ਦੋਸ਼ੀਆਂ ਨੂੰ ਬਚਾਉਣ ਲਈ 62 ਹਜ਼ਾਰ ਚ, ਹੋਇਆ ਸੌਦਾ ! ਕਿੱਥੇ ਗਏ 42 ਹਜ਼ਾਰ ਰੁਪੱਈਏ ?
ਸੋਨੀ ਪਨੇਸਰ ਬਰਨਾਲਾ 13 ਮਈ 2020
ਧੀ ਗਰੀਬ ਦੀ ਹੋਵੇ ਜਾਂ ਫਿਰ ਅਮੀਰ ਦੀ, ਸਿਆਣਿਆਂ ਦਾ ਕਹਿਣਾ ਹੈ , ਬਈ ਸਭ ਦੀ ਇੱਜਤ ਬਰਾਬਰ ਹੁੰਦੀ ਹੈ ਤੇ ਧੀ ਦੀ ਇੱਜਤ ਦਾ ਕੋਈ ਮੁੱਲ ਨਹੀਂ ਹੁੰਦਾ ,ਯਾਨੀ ਇੱਜਤ ਅਣਮੁੱਲੀ ਹੁੰਦੀ ਹੈ। ਪਰ ਮੰਗਲਵਾਰ ਨੂੰ ਪੁਲਿਸ ਚੌਂਕੀ ਹੰਡਿਆਇਆ ਚ, ਸ਼ਾਮ ਕਰੀਬ 6 ਵਜੇ ਤੱਕ ਕੁਝ ਪੰਚਾਇਤੀ ਸੱਜਣ ਤੇ ਪੁਲਿਸ ਕਰਮਚਾਰੀ ਇੱਕ ਪ੍ਰਵਾਸੀ ਮਜਦੂਰ ਦੀ ਧੀ ਦੀ 2 ਲੜਕਿਆਂ ਦੁਆਰਾ ਲੁੱਟੀ ਇੱਜਤ ਦਾ ਮੁੱਲ ਤੈਅ ਕਰ ਕੇ ਦੋਸ਼ੀਆਂ ਨੂੰ ਬਚਾਉਣ ਲਈ ਪੱਬਾਂ ਭਾਰ ਹੋਏ ਰਹੇ। ਦੋਸ਼ੀਆਂ ਨੂੰ ਬਚਾਉਣ ਤੇ ਕੁੜੀ ਦੇ ਘਰਦਿਆਂ ਨੂੰ ਸਮਝੌਤੇ ਲਈ ਮਨਾਉਣ ਦੀ ਨਿਲਾਮੀ ਯਾਨੀ ਸੌਦਾ ਸ਼ੁਰੂ ਹੋ ਗਿਆ । ਸੌਦਾ ਲੱਖਾਂ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਚ,ਟੁੱਟ ਗਿਆ । ਦੋਵਾਂ ਧਿਰਾਂ ਦਰਮਿਆਨ ਕਰੀਬ 12 ਘੰਟਿਆਂ ਤੱਕ ਚਲੀ ਘੈਂਸ-ਘੈਂਸ ਤੋਂ ਬਾਅਦ ਆਖਿਰ ਪੀੜਤ ਕੁੜੀ ਦੇ ਪਰਿਵਾਰ ਨੂੰ 20 ਹਜ਼ਾਰ ਰੁਪੱਈਏ ਦਾ ਲਾਲਚ ਦੇ ਕੇ ਅਤੇ ਜੁਆਨ ਧੀ ਦੀ ਇੱਜਤ ਦੇ ਕਚਿਹਰੀਆਂ ਚ, ਰੁਲਣ ਦਾ ਭੈਅ ਦਿਖਾ ਕੇ ਉਹਨਾਂ ਦਾ ਮੂੰਹ ਬੰਦ ਕਰਵਾ ਦਿੱਤਾ ਗਿਆ । ਉੱਧਰ ਦੋਸ਼ੀ ਧਿਰ ਨੂੰ ਬਚਾਉਣ ਲਈ ਕੁੱਲ 62 ਹਜ਼ਾਰ ਰੁਪਏ ਦਾ ਦੰਡ ਵੀ ਲਾ ਦਿੱਤਾ ਗਿਆ । ਲੜਕੀ ਦੇ ਪਰਿਵਾਰ ਨੇ ਤਾਂ 20 ਹਜ਼ਾਰ ਰੁਪਏ ਮਿਲ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਜਿਸ ਦੀ ਬਕਾਇਦਾ ਰਿਕਾਰਡਿੰਗ ਬਰਨਾਲਾ ਟੂਡੇ ਕੋਲ ਮੌਜੂਦ ਹੈ। ਰਿਕਾਰਡਿੰਗ ਚ, ਤਿੰਨ ਜਣਿਆਂ ਚ, ਹੋ ਰਹੀ ਗੱਲਬਾਤ ਚ, ਸਮਝੌਤੇ ਦਾ ਸੌਦਾ 62 ਹਜ਼ਾਰ ਰੁਪਏ ਵਿੱਚ ਹੋਣ ਦੀ ਗੱਲ ਵੀ ਚੱਲ ਰਹੀ ਹੈ। ਪਰ ਸੌਦੇ ਦੇ 42 ਹਜ਼ਾਰ ਰੁਪਏ ਕਿਸ ਕੋਲ ਚਲੇ ਗਏ, ਇਹ ਦੀ ਪੁਸ਼ਟੀ ਨਹੀਂ ਹੋ ਰਹੀ।
