ਲੈਬ ਜਾਂਚ ਤੋਂ ਬਾਅਦ ਹੀ ਹੋਵੇਗੀ, ਚਿੱਟੇ ਪਾਉਡਰ ਦੀ ਹੈਰੋਇਨ ਵੱਜੋਂ ਪੁਸ਼ਟੀ
ਹਰਿੰਦਰ ਨਿੱਕਾ ਬਰਨਾਲਾ 22ਮਈ 2020
ਬਰਨਾਲਾ ਪੁਲੀਸ ਨੇ 40 ਕਰੋੜ ਰੁਪਏ ਅੰਤਰਰਾਸ਼ਟਰੀ ਕੀਮਤ ਦੇ ਮੁੱਲ ਦੀ 8 ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਐਸ ਐਸ ਪੀ ਸੰਦੀਪ ਗੋਇਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਪੁਲਿਸ ਦੁਆਰਾ 55 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਔਰਤ ਬਲਵੀਰ ਕੌਰ ਨੂੰ ਗਿਰਫਤਾਰ ਕੀਤਾ ਗਿਆ ਸੀ। ਇਸੇ ਕੜੀ ਦੇ ਤਹਿਤ ਪੁਲਿਸ ਨੂੰ ਪ੍ਰਾਈਵੇਟ ਮੁਖਬਰ ਤੋਂ ਸੂਚਨਾ ਮਿਲੀ ਕਿ ਹੈਰੋਇਨ ਦੀ ਇੱਕ ਵੱਡੀ ਖੇਪ 22 ਮਈ ਨੂੰ ਵੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਦੇ ਵਾੜੇਕਾ ਖੇਤਰ ਰਾਹੀਂ ਪਾਕਿਸਤਾਨ ਵਾਲੇ ਪਾਸਿਉਂ ਇੱਥੇ ਪਹੁੰਚਣੀ ਹੈ। ਭਰੋਸੇਯੋਗ ਇਤਲਾਹ ਦੇ ਚਲਦਿਆਂ ਸੀਆਈਏ ਦੀ ਟੀਮ ਨੇ ਸ਼ੁਕਰਵਾਰ ਨੂੰ ਦੱਸੇ ਗਏ ਖੇਤਰ ਚੋਂ 8 ਕਿਲੋ 290 ਗ੍ਰਾਮ ਹੈਰੋਇਨ ਅਤੇ 15 ਪਾਕਿਸਤਾਨੀ ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ । ਐਸ ਐਸ ਪੀ ਸੰਦੀਪ ਗੋਇਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਦੇਖਣ ਨੂੰ ਹੈਰੋਇਨ ਵਰਗੇ ਪ੍ਰਤੀਤ ਹੋ ਰਹੇ ਚਿੱਟੇ ਪਾਉਡਰ ਨੂੰ ਜਾਂਚ ਲਈ ਲੈਬੋਰਟਰੀ ਚ, ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਹੀ ਇਸ ਸੱਕੀ ਹੈਰੋਇਨ ਦੀ ਹੈਰੋਇਨ ਦੇ ਤੌਰ ਤੇ ਪੁਸ਼ਟੀ ਹੋਵੇਗੀ। ਇੱਕ ਹੋਰ ਸਵਾਲ ਦੇ ਜੁਆਬ ਚ, ਐਸਐਸਪੀ ਗੋਇਲ ਨੇ ਦੱਸਿਆ ਕਿ ਇਸ ਸਬੰਧੀ ਕੋਈ ਨਵਾਂ ਕੇਸ ਦਰਜ਼ ਕਰਨ ਦੀ ਬਜਾਏ, 13 ਮਈ ਨੂੰ ਦਰਜ਼ ਬਲਵੀਰ ਕੌਰ ਵਾਲੀ ਐਫਆਈਆਰ ਚ, ਹੀ ਇਸ ਰਿਕਵਰੀ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਆਪਰੇਸ਼ਨ ਬੀਐਸਐਫ ਦੀ ਟੀਮ ਦੇ ਸਹਿਯੋਗ ਨਾਲ ਸਿਰੇ ਚਾੜਿਆ ਗਿਆ ਹੈ। ਉੱਧਰ ਬੀਐਸਐਫ ਦੇ ਅਧਿਕਾਰੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਬੀਐਸਐਫ ਦੀ 136 ਬਨਾਲੀਅਨ ਦੇ ਜਵਾਨਾਂ ਦੀ ਟੁਕੜੀ ਨੇ ਪੰਜਾਬ ਪੁਲਿਸ ਦੇ ਸਪੈਸ਼ਲ ਸੈਲ ਸੀਆਈਏ ਦੀ ਟੀਮ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਜਮੀਨ ਵਿੱਚ ਦੱਬੀਆਂ ਪਲਾਸਟਿਕ ਦੀਆਂ 8 ਬੋਤਲਾਂ ਚੋਂ, ਇਹ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਐਸਐਫ ਦੇ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਇਹ ਹੈਰੋਇਨ ਕਿਹੜੇ ਸਮਗਲਰਾਂ ਦੀ ਹੈ ਅਤੇ ਅੱਗੇ ਕਿਹੜੇ ਸਮਗਲਰਾਂ ਨੂੰ ਸਪਲਾਈ ਕੀਤੀ ਜਾਣੀ ਸੀ।