ਪੀਟੀ ਨਿਊਜ਼/ ਫ਼ਤਹਿਗੜ੍ਹ ਸਾਹਿਬ, 03 ਨਵੰਬਰ 2022
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਵੀ ਬਹੁਤ ਜਰੂਰੀ ਹੈ, ਇਸ ਲਈ ਸਮੂਹ ਅਧਿਆਪਕ ਬੱਚਿਆਂ ਦੇ ਬੌਧਿਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੱਗੇ ਚੱਲ ਕੇ ਉਚ ਆਹੁਦੇ ਹਾਸਲ ਕਰ ਸਕਣ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੋਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਿਪੁੰਨ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਮ ਤੌਰ ਤੇ ਗਰੀਬ ਤੇ ਮੱਧਿਅਮ ਵਰਗ ਦੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਇਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਭਵਿੱਖ ਦੀਆਂ ਲੋੜਾਂ ਲਈ ਤਿਆਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਲਈ ਅਧਿਆਪਕ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਦੇ ਚੋਹ ਤਰਫਾ ਵਿਕਾਸ ਲਈ ਅੱਗੇ ਆਉਣ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਪੁੰਨ ਭਾਰਤ ਮਿਸ਼ਨ ਤਹਿਤ ਬਲਾਕ ਪੱਧਰ ਤੇ ਗੁਣਾਤਮਿਕ ਸਿੱਖਿਆ ਦੀ ਪ੍ਰਗਤੀ ਨੂੰ ਉਚਾ ਚੁੱਕਣ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਬੱਚਿਆਂ ਦੀਆਂ ਰੋਜ਼ਾਨਾਂ ਗਤੀਵਿਧੀਆਂ ਤੇ ਨਜ਼ਰ ਰੱਖਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਦੀਆਂ ਗਤੀਵਿਧੀਆਂ ਅਨੁਸਾਰ ਤਿਆਰ ਕਰਨ ਦੀ ਵੀ ਨਿਗਰਾਨੀ ਕੀਤੀ ਜਾਂਦੀ ਹੈ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜੀ ਦੇ ਸਹੀ ਉਚਾਰਨ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਤਾਂ ਜੋ ਸਾਡੇ ਬੱਚੇ ਅੱਜ ਦੇ ਦੌਰ ਅਨੁਸਾਰ ਸਮੇਂ ਦੇ ਹਾਣ ਦੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਆਪੋ ਆਪਣੀਆਂ ਸਬ ਡਵੀਜ਼ਨਾਂ ਵਿੱਚ ਪੈਂਦੇ ਸਰਕਾਰੀ ਸਕੂਲਾਂ ਦੀ ਸਮੇਂ–ਸਮੇਂ ਤੇ ਚੈਕਿੰਗ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਦੇ ਚੋਹ ਤਰਫਾ ਵਿਕਾਸ ਵਿੱਚ ਖੜੋਤ ਨਾ ਆਵੇ।
ਮੈਡਮ ਅਨੁਪ੍ਰਿਤਾ ਜੋਹਲ ਨੇ ਹੋਰ ਦੱਸਿਆ ਕਿ ਸਿੱਖਿਆ ਵਿਭਾਗ ਵੋਂ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਕੂਲਾਂ ਵਿੱਚ ਬੁਲਾ ਕੇ ਮਦਰ ਵਰਕਸ਼ਾਪ ਕਰਵਾਈ ਜਾ ਰਹੀ ਹੈ ਤਾਂ ਜੋ ਮਾਵਾਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਵੀ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਤਹਿਤ ਛੁੱਟੀਆਂ ਜਾਂ ਹੋਰ ਕਾਰਨਾਂ ਕਰਕੇ ਸਕੂਲ ਬੰਦ ਰਹਿਣ ਦੀ ਸੂਰਤ ਵਿੱਚ ਬੱਚਿਆਂ ਦੇ ਵਿਕਾਸ ਵਿੱਚ ਵੀ ਖੜੋਤ ਨਹੀਂ ਆਉਦੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਬੱਚਿਆਂ ਨਾਲ ਸਲਾਈਡ ਸ਼ੇਅਰ ਕੀਤੀ ਜਾਂਦੀ ਹੈ ਜੋ ਕਿ ਰਾਜ ਪੱਧਰ ਤੇ ਤਿਆਰ ਕੀਤੀ ਜਾਂਦੀ ਹੈ ਇਸ ਪ੍ਰੋਗਰਾਮ ਨਾਲ ਬੱਚਿਆਂ ਦੇ ਆਮ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ।
ਏ.ਡੀ.ਸੀ. ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਰਾਂ ਨੁੰ ਕਿੱਤਾ ਮੁਖੀ ਸਿਖਲਾਈ ਵੀ ਦੇਣੀ ਚਾਹੀਦੀ ਹੈ ਤਾਂ ਜੋ ਬੱਚੇ ਭਵਿੱਖ ਵਿੱਚ ਆਪਣੇ ਪੈਰ੍ਹਾਂ ਤੇ ਖੜੇ ਹੋਣ ਲਈ ਤਿਆਰ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਵਾਈਜ਼ ਉਨ੍ਹਾਂ ਹੁਸ਼ਿਆਰ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ ਜੋ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਪੁਜੀਸ਼ਨਾਂ ਹਾਸਲ ਕਰਦੇ ਹਨ ਤਾਂ ਜੋ ਇਹ ਬੱਚੇ ਹੋਰਨਾ ਬੱਚਿਆਂ ਲਈ ਰੋਲ ਮਾਡਲ ਬਣ ਸਕਣ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਿਨੇਸ਼ ਵਸ਼ਿਸ਼ਟ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ. ਖਮਾਣੋਂ ਪਰਨੀਨ ਕਾਲੇਕਾ, ਐਸ.ਡੀ.ਐਮ. ਬਸੀ ਪਠਾਣਾ ਅਸ਼ੋਕ ਕੁਮਾਰ, ਜ਼ਿਲ੍ਹਾ ਸਕੂਲ ਸਿਹਤ ਅਫਸਰ ਡਾ: ਨਵਨੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਬਲਜਿੰਦਰ ਸਿੰਘ, ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ, ਉਪ ਜ਼ਿਲ੍ਰਾ ਸਿੱਖਿਆ ਅਫਸਰ ਸਮਸ਼ੇਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।