ਪ੍ਰਧਾਨ ਸਣੇ ਹੋਰ ਅਹੁਦੇਦਾਰ ਜਾਂ ਐਗਜੈਕਟਿਵ ਕਮੇਟੀ ਮੈਂਬਰਾਂ ਦੀ ਸਲਾਹ ਲੈਣਾ ਵੀ ਜਰੂਰੀ ਨਹੀਂ ਸਮਝ ਰਹੇ ਜਰਨਲ ਸਕੱਤਰ
ਹਰਿੰਦਰ ਨਿੱਕਾ ਬਰਨਾਲਾ 20 ਮਈ 2020
ਇਸ ਨੂੰ ਆਪਹੁਦਰਾਪਣ ਸਮਝੋ ਜਾਂ ਫਿਰ ਤਾਨਾਸ਼ਾਹੀ , ਡੀਸੀ ਦੀ ਪ੍ਰਧਾਨਗੀ ਹੇਠ ਲੰਬੇ ਅਰਸੇ ਤੋਂ ਚੱਲ ਰਹੀ ਸ਼ਹਿਰ ਦੀ ਪ੍ਰਸਿੱਧ ਅਮੀਰ ਸੰਸਥਾ ਬਰਨਾਲਾ ਕਲੱਬ ਦੇ ਜਰਨਲ ਸਕੱਤਰ ਰਾਜੀਵ ਲੂਬੀ ਇੱਨ੍ਹੀ ਦਿਨੀਂ ਕਲੱਬ ਨੂੰ ਆਪਣੀ ਨਿੱਜੀ ਪ੍ਰਾਈਵੇਟ ਕੰਪਨੀ ਦੀ ਤਰਾਂ ਚਲਾ ਰਹੇ ਹਨ। ਉਨ੍ਹਾਂ ਕਲੱਬ ਦਾ ਅਹਿਮ ਫੈਸਲਾ ਲੈਣ ਲਈ ਵੀ ਐਗਜੈਕਟਿਵ ਕਮੇਟੀ ਮੈਂਬਰਾਂ ਜਾਂ ਕੋਈ ਹੋਰ ਅਹੁਦੇਦਾਰ ਤਾਂ ਕੀ, ਖੁਦ ਕਲੱਬ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਨੂੰ ਵੀ ਪੁੱਛਣਾ ਜਾਂ ਫਿਰ ਦੱਸਣਾ ਜਰੂਰੀ ਨਹੀਂ ਸਮਝਿਆ।
ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਿੱਜੀ ਅਦਾਰਿਆਂ ਨੂੰ ਵੀ ਲੌਕਡਾਉਨ ਦੌਰਾਨ ਕਰਮਚਾਰੀਆਂ ਦੀਆਂ ਤਨਖਾਹਾਂ ਨਾ ਕੱਟਣ ਦੇ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਟਿੱਚ ਜਾਣਦੇ ਹੌਏ ਕਲੱਬ ਦੇ ਸਕੱਤਰ ਲੂਬੀ ਨੇ ਕਲੱਬ ਦੇ 20 ਮੁਲਾਜਮਾਂ ਦੀ ਤਨਖਾਹ ਚ, ਅੱਧੀ ਕਟੌਤੀ ਦਾ ਫੈਸਲਾ ਕਰ ਲਿਆ। ਇਸ ਸਬੰਧੀ ਪੁੱਛੇ ਜਾਣ ਤੇ ਡੀਸੀ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨ ਅਤੇ ਕਲੱਬ ਦੀ ਐਗਜੈਕਟਿਵ ਕਮੇਟੀ ਦੇ ਸੀਨੀਅਰ ਮੈੱਬਰਾਂ ਨੇ ਵੀ ਤਨਖਾਹ ਕਟੌਤੀ ਦੇ ਫੈਸਲੇ ਤੋਂ ਅਣਜਾਣਤਾ ਪ੍ਰਗਟਾਈ। ਸ਼ਹਿਰ ਦੀ ਸਭ ਤੋਂ ਅਮੀਰ ਇਸ ਸੰਸਥਾ ਵੱਲੋਂ ਆਰਥਿਕ ਸੰਕਟ ਦਾ ਹਵਾਲਾ ਦੇ ਕੇ ਆਪਣੇ ਗਰੀਬ ਮੁਲਾਜਮਾਂ ਦੀ ਤਨਖਾਹ ਕਟੌਤੀ ਕਰ ਦੇਣ ਨਾਲ ਕਲੱਬ ਦੀ ਕਥਿਤ ਡਗਮਗਾਈ ਆਰਥਿਕਤਾ ਦਾ ਭੇਦ ਵੀ ਲੋਕਾਂ ਸਾਹਮਣੇ ਖੁੱਲ੍ਹ ਗਿਆ।
