MP ਮਾਨ ਨੇ ਕਿਹਾ, ਕੋਈ ਵੀ ਲੋੜਵੰਦ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹੇ ,
ਸੰਸਦ ਮੈਂਬਰ ਦੀ ਅਗਵਾਈ ‘ਚ ਦਿਸ਼ਾ ਕਮੇਟੀ ਦੀ ਮੀਟਿੰਗ
ਰਘਵੀਰ ਹੈਪੀ , ਬਰਨਾਲਾ, 14 ਫਰਵਰੀ 2023
ਬਰਨਾਲਾ ਜ਼ਿਲ੍ਹੇ ’ਚ ਚੱਲ ਰਹੀਆਂ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ (ਦਿਸ਼ਾ) ਕਮੇਟੀ ਦੀ ਮੀਟਿੰਗ ਅੱਜ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਨ੍ਹਾਂ ‘ਚ ਸਰਕਾਰੀ ਸਕੀਮਾਂ ਦੇ ਲਾਭ ਯੋਗ ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਲਾਭ ਮਿਲਣਾ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਮਸਲਿਆਂ ਦਾ ਹੱਲ ਕਰਨਾ ਪਹਿਲੀ ਤਰਜੀਹ ਹੈ।
ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਵੱਖ ਵੱਖ ਕੇਂਦਰੀ ਸਕੀਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਸਾਰੀਆਂ ਸਕੀਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਵਾਂਝਾ ਨਾ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਕੇਂਦਰੀ ਸਕੀਮਾਂ ਨੂੰ ਸਫ਼ਲਤਾ ਪੂਰਵਕ ਲਾਗੂ ਕਰਨ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ।
ਇਸ ਮੌਕੇ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਆਰਡੀਐੱਸਐੱਸ ਸਕੀਮ ਦੀ ਮੀਟਿੰਗ ਵੀ ਹੋਈ, ਜਿਸ ਅਧੀਨ 75.23 ਕਰੋਡ਼ ਦੇ ਕੰਮ ਸਾਲ 2025 ਤੱਕ ਕਰਵਾਏ ਜਾਣੇ ਹਨ। ਇਸ ਅਧੀਨ 2 ਨਵੇਂ 66ਕੇਵੀ ਗਰਿੱਡ ਸਥਾਪਿਤ ਕੀਤੇ ਜਾਣੇ ਹਨ।ਇਸ ਤੋਂ ਇਲਾਵਾ ਸ. ਮਾਨ ਵਲੋਂ ਵੱਖ ਵੱਖ ਪਿੰਡਾਂ ਦੇ ਕਰਵਾਏ ਜਾਣ ਵਾਲੇ ਕੰਮਾਂ ਨੂੰ ਜਲਦ ਕਰਵਾਉਣ ਬਾਰੇ ਅਧਿਕਾਰੀਆਂ ਨੂੰ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕਰੀਬ ਢਾਈ ਕਰੋੜ ਦੇ ਐਮ ਪੀ ਲੈਡ ਫੰਡਾਂ ਨਾਲ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਐੱਸਐੱਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਸਰਬਜੀਤ ਕੌਰ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਵਿਧਾਇਕਾਂ ਦੇ ਨੁਮਾਇੰਦੇ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।