ਕਿਸੇ ਵੀ ਬੱਸ ’ਚ 25 ਤੋਂ ਵੱਧ ਨਹੀਂ ਬਿਠਾਉਣੀਆਂ ਸਵਾਰੀਆਂ
ਅਸ਼ੋਕ ਵਰਮਾ ਬਠਿੰਡਾ 20 ਮਈ 2020
ਪੀਆਰਟੀਸੀ ਦੇ ਬਠਿੰਡਾ ਡਿਪੂ ਵੱਲੋਂ ਕਰਫਿਊ ਖਤਮ ਹੋਣ ਉਪਰੰਤ ਪਹਿਲੀ ਵਾਰੀ 20 ਮਈ ਤੋਂ 9 ਰੂਟਾਂ ਤੇ ਬੱਸਾਂ ਚਲਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਤਕਰੀਬਨ ਪੌਣੇ ਦੋ ਮਹੀਨੇ ਬਾਅਦ ਪੰੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਜਨਤਕ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ। ਪ੍ਰਾਈਵੇਟ ਟਰਾਂਸਪੋਰਟ ਨੂੰ ਹਾਲੇ ਬੱਸ ਸੇਵਾ ਚਾਲੂ ਕਰਨ ਲਈ ਹਰੀ ਝੰਡੀ ਨਹੀਂ ਦਿੱਤੀ ਗਈ ਹੈ। ਪਹਿਲੇ ਪੜਾਅ ਹੇਠ ਇਨ੍ਹਾਂ ਰੂਟਾਂ ’ਤੇ ਅੱਧੇ ਘੰਟੇ ਦੇ ਵਕਫੇ ਮਗਰੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਕੰਮ ਲਈ ਬਠਿੰਡਾ ਡਿਪੂ ਦੀਆਂ ਕਰੀਬ ਸੌ ਬੱਸਾਂ ਸੈਨੇਟਾਈਜ਼ ਕੀਤੀਆਂ ਗਈਆਂ ਹਨ। ਬਠਿੰਡਾ ਤੋਂ ਡੱਬਵਾਲੀ ,ਬਠਿੰਡਾ-ਮਲੋਟ,ਬਠਿੰਡਾ- ਚੰਡੀਗੜ੍ਹ ,ਬਠਿੰਡਾ – ਤਲਵੰਡੀ, ਬਠਿੰਡਾ-ਪਟਿਆਲਾ , ਬਠਿੰਡਾ -ਮਾਨਸਾ, ਬਠਿੰਡਾ ਭਗਤਾ ,ਬਠਿੰਡਾ ਬਰਨਾਲਾ ਅਤੇ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਰੂਟਾਂ ਤੇ ਬੱਸਾਂ ਚਲਾਉਣ ਲਈ ਪ੍ਰਬੰਧਾਂ ਨੂੰ ਅੱਜ ਅੰਤਮ ਛੋਹਾਂ ਦੇ ਦਿੱਤੀਆਂ ਹਨ।
ਸ਼ਰਤ ਲਾਈ ਗਈ ਹੈ ਕਿ ਕਿਸੇ ਵੀ ਬੱਸ ਵਿਚ ਯਾਤਰੀ 50 ਫੀਸਦੀ ਤੋਂ ਜਿਆਦਾ ਨਹੀਂ ਹੋਣਗੇ। ਟਿਕਟਾਂ ਦੀ ਬੁਕਿੰਗ ਆਨਲਾਈਨ ਜਾਂ ਫਿਰ ਬੱਸ ਅੱਡਿਆਂ ਦੇ ਕਾਊਂਟਰਾਂ ਤੋਂ ਅਗਾਊਂ ਟਿਕਟ ਲੈਣੀ ਪਵੇਗੀ। ਬੱਸਾਂ ਚੱਲਣ ਵਿਚ 30 ਮਿੰਟ ਦਾ ਵਕਫ਼ਾ ਹੋਵੇਗਾ ਜਿਸ ਨੂੰ ਸਵਾਰੀਆਂ ਦੇ ਘਟਣ ਵਧਣ ਕਰਕੇ ਅੱਗੇ ਪਿੱਛੇ ਵੀ ਕੀਤਾ ਜਾ ਸਕੇਗਾ। ਬੱਸ ’ਚ ਸਫਰ ਕਰਨ ਵਾਲੀ ਹਰ ਸਵਾਰੀ ਨੂੰ ਮਾਸਕ ਪਹਿਨਾਣਾ ਲਾਜਮੀ ਕੀਤਾ ਗਿਆ ਹੈ। ਜੇਕਰ ਕਿਸੇ ਕੋਲ ਮਾਸਕ ਨਹੀਂ ਤਾਂ ਉਹ ਕਾਂਊਂਟਰ ਤੋਂ ਖਰੀਦ ਸਕਦਾ ਹੈ। ਬੱਸ ਕੰਡਕਟਰ ਅਤੇ ਡਰਾਈਵਰ ਨੂੰ ਵੀ ਮਾਸਕ ਅਤੇ ਦਸਤਾਨੇ ਪਹਿਨਣ ਲਈ ਪਾਬੰਦ ਕੀਤਾ ਗਿਆ ਹੈ।