ਇਸ ਦਾ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਾਫੀ ਬੁਰਾ ਵੀ ਮਨਾਇਆ ਹੈ । ਜਦੋਂ ਬਰਨਾਲਾ ਟੂਡੇ ਦੀ ਟੀਮ ਨੇ ਬਰਨਾਲਾ ਕਲੱਬ ਦੇ ਹੋਰਨਾਂ ਕਈ ਸੀਨੀਅਰ ਅਹੁਦੇਦਾਰਾਂ ਅਤੇ ਐਗਜੈਕਟਿਵ ਕਮੇਟੀ ਮੈਂਬਰਾਂ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ ਤਾਂ ਬਹੁਤ ਸਾਰੇ ਹੈਰਾਨੀਜਨਕ ਤੱਥ ਵੀ ਸਾਹਮਣੇ ਆਏ ਹਨ। ਜਿਨ੍ਹਾਂ ਦਾ ਹੋਰ ਖੁਲਾਸਾ ਆਉਣ ਵਾਲੇ ਦਿਨਾਂ ਚ, ਕੀਤਾ ਜਾਵੇਗਾ।
-ਚੁਫੇਰਿਉਂ ਹੋਣ ਲੱਗੀ , ਤਨਖਾਹ ਕਟੌਤੀ ਦੀ ਨਿੰਦਿਆ
ਕਲੱਬ ਦੇ ਮੀਤ ਪ੍ਰਧਾਨ ਰਾਜਮਹਿੰਦਰ ਨੇ ਮੁਲਾਜਮਾਂ ਦੀ ਤਨਖਾਹ ਕਟੌਤੀ ਸਬੰਧੀ ਕੀਤੇ ਫੈਸਲੇ ਤੋਂ ਖੁਦ ਨੂੰ ਅਲੱਗ ਕਰਦਿਆਂ ਕਿਹਾ ਕਿ ਉਨ੍ਹਾਂ ਸਮੇਤ ਕਲੱਬ ਦੇ ਕਿਸੇ ਵੀ ਅਹੁਦੇਦਾਰ ਜਾਂ ਐਗਜੈਕਟਿਵ ਕਮੇਟੀ ਦੇ ਮੈਂਬਰ ਨੂੰ ਮੁਲਾਜਮ ਵਿਰੋਧੀ ਅਜਿਹਾ ਫੈਸਲਾਂ ਲੈਣ ਲਈ ਸਕੱਤਰ ਨੇ ਕੋਈ ਰਾਇ ਨਹੀਂ ਲਈ। ਉਨਾਂ ਕਿਹਾ ਕਿ ਕਲੱਬ ਦਾ ਸ਼ਾਨਾਮੱਤਾ ਇਤਹਾਸ ਰਿਹਾ ਹੈ, ਕਲੱਬ ਕੋਲ ਫੰਡਾ ਦੀ ਵੀ ਕੋਈ ਘਾਟ ਨਹੀਂ, ਫਿਰ ਸਕੱਤਰ ਨੇ ਵਿੱਤੀ ਸੰਕਟ ਕਹਿ ਕੇ ਮੁਲਾਜਮਾਂ ਦੀ ਤਨਖਾਹ ਕਿਉਂ ਕੱਟ ਲਈ,ਇਹ ਬੜੀ ਹੈਰਾਨੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੱਚਮੁੱਚ ਹੀ ਕਲੱਬ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਤਾਂ ਸਕੱਤਰ ਨੂੰ ਹੋਰ ਅਹੁਦੇਦਾਰਾਂ ਜਾਂ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਜਰੂਰ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਤਨਖਾਹ ਕਟੌਤੀ ਦੇ ਫੈਸਲੇ ਦੀ ਜਾਣਕਾਰੀ ਉਨਾਂ ਨੂੰ ਬਰਨਾਲਾ ਟੂਡੇ ਚ, ਨਸ਼ਰ ਹੋਈ ਖਬਰ ਤੋਂ ਬਾਅਦ ਹੀ ਮਿਲੀ ਹੈ। ਉਨਾਂ ਕਿਹਾ ਕਿ ਸਕੱਤਰ ਨੂੰ ਬਿਨਾਂ ਦੇਰੀ ਮੁਲਾਜਮਾਂ ਦੀ ਕੱਟੀ ਅੱਧੀ ਤਨਖਾਹ ਦੇ ਦੇਣੀ ਚਾਹੀਦੀ ਹੈ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਪ੍ਰਦੀਪ ਸ਼ਰਮਾਂ ਅਤੇ ਨੀਲਕਮਲ ਨੇ ਵੀ ਕਲੱਬ ਦੇ ਮੁਲਾਜਮਾਂ ਦੀ ਤਨਖਾਹ ਕਟੌਤੀ ਦੇ ਫੈਸਲੇ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ।
ਕਲੱਬ ਸਕੱਤਰ ਦੇ ਫੈਸਲੇ ਨਾਲ ਕਲੱਬ ਤੇ ਸਰਕਾਰ ਦੀ ਹੋਈ ਬਦਨਾਮੀ- ਮੱਖਣ ਸ਼ਰਮਾ
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ , ਸੀਨੀਅਰ ਕਾਂਗਰਸੀ ਆਗੂ ਅਤੇ ਕਲੱਬ ਦੀ ਅਗਜੈਕਟਿਵ ਕਮੇਟੀ ਦੇ ਮੈਂਬਰ ਮੱਖਣ ਸ਼ਰਮਾਂ ਨੇ ਮੁਲਜਮਾਂ ਦੀ ਤਨਖ਼ਾਹ ਕੱਟਣ ਦੇ ਫੈਸਲਾ ਦੀ ਕਰੜੀ ਨਿੰਦਿਆ ਕਰਦਿਆਂ ਕਿਹਾ ਕਿ ਕਲੱਬ ਦੇ ਕਈ ਮੁਲਾਜਮ ਵੀ ਉਨਾਂ ਨੂੰ ਮਿਲੇ ਸਨ। ਬਰਨਾਲਾ ਟੂਡੇ ਚ, ਪ੍ਰਕਾਸ਼ਿਤ ਖਬਰ ਤੋਂ ਬਾਅਦ ਉਨ੍ਹਾਂ ਕਲੱਬ ਦੇ ਪ੍ਰਧਾਨ ਅਤੇ ਡੀਸੀ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨਾਲ ਵੀ ਗੱਲ ਕੀਤੀ ਸੀ। ਜਿਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਮੁਲਾਜਮਾਂ ਦੀ ਕੱਟੀ ਅੱਧੀ ਤਨਖਾਹ ਜਾਰੀ ਕਰਵਾਉਣ। ਸ੍ਰੀ ਸ਼ਰਮਾ ਨੇ ਕਿਹਾ ਕਿ ਕਲੱਬ ਸਕੱਤਰ ਲੂਬੀ ਨੇ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਕਿਸੇ ਨਾਲ ਕੋਈ ਸਲਹਾ ਮਸ਼ਵਰਾ ਹੀ ਨਹੀਂ ਕੀਤਾ। ਸ਼ਰਮਾ ਨੇ ਕਿਹਾ ਕਿ ਕਲੱਬ ਦੇ ਅਜਿਹੇ ਫੈਸਲੇ ਨਾਲ ਕਲੱਬ ਦੀ ਅਤੇ ਪੰਜਾਬ ਸਰਕਾਰ ਦੀ ਵੀ ਬਦਨਾਮੀ ਹੋਈ ਹੈ।
ਜੇਕਰ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਵੀ ਲੌਕਡਾਉਨ ਦੇ ਸਮੇਂ ਦੀ ਮੁਲਾਜਮਾਂ ਨੂੰ ਪੂਰੀ ਤਨਖਾਹ ਦੇਣ ਤੋਂ ਹੱਥ ਘੁੱਟ ਰਹੀ ਹੈ ਤਾਂ ਫਿਰ ਹੋਰ ਪ੍ਰਾਈਵੇਟ ਅਦਾਰਿਆਂ ਨੂੰ ਅਸੀਂ ਕਿਹੜੇ ਮੂੰਹ ਨਾਲ ਤਨਖਾਹਾਂ ਦੇਣ ਲਈ ਕਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੌਕਡਾਉਨ ਦੌਰਾਨ ਹਰ ਵਿਅਕਤੀ ਤੇ ਸੰਸਥਾ ਨੇ ਆਪਣੀ ਸਮਰੱਥਾ ਮੁਤਾਬਿਕ ਮਾਨਵਤਾ ਤੇ ਆਈ ਸੰਕਟ ਦੀ ਘੜੀ ਚ, ਜਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਹੈ। ਪਰ ਬਰਨਾਲਾ ਕਲੱਬ ਜਿਹੀ ਸੰਸਥਾ, ਜਿਸ ਦੇ ਮੈਂਬਰ ਸ਼ਹਿਰ ਅਤੇ ਇਲਾਕੇ ਦੇ ਸਿਰ ਕੱਢ ਵਿਅਕਤੀ ਤੇ ਸਾਧਨ ਸੰਪੰਨ ਹੋਣ, ਉਹ ਆਪਣੇ ਮੁਲਾਜਮਾਂ ਨੂੰ ਪੂਰੀ ਤਨਖਾਹ ਨਾ ਦੇ ਸਕਣ, ਬਹੁਤ ਹੀ ਸ਼ਰਮਨਾਕ ਗੱਲ ਹੈ।
ਉਨਾਂ ਕਿਹਾ ਕਿ ਕਲੱਬ ਦੀ ਆਰਥਿਕ ਹਾਲਤ ਬਹੁਤ ਵਧੀਆ ਹੈ। ਜੇਕਰ ਸੱਚਮੁੱਚ ਕਲੱਬ ਦੀ ਕੋਈ ਆਰਥਿਕ ਸਮੱਸਿਆ ਸੀ, ਤਾਂ ਜਨਰਲ ਸਕੱਤਰ ਲੂਬੀ ਨੂੰ ਇਹ ਜਾਣਕਾਰੀ ਕਲੱਬ ਮੈਂਬਰਾਂ ਜਾਂ ਅਹੁਦੇਦਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਸੀ। ਜਿਸ ਦਾ ਅਸਾਨੀ ਨਾਲ ਹੱਲ ਕੱਢਿਆ ਜਾ ਸਕਦਾ ਸੀ। ਉਨਾਂ ਕਿਹਾ ਕਿ ਮੁਲਾਜਮਾਂ ਨੂੰ ਹੁਣ ਵੀ ਤਨਖਾਹ ਦੇ ਕੇ ਕਲੱਬ ਦੀ ਹੋ ਰਹੀ ਬਦਨਾਮੀ ਨੂੰ ਰੋਕਣਾ ਚਾਹੀਦਾ ਹੈ।
ਵਰਨਣਯੋਗ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮੀਸ਼ਨਰ ਅਤੇ ਬਰਨਾਲਾ ਕਲੱਬ ਦੇ ਪ੍ਰਧਾਨ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਪਹਿਲਾਂ ਹੀ ਮੁਲਾਜਮਾਂ ਦੀ ਤਨਖਾਹ ਵਿੱਚ ਕਟੌਤੀ ਕਰਨ ਦੇ ਫੈਸਲੇ ਨੂੰ ਗਲਤ ਠਹਿਰਾ ਚੁੱਕੇ ਹਨ। ਯਾਦ ਰਹੇ ਕਿ ਕਲੱਬ ਦੇ ਸਮੂਹ ਮੁਲਾਜਮਾਂ ਦੀ ਮਾਸਿਕ ਤਨਖਾਹ ਪੌਣੇ 2 ਕੁ ਲੱਖ ਰੁਪਏ ਹੀ ਹੈ। ਜਿਹੜੀ ਹੁਣ ਅੱਧੀ ਦਿੱਤੀ ਗਈ ਹੈ।