ਕਿਸਾਨਾਂ ਨੇ ਕਿਹਾ, ਸਾਡਾ ਜੀ ਨਹੀਂ ਕਰਦਾ ਪਰਾਲੀ ਨੂੰ ਅੱਗ ਲਾਈਏ
ਰਘਵੀਰ ਹੈਪੀ , ਬਰਨਾਲਾ 2 ਨਵੰਬਰ 2022
ਜਿਲ੍ਹੇ ਦੇ ਪਿੰਡ ਜਗਜੀਤਪੁਰਾ ਦੇ 2 ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਲੈ ਕੇ ਪਹੁੰਚੇ ਬਰਨਾਲਾ ਦੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਘੇਰਾ ਪਾ ਲਿਆ। ਨਾਇਬ ਤਹਿਸੀਲਦਾਰ ਨੂੰ ਘੇਰਾ ਪਾਏ ਨੂੰ ਕਰੀਬ ਡੇਢ ਘੰਟਾ ਹੋ ਚੁੱਕਾ ਹੈ। ਪਰੰਤੂ ਫਿਲਹਾਲ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ, ਤਹਿਸੀਲਦਾਰ ਨੂੰ ਛੁਡਾਉਣ ਲਈ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਪਾਲ ਸਿੰਘ ਤੇ ਗੁਰਚਰਨ ਸਿੰਘ ਪੁੱਤਰ ਬਲਦੇਵ ਸਿੰਘ ਦੇ ਖੇਤ ਪਿੰਡ ਜਗਜੀਤਪੁਰਾ ਥਾਣਾ ਸ਼ਹਿਣਾ, ਵਿਖੇ ਪਰਾਲੀ ਨੂੰ ਅੱਗ ਲਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ, ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ, ਫਾਇਰ ਬ੍ਰਿਗੇਡ ਦੀ ਟੀਮ ਨੂੰ ਲੈ ਕੇ ਪਹੁੰਚਿਆ। ਪਰੰਤੂ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦੀ ਭਿਣਕ ਪੈਂਦਿਆਂ ਹੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਜਗਜੀਤਪੁਰਾ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਕਿਸਾਨਾਂ ਨੇ ਤਹਿਸੀਲਦਾਰ ਨੂੰ ਹੀ ਘੇਰ ਲਿਆ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਬੁਝਾਉਣ ਤੋਂ ਰੋਕ ਦਿੱਤਾ। ਜਦੋਂ ਇਸ ਘਟਨਾ ਦੀ ਜਾਣਕਾਰੀ ਟੋਲ ਪਲਾਜ਼ਾ ਤੇ ਪੱਕਾ ਮੋਰਚਾ ਲਾਈ ਬੈਠੀ ਕਿਸਾਨ ਯੂਨੀਅਨ ਦੇ ਆਗੂ ਵੀ, ਆਪਣੀ ਜਥੇਬੰਦੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਏ। ਅੱਗ ਬੁਝਾਉਣ ਪਹੁੰਚੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਖਿਲਾਫ ਕਿਸਾਨਾਂ ਨੇ ਪ੍ਰਸ਼ਾਸ਼ਨ , ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਨਾਰੇਬਾਜੀ ਕੀਤੀ। ਇਸ ਮੌਕੇ ਕਿਸਾਨ ਦਰਸ਼ਨ ਸਿੰਘ, ਜਗਪਾਲ ਸਿੰਘ ਤੇ ਗੁਰਚਰਨ ਸਿੰਘ ਆਦਿ ਨੇ ਨੇ ਕਿਹਾ ਕਿ ਪਰਾਲੀ ਨੂੰ ਜਲਾਉਣਾ, ਕਿਸਾਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ। ਉਨਾਂ ਕਿਹਾ ਕਿ ਕਿਸਾਨ ਲੰਬੇ ਅਰਸੇ ਤੋਂ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਪਰਾਲੀ ਨੂੰ ਸਾੜਨ ਤੋਂ ਬਿਨਾਂ ਕੋਈ ਹੱਲ ਕਰਨ ਲਈ, ਕਿਸਾਨਾਂ ਨੂੰ ਸਰਕਾਰ ਆਰਥਿਕ ਸਹਿਯੋਗ ਦਿਉ, ਪਰੰਤੂ ਸਰਕਾਰ ਤੇ ਪ੍ਰਸ਼ਾਸ਼ਨ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਸਹਿਯੋਗ ਕਰਨ ਦੀ ਬਜਾਏ, ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਜਬਰਦਸਤੀ ਰੋਕਣ ਦੇ ਰਾਹ ਪਏ ਹੋਏ ਹਨ। ਉਨਾਂ ਕਿਹਾ ਕਿ ਕਿਸਾਨ , ਸਰਕਾਰ ਅਤੇ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਨੂੰ ਲੋਕ ਏਕਤਾ ਦੇ ਬਲਬੂਤੇ ਰੋਕਣ ਲਈ ਹਰ ਸਮੇਂ ਤਿਆਰ ਹਨ। ਕਿਸਾਨ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਕਿਸਾਨ ਦਾ ਪ੍ਰਦੂਸ਼ਣ ਫੈਲਾਉਣ ‘ਚ ਸਿਰਫ 6 ਪ੍ਰਤੀਸ਼ਤ ਹਿੱਸਾ ਹੈ, ਜਦੋਂਕਿ ਉਦਯੋਗਿਕ ਇਕਾਈਆਂ ਤੇ ਹੋਰ ਕੁੱਲ 94 ਪ੍ਰਤੀਸ਼ਤ ਪ੍ਰਦੂਸ਼ਣ ਫੈਲਾਉਂਦੇ ਹਨ, ਪਰੰਤੂ ਹਰ ਕੋਈ ਪ੍ਰਦੂਸ਼ਣ ਫੈਲਾਉਣ ਲਈ, ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾ ਰਿਹਾ ਹੈ। ਅਜਿਹਾ ਕਰਨਾ, ਚੰਗੀ ਗੱਲ ਨਹੀਂ। ਕਿਸਾਨਾਂ ਵਿੱਚ ਘਿਰੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਨੂੰ, ਜਦੋਂ ਉਨਾਂ ਦਾ ਪੱਖ ਪੁੱਛਣਾ ਚਾਹਿਆ ਤਾਂ ਉਨਾਂ ਕੁੱਝ ਵੀ ਕਹਿਣ ਤੋਂ ਕਿਨਾਰਾ ਕਰ ਲਿਆ।