ਪੀਆਰਟੀਸੀ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰ ਬੱਸ ’ਚ 25 ਸਵਾਰੀਆਂ ਬਿਠਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਫਿਲਹਾਲ ਬੱਸਾਂ ਅਹਿਮ ਅੱਡਿਆਂ ਤੇ ਰੁਕਣਗੀਆਂ ਅਤੇ ਪੇਂਡੂ ਅੱਡਿਆਂ ਤੇ ਰੋਕਣ ਦੀ ਯੋਜਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਅਤੇ ਕੰਡਕਟਰ ਵੱਲੋਂ ਰਸਤੇ ਚੋਂ ਸਵਾਰੀ ਨਹੀਂ ਚੜ੍ਹਾਈ ਜਾਏਗੀ। ਉਨ੍ਹਾਂ ਦੱਸਿਆ ਕਿ ਇਹ ਸ਼ੁਰੂਆਤੀ ਦੌਰ ਹੈ ਅਤੇ ਇਸ ਸੇਵਾ ਦਾ ਹਾਲਾਤਾਂ ਦੇ ਅਧਾਰ ਤੇ ਵਿਸਥਾਰ ਕੀਤਾ ਜਾ ਸਕਦਾ ਹੈ।
ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਸੀ ਕਿ 20 ਮਈ ਤੋਂ ਸੀਮਤ ਰੂਟਾਂ ’ਤੇ ਜਨਤਕ ਬੱਸ ਸੇਵਾ ਸ਼ੁਰੂ ਕਰਨ ਦੇ ਫੈਸਲੇ ਤਹਿਤ ਬਠਿੰਡਾ ਡਿਪੂ ਵੱਲੋਂ ਵੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਦਿਨ ਹੋਣ ਕਰਕੇ ਸਵਾਰੀ ਦਾ ਅਜੇ ਕੁੱਝ ਪਤਾ ਨਹੀਂ ਹੈ ਇਸ ਲਈ ਮੁਸਾਫਰਾਂ ਦੀ ਸੰਖਿਆ ਦੇ ਅਧਾਰ ਤੇ ਰੂਟਾਂ ਦੀ ਗਿਣਤੀ-ਘਟਾਈ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੱਸ ’ਚ ਬੈਠਣ ਵਾਲੀਆਂ ਸਵਾਰੀਆਂ ਲਈ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਜਾਏਗਾ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਏਗੀ।
ਬਠਿੰਡਾ ਡਿਪੂ ਨੂੰ 13 ਕਰੋੜ ਦਾ ਰਗੜਾ
ਵਰਿ੍ਹਆਂ ਮਗਰੋਂ ਲੀਹ ਉੱਤੇ ਪਈ ਪੀਆਰਟੀਸੀ ਦੀ ਲੰਘੇ 59 ਦਿਨਾਂ ਨੇ ਚਾਲ ਵਿਗਾੜ ਦਿੱਤੀ ਹੈ। ਪੀਆਰਟੀਸੀ ਨੂੰ ਕਰੋਨਾ ਵਾਇਰਸ ਕਾਰਨ ਬੰਦ ਕੀਤੀ ਆਵਾਜਾਈ ਕਾਰਨ 13 ਕਰੋੜ ਤੋਂ ਵੱਧ ਦਾ ਰਗੜਾ ਲੱਗ ਗਿਆ ਹੈ। ਬਠਿੰਡਾ ਡਿਪੂ ਦੀ ਰੋਜਾਨਾ ਔਸਤਨ 22 ਲੱਖ ਦੀ ਬੁਕਿੰਗ ਹੁੰਦੀ ਜਿਸ ਦਾ ਨੁਕਸਾਨ ਹੋਇਆ ਹੈ। ਬਠਿੰਡਾ ਡਿਪੂ ’ਚ ਆਈਆਂ ਨਵੀਆਂ ਗੱਡੀਆਂ ਕਾਰਨ ਸਵਾਰੀ ਪਹਿਲ ਦੇ ਅਧਾਰ ਤੇ ਬਹਿਣ ਲੱਗੀ ਸੀ। ਬਠਿੰਡਾ ਜ਼ਿਲ੍ਹੇ ਵਿੱਚ ਮਾਈਸਰਖਾਨਾ ਮੇਲੇ ਵਾਸਤੇ ਵੀ ਵਿਸ਼ੇਸ਼ ਬੱਸ ਸਰਵਿਸ ਨਹੀਂ ਚਲਾੲਂ ਜਾ ਸਕੀ ਅਤੇ ਵਿਸਾਖੀ ਮੇਲਾ ਵੀ ਸੁੱਕਾ ਹੀ ਲੰਘਿਆ ਹੈ ਜਦੋਂਕਿ ਹਰ ਮੇਲੇ ਇਹੋ ਆਮਦਨ 5 ਲੱਖ ਰੁਪਏ ਪ੍ਰਤੀ ਦਿਨ ਹੁੰਦੀ ਸੀ। ਇੰਸਪੈਕਟਰ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਕਰੋਨਾ ਸੰਕਟ ਦਾ ਬਠਿੰਡਾ ਡਿਪੂ ਨੇ ਵੱਡਾ ਸੇਕ ਝੱਲਿਆ ਹੈ।
ਪ੍ਰਾਈਵੇਟ ਬੱਸਾਂ ਵੱਲ ਵੀ ਖਿਆਲ ਕਰੇ ਸਰਕਾਰ
ਦੀ ਮਾਲਵਾ ਜੋਨ ਪ੍ਰਾਈਵੇਟ ਬੱਸ ਓਪਰੇਟਰ ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਨੂੰ ਪ੍ਰ੍ਰ੍ਰਾਈਵੇਟ ਬੱਸ ਮਾਲਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਲੌਕਡਾਉਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਤਾਂ ਬੱਸਾਂ ਦੇ ਖਰਚੇ ਹੀ ਸਿਰ ਪਏ ਹਨ ਕਿਉਂਕਿ ਕਰਫਿਊ ਕਾਰਨ ਰੂਟ ਬੰਦ ਹੀ ਕਰਨ ਕਰਕੇ ਆਮਦਨੀ ਨਹੀਂ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਵੱਡੀ ਬੱਸਾਂ ਅਤੇ ਮਿੰਨੀ ਬੱਸਾਂ ਦਾ ਇੱਕ ਸਾਲ ਲਈ ਮੋਟਰ ਵਹੀਕਲ ਟੈਕਸ,ਟੋਲ ਟੈਕਸ ਤੇ ਅੱਡਾ ਫੀਸ ਮੁਆਫ ਕੀਤੀ ਜਾਏ , ਬੱਸ ਚਲਾਉਣ ਲਈ ਡੀਜ਼ਲ ਤੇ ਸਬਸਿਡੀ ਅਤੇ ਕਿਰਾਏ ਘਟਾਏ ਜਾਣ। ਉਨ੍ਹ ਆਖਿਆ ਕਿ ਪ੍ਰਾਈਵੇਟ ਟਰਾਂਸਪੋਰਟ ਨੂੰ ਵੀ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ।