ਪੀਟੀ ਨਿਊਜ਼/ ਫ਼ਾਜ਼ਿਲਕਾ, 30 ਅਕਤੂਬਰ 2022
ਇੱਥੇ ਇੱਕ ਪਾਸੇ ਜਿੱਥੇ ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਅੱਜ ਦਾ ਕਿਸਾਨ ਵੀ ਜਾਗਰੂਕ ਹੁੰਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਸੂਬਾ ਸਰਕਾਰ ਦੀ ਮਨਰੇਗਾ ਸਕੀਮ ਵੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਕੈਟਲ ਪੌਂਡ ਸਲੇਮਸ਼ਾਹ ਇੰਚਾਰਜ (ਕੇਅਰ ਟੇਕਰ) ਸੋਨੂੰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ: ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ: ਸੁਖਪਾਲ ਸਿੰਘ ਦੀ ਅਗਵਾਈ ‘ਚ