ਼ਿਲ੍ਹਾ ਮਾਲ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਦਸਤਾਵੇਜ਼ ਰਜਿਸਟਰ ਕਰਾਉਣ ਲੋਕਾਂ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਮਾਲ ਰਿਕਾਰਡ ਨਾਲ ਸਬੰਧਤ ਹੋਰਨਾਂ ਕੰਮਾਂ ਲਈ ਵੀ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
 ਇਸ ਦੇ ਨਾਲ ਹੀ ਬੱਸ ਸੇਵਾ ਵੀ ਜ਼ਿਲ੍ਹੇ ਵਿਚ ਚਾਲੂ ਹੋ ਗਈ ਹੈ। ਜੀਐਮ ਮਹਿੰਦਰਪਾਲ ਸਿੰਘ ਨੇ ਦੱਸਿਆ ਬਰਨਾਲਾ ਡਿਪੂ ਤੋਂ ਮਾਨਸਾ, ਸੰਗਰੂਰ, ਲੁਧਿਆਣਾ ਆਦਿ ਮੁੱਖ ਰੂਟਾਂ ’ਤੇ ਦਰਜਨ ਦੇ ਕਰੀਬ ਪੀਆਰਟੀਸੀ ਬੱਸਾਂ ਚਲਾਈਆਂ ਗਈਆਂ ਹਨ ਅਤੇ ਸਰਕਾਰ ਦੇ ਆਦੇਸ਼ਾਂ ਅਨੁਸਾਰ ਲੋੜੀਂਦੇ ਇਹਤਿਆਤਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਰੋਜ਼ਾਨਾ ਪੱਧਰ ’ਤੇ ਦੁਕਾਨਾਂ ਖੁੱਲ੍ਹ ਰਹੀਆਂ ਹਨ ਅਤੇ ਬੈਂਕ ਵੀ ਪੂਰਾ ਸਮਾਂ ਸੇਵਾਵਾਂ ਦੇ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਆਫਤ ਕਰ ਕੇ ਭਾਵੇਂ ਜਨ ਜੀਵਨ ’ਤੇ ਵੱਡਾ ਅਸਰ ਪਿਆ, ਪਰ ਹੁਣ ਹਾਲਾਤ ਆਮ ਹੋਣ ਲੱਗੇ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੀ ਲਗਾਤਾਰ ਸੇਵਾਵਾਂ ਦੇਣ ਵਿਚ ਜੁਟਿਆ ਹੋਇਆ ਹੈ ਤਾਂ ਜੋ ਕਿਸੇ ਨੂੰ ਜ਼ਰੂਰੀ ਕੰਮਾਂ ਲਈ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤÎਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਖ਼ਿਲਾਫ਼ ਜੰਗ ਜਿੱਤਣੀ ਹੈ ਤਾਂ ਜ਼ਿਲ੍ਹਾ ਵਾਸੀ ਪ੍ਰ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।

Advertisement
Advertisement
Advertisement
Advertisement
Advertisement
error: Content is protected !!