ਬੀ.ਐਸ. ਬਾਜਵਾ ,ਚੰਡੀਗੜ੍ਹ 7 ਮਾਰਚ 2023
ਪੰਜਾਬ ਦੇ ਰਾਜਪਾਲ ਦੇ ਭਾਸ਼ਣ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ,ਉੱਥੇ ਹੀ ਵਿਰੋਧੀਆਂ ਤੇ ਜਬਰਦਸਤ ਹੱਲਾ ਬੋਲਿਆ । ਮੀਤ ਹੇਅਰ ਨੇ ਕਿਹਾ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਉਹ ਵੱਡੇ ਕੰਮ ਕਰ ਦਿੱਤੇ ,ਜੋ ਪਿਛਲੀਆਂ ਸਰਕਾਰਾਂ ਪੰਜ ਸਾਲ ਦੌਰਾਨ ਵੀ ਨਹੀਂ ਕਰਦੀਆਂ ਸਨ। ਮਾਨ ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਕੋਈ ਖੋਟ ਨਹੀਂ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਛੇ ਮਹੀਨਿਆਂ ਵਿੱਚ ਹੀ 600 ਯੂਨਿਟ ਮੁਫ਼ਤ ਬਿਜਲੀ, 500 ਤੋਂ ਵੱਧ ਆਮ ਆਦਮੀ ਕਲੀਨਿਕ, ਨਾਜਾਇਜ਼ ਕਬਜ਼ੇ ਛੁਡਵਾਏ, 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੇਣਾ, ਇਕ ਵਿਧਾਇਕ, ਇਕ ਪੈਨਸ਼ਨ ਜਿਹੇ ਵੱਡੇ ਫ਼ੈਸਲੇ ਕੀਤੇ ਹਨ। ਪੰਜਾਬ ਵਿੱਚ ਕਾਨੂੰਨ ਦਾ ਰਾਜ਼ ਹੈ ਅਤੇ ਵਿਰੋਧੀਆਂ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਬਦਨਾਮ ਕਰ ਰਹੀਆਂ ਹਨ । ਹਾਲਾਂਕਿ ਕਰਾਈਮ ਰੇਟ ਦੇ ਮਾਮਲੇ ਵਿੱਚ ਪੰਜਾਬ 17ਵੇਂ ਸਥਾਨ ਉੱਤੇ ਹੈ। ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸੂਬਿਆਂ ਵਿੱਚ ਅਪਰਾਧ ਦੀ ਦਰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਹੜੇ ਮੂੰਹ ਨਾਲ ਕਾਂਗਰਸੀ ਪੰਜਾਬ ਨੂੰ ਬਦਨਾਮ ਕਰ ਰਹੇ ਹਨ , ਜਿਨਾਂ ਪੰਜਾਬ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲਗਾਇਆ, ਦਿੱਲੀ ਵਿੱਚ ਸਿੱਖ ਕਤਲੇਆਮ ਅਤੇ ਪੰਜਾਬ ਵਿੱਚ ਕਾਲਾ ਦੌਰ ਲਿਆਂਦਾ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਪਿਛਲੀਆਂ ਸਰਕਾਰਾਂ ਦੀ ਹੀ ਦੇਣ ਹੈ। ਪੰਜਾਬ ਵਿੱਚ ਹੁਣ ਕਾਨੂੰਨ ਦਾ ਰਾਜ਼ ਹੈ ਤੇ ਅਮਨ ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਨੂੰ ਵੀ ਨਹੀਂ ਬ਼ਖਸ਼ਿਆ ਜਾਵੇਗਾ।