ਹਰਿੰਦਰ ਨਿੱਕਾ , ਪਟਿਆਲਾ 28 ਜਨਵਰੀ 2023
ਵਿਆਹੇ-ਵਰੇ ਫੌਤ ਹੋਏ ਲੜਕੇ ਨੂੰ ਕੁਆਰਾ ਦੱਸ ਕੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਹੇਰਾਫੇਰੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਲੜਕੇ ਦੀ ਵਿਧਵਾ ਦੇ ਬਿਆਨਾਂ ਤੇ ਉਸ ਦੇ ਸੌਹਰੇ ਅਤੇ ਪਿੰਡ ਲੰਗ ਦੇ ਨੰਬਰਦਾਰ ਸਣੇ , ਪਰਿਵਾਰ ਦੇ ਹੋਰਨਾਂ ਮੈਂਬਰਾਂ ਖਿਲਾਫ ਜਾਲ੍ਹੀ ਫਰਜੀ ਦਸਤਾਵੇਜ ਤਿਆਰ ਕਰਕੇ, ਠੱਗੀ ਕਰਨ ਦਾ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਹਰਜਿੰਦਰ ਕੌਰ ਪਤਨੀ ਲੇਟ ਹਰਵਿੰਦਰ ਸਿੰਘ ਵਾਸੀ ਪਿੰਡ ਲੰਗ ਥਾਣਾ ਤ੍ਰਿਪੜੀ ਨੇ ਦੱਸਿਆ ਕਿ ਉਸ ਦੇ ਪਤੀ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਮੁਦਈ ਨੇ ਆਪਣੇ ਸਹੁਰੇ ਪਰਿਵਾਰ ਤੋਂ ਆਪਣੇ ਪਤੀ ਦੇ ਹਿੱਸੇ ਦੀ ਜਮੀਨ ਦਾ ਹੱਕ ਲੈਣ ਲਈ, ਅਦਾਲਤ ਵਿੱਚ ਸਿਵਲ ਸੂਟ ਕੇਸ ਦਾਇਰ ਕਰ ਦਿੱਤਾ। ਹਰਜਿੰਦਰ ਕੌਰ ਨੇ ਦੋਸ਼ ਲਾਇਆ ਕਿ ਸਾਰੇ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਉਸਦੇ ਸਹੁਰੇ ਜੀਤ ਸਿੰਘ ਨੇ ਆਪਣੇ ਲੜਕੇ ਹਰਵਿੰਦਰ ਸਿੰਘ ਨੂੰ ਕੁਆਰਾ ਦੱਸ ਕੇ 22 ਕਨਾਲ 11 ਮਰਲੇ ਜਮੀਨ ਆਪਣੀ ਲੜਕੀ ਬਲਵਿੰਦਰ ਕੌਰ ਦੇ ਨਾਮ ਪਰ ਕਰਵਾ ਕੇ ਸ਼ਕਾਇਤ ਕਰਤਾ ਨਾਲ ਧੋਖਾਧੜੀ ਕੀਤੀ ਹੈ। ਸ਼ਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਥਾਣਾ ਤ੍ਰਿਪੜੀ ਵਿਖੇ ਨਾਮਜ਼ਦ ਦੋਸ਼ੀ ਬਲਵਿੰਦਰ ਕੌਰ ਪਤਨੀ ਬਹਾਦਰ ਸਿੰਘ, ਬਹਾਦਰ ਸਿੰਘ ਪੁੱਤਰ ਹਰੀ ਸਿੰਘ ਵਾਸੀਆਨ ਪਿੰਡ ਮੁਖਮੈਲਪੁਰ ਪਟਿਆਲਾ ਹਾਲ ਵਾਸੀ ਪਿੰਡ ਲੰਗ, ਜੀਤ ਸਿੰਘ ਪੁੱਤਰ ਮੱਲ ਸਿੰਘ , ਦਲਬਾਰਾ ਸਿੰਘ ਨੰਬਰਦਾਰ ਪੁੱਤਰ ਤੇਜਾ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਲੰਗ, ਗੁਰਦੀਪ ਸਿੰਘ ਹਰਭਜਨ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਗੁਲਬੀਰ ਸਿੰਘ ਵਾਸੀਆਨ ਪਿੰਡ ਭਾਂਖਰ ਜਿਲ੍ਹਾ ਪਟਿਆਲਾ ਦੇ ਵਿਰੁੱਧ ਅਧੀਨ ਜੁਰਮ 418,420, 465,468,471,120-B IPC ਤਹਿਤ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।