-ਕਦੋਂ ਅਤੇ ਕੀ ਹੋਇਆ,
ਮੰਗਲਵਾਰ ਦੀ ਸੁਭਾ ਕਰੀਬ 4 ਕੁ ਵਜੇ ਦਾਣਾ ਮੰਡੀ ਹੰਡਿਆਇਆ ਚ, ਸੈਰ ਕਰਦੇ 2 ਜਣਿਆਂ ਨੇ ਮੰਡੀ ਚ, ਹੀ ਬਣੇ ਪਖਾਨਿਆਂ ਦੇ ਪਿਛਲੇ ਪਾਸੇ 2 ਮੁੰਡਿਆਂ ਤੇ 1 ਕੁੜੀ ਨੂੰ ਇਤਰਾਜ਼ਯੋਗ ਹਾਲਤ ਚ, ਫੜ੍ਹ ਕੇ ਪੁਲਿਸ ਚੌਂਕੀ ਦੇ ਮੁਲਾਜਮਾਂ ਹਵਾਲੇ ਕਰ ਦਿੱਤਾ ਸੀ। ਪਹਿਲੀ ਨਜ਼ਰ ਚ, ਇਹ ਘਟਨਾ ਆਸ਼ਿਕ ਮਿਜਾਜੀ ਦੀ ਪ੍ਰਤੀਤ ਹੋਈ । ਜਦੋਂ ਕਿ ਪੁਲਿਸ ਚੌਂਕੀ ਚ, ਕੁਝ ਮੀਡੀਆ ਕਰਮਚਾਰੀਆਂ ਦੀ ਹਾਜਿਰੀ ਵਿੱਚ ਕੁੜੀ ਨੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ 2 ਮੁੰਡੇ ਉਸ ਨੂੰ ਜਬਰਦਸਤੀ ਘਰ ਦੇ ਬਾਹਰੋਂ ਚੁੱਕ ਕੇ ਲਿਆਏ ਸਨ । ਕੁੜੀ ਦੇ ਇਹ ਬਿਆਨ ਪੁਲਿਸ ਨੇ ਸਫੈਦ ਕਾਗਜ਼ ਤੇ ਲਿਖ ਵੀ ਲਏ । ਕਥਿਤ ਦੋਸ਼ੀਆਂ ਦੀ ਪਹਿਚਾਣ ਪਿੰਡ ਹੰਡਿਆਇਆ ਅਤੇ ਫਤਿਹਗੜ ਛੰਨਾ ਦੇ ਮੁੰਡਿਆਂ ਦੇ ਤੌਰ ਤੇ ਹੋਈ। ਜਦੋਂ ਕੇਸ ਦਰਜ਼ ਕਰਨ ਦੀ ਗੱਲ ਚੱਲੀ ਤਾਂ ਮੁੰਡਿਆਂ ਦੇ ਪੱਖ ਚ, ਆਏ ਪੰਚਾਇਤੀ ਵਿਅਕਤੀਆਂ ਨੇ ਦੋਵਾਂ ਧਿਰਾਂ ਚ, ਸਮਝੌਤਾ ਕਰਵਾਉਣ ਦੀ ਗੱਲ ਸ਼ੁਰੂ ਕਰ ਦਿੱਤੀ, ਪੁਲਿਸ ਵਾਲਿਆਂ ਨੇ ਵੀ ਪੀੜਤ ਕੁੜੀ ਦੇ ਬਿਆਨ ਦੇ ਅਧਾਰ ਤੇ ਕੇਸ ਦਰਜ਼ ਕਰਕੇ ਮੈਡੀਕਲ ਕਰਵਾਉਣ ਦੀ ਬਜਾਏ, ਸਮਝੌਤਾ ਕਰਵਾਉਣ ਨੂੰ ਹੀ ਤਰਜੀਹ ਦਿੱਤੀ। ਪੰਚਾਇਤ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਰੰਗ ਲੈ ਆਈਆਂ ਤੇ ਕੇਸ ਰਫਾ ਦਫਾ ਕਰ ਦਿੱਤਾ ਗਿਆ।
-ਪੀੜਤ ਪਰਿਵਾਰ ਨੇ ਕਿਹਾ, ਪੁਲਿਸ ਕਹਿੰਦੀ ਠੋਸ ਸਬੂਤ ਹੀ ਨਹੀਂ
ਰਿਕਾਰਡਿੰਗ ਵਿੱਚ ਹੋ ਰਹੀ ਗੱਲਬਾਤ ਚ, ਪੀੜਤ ਕੁੜੀ ਦਾ ਭਰਾ ਅਤੇ ਪਿਤਾ ਸਮਝੌਤੇ ਦੀ ਵਜ਼੍ਹਾ ਇਹ ਦੱਸ ਰਹੇ ਹਨ ਕਿ ਪੁਲਿਸ ਤੇ ਪੰਚਾਇਤ ਵਾਲਿਆਂ ਨੇ ਕਿਹਾ ਕਿ ਦੇਖੋ ਕੁੜੀ ਦਾ ਕੰਮ ਹੈ, ਐਂਵੇ ਕੰਮ ਛੱਡ ਕੇ ਤੁਰੇ ਫਿਰੋਂਗੇ। ਫਿਰ ਕੋਈ ਠੋਸ ਸਬੂਤ ਵੀ ਤੁਹਾਡੇ ਕੋਲ ਨਹੀਂ ਹੈ। ਤੁਸੀਂ ਪ੍ਰਵਾਸੀ ਬੰਦੇ ਹੋ, ਸਮਝੌਤਾ ਕਰ ਲਉ। ਪੀੜਤਾ ਦੇ ਪਿਤਾ ਤੇ ਭਰਾ ਨੇ ਮੰਨਿਆ ਕਿ ਉਨ੍ਹਾਂ ਨੂੰ ਬਿਨਾਂ ਮੰਗੇ ਹੀ ਸਮਝੌਤਾ ਕਰਨ ਬਦਲੇ 20 ਹਜ਼ਾਰ ਰੁਪਏ ਦੇ ਦਿੱਤੇ ਹਨ, ਕਿ ਆਹ ਲਉ 20 ਹਜ਼ਾਰ, ਤੇ ਤੁਸੀ ਚੁੱਪ ਹੋ ਜਾਉ, ਮੁੰਡਿਆਂ ਤੋਂ ਜੋ ਗਲਤੀ ਹੋ ਗਈ, ਉਹ ਹੋ ਗਈ। ਦੋਵਾਂ ਨੇ ਕਿਹਾ ਕਿ ਉਨਾਂ ਪੰਚਾਇਤ ਤੇ ਪੁਲਿਸ ਵਾਲਿਆਂ ਨੂੰ ਇਹ ਜਰੂਰ ਕਹਿ ਦਿੱਤਾ ਕਿ ਆਇੰਦਾ ਇਹ ਮੁੰਡੇ ਉਨਾਂ ਦੀ ਗਲੀ ਵਿੱਚ ਵੀ ਨਾ ਆਉਣ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਕਾਰਵਾਈ ਹੀ ਕਰਨ ਨੂੰ ਤਿਆਰ ਨਹੀਂ ਹੋਈ ,ਫਿਰ ਉਨ੍ਹਾਂ ਕੋਲ ਸਮਝੌਤਾ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਰਿਹਾ। ਉੱਧਰ ਰਿਕਾਰਡਿੰਗ ਚ, ਪੀੜਤ ਪਰਿਵਾਰ ਨਾਲ ਗੱਲਬਾਤ ਕਰ ਰਹੇ ਤਜਿੰਦਰ ਸਿੰਘ ਨੇ ਪੁੱਛਣ ਤੇ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ।
-ਇਹ ਸਮਝੌਤੇ ਯੋਗ ਅਪਰਾਧ ਨਹੀਂ-ਐਡਵੋਕੇਟ ਗੋਇਲ
ਪ੍ਰਸਿੱਧ ਫੌਜਦਾਰੀ ਵਕੀਲ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਕਾਨੂੰਨੀ ਤੌਰ ਤੇ ਕੁੜੀ ਦੀ ਆਬਰੂ ਤਾਰ ਤਾਰ ਕਰਨ ਦਾ ਕੇਸ ਸਮਝੌਤੇ ਯੋਗ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਹ ਕੇਸ ਦੀ ਸੁਣਵਾਈ ਦਾ ਅਧਿਕਾਰ ਸੈਸ਼ਨ ਕੋਰਟ ਨੂੰ ਹੀ ਹੈ। ਇਸ ਤੋਂ ਇਲਾਵਾ ਅਜਿਹੇ ਘਿਨਾਉਣੇ ਅਪਰਾਧ ਚ, ਦਬਾਅ ਜਾਂ ਲਾਲਚ ਦੇ ਕੇ ਸਮਝੌਤਾ ਕਰਨਾ ਜਾਂ ਕਰਵਾਉਣਾ ਵੀ ਅਪਰਾਧ ਦੀ ਸ਼੍ਰੇਣੀ ਚ, ਹੀ ਆਉਂਦਾ ਹੈ।