ਰਾਜੇਸ਼ ਗੌਤਮ/ ਨਾਭਾ, 2 ਨਵੰਬਰ 2022
57ਵੀਂ ਆਲ ਇੰਡੀਆ ਆਈ.ਪੀ.ਐੱਸ.ਸੀ. ਅਥਲੈਟਿਕ ਚੈਂਪੀਅਨਸ਼ਿਪ ਅੱਜ ਪੀਪੀਐਸ ਨਾਭਾ ਵਿਖੇ ਸਮਾਪਤ ਹੋ ਗਈ। ਜਿਸ ਵਿਚ ਪੰਜ ਸੌ ਤੋਂ ਵੱਧ ਅਥਲੀਟਾਂ ਨੇ ਭਾਗ ਲਿਆ। ਭਾਰਤ ਦੇ ਕੋਨੇ ਕੋਨੇ ਤੋਂ 25 ਨਾਮਵਰ ਪਬਲਿਕ ਸਕੂਲਾਂ ਦੇ ਐਥਲੀਟ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਪਹੁੰਚੇ ਸਨ। ਤਿੰਨ ਦਿਨਾਂ ਅਥਲੈਟਿਕ ਮੀਟ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਡਾ ਇੰਦਰਬੀਰ ਸਿੰਘ ਨਿੱਝਰ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਨਿਭਾਈ । ਡਾ ਨਿੱਝਰ ਪੰਜਾਬ ਪਬਲਿਕ ਸਕੂਲ ਨਾਭਾ ਦੇ ਪੁਰਾਣੇ ਵਿਦਿਆਰਥੀ ਵੀ ਹਨ।
ਲੜਕਿਆਂ ਦੇ ਵਰਗ ਵਿੱਚ ਓਵਰਆਲ ਟਰਾਫੀ ਪੰਜਾਬ ਪਬਲਿਕ ਸਕੂਲ ਨੇ ਜਿੱਤੀ ਅਤੇ ਦੂਨ ਸਕੂਲ ਦੇਹਰਾਦੂਨ ਉਪ ਜੇਤੂ ਰਿਹਾ। ਲੜਕੀਆਂ ਦੇ ਵਰਗ ਵਿੱਚ ਓਵਰਆਲ ਟਰਾਫੀ ਐਮ.ਐਨ.ਐਸ.ਐਸ. ਰਾਏ ਨੇ ਜਿੱਤੀ ਅਤੇ ਲਾਰੈਂਸ ਸਕੂਲ ਊਟੀ ਉਪ ਜੇਤੂ ਰਿਹਾ । ਲੜਕਿਆਂ ਦੇ ਵਰਗ ਵਿਚ ਮਿਓ ਕਾਲਜ ਅਜਮੇਰ ਦੇ ਅਭੀਜੇ ਸਿੰਘ ਅਤੇ ਐਮ.ਐਨ.ਐਸ.ਐਸ. ਰਾਏ ਦੇ ਦਿਨੇਸ਼ ਨੂੰ ਸਾਂਝੇ ਤੌਰ ਤੇ ਸਰਬੋਤਮ ਐਥਲੀਟ ਐਲਾਨਿਆ ਗਿਆ। ਲੜਕੀਆਂ ਦੇ ਵਰਗ ਵਿੱਚ ਆਰ ਕੇ ਕੀ ਜੀ ਐਸ ਜੋਧਪੁਰ ਦੀ ਪੂਜਾ ਬਿਸ਼ਨੋਈ ਅਤੇ ਲਾਰੈਂਸ ਸਕੂਲ ਊਟੀ ਤੋਂ ਅਦਵੈਤਾ ਨੂੰ ਸਾਂਝੇ ਤੌਰ ਤੇ ਸਰਵੋਤਮ ਐਥਲੀਟ ਚੁਣਿਆ ਗਿਆ। ਮਾਰਚ ਪਾਸਟ ਟਰਾਫੀ ਵੀ ਵੈਲਮ ਬੁਆਇਜ ਸਕੂਲ ਅਤੇ ਕਿੱਤੂਰ ਰਾਣੀ ਚਨੰਮਾ ਸਕੂਲ ਵਿਚਕਾਰ ਸਾਂਝੀ ਰਹੀ । ਮੁੱਖ ਮਹਿਮਾਨ ਨੇ ਵੱਖ ਵੱਖ ਖੇਤਰਾਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲਾਂ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਾ ਨਿੱਝਰ ਨੇ ਹੈਡਮਾਸਟਰ, ਸਟਾਫ ਅਤੇ ਪੀਪੀਐਸ ਨਾਭਾ ਦੇ ਵਿਦਿਆਰਥੀਆਂ ਦੀ ਇਸ ਅਥਲੈਟਿਕ ਮੀਟ ਦੇ ਸਫ਼ਲ ਆਯੋਜਨ ਲਈ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਅਥਲੀਟਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਉਹ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਅਤੇ ਬੁਲੰਦੀਆਂ ਨੂੰ ਛੂਹਣ । ਇਹ ਅਥਲੈਟਿਕ ਮੀਟ ਐਨ.ਐਸ. ਐਨ. ਆਈ. ਐਸ. ਪਟਿਆਲਾ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ। ਸਮਾਗਮ ਦੇ ਅੰਤ ਵਿੱਚ ਹੈਡਮਾਸਟਰ ਡਾ ਡੀ ਸੀ ਸ਼ਰਮਾ ਨੇ ਡਾ ਨਿੱਝਰ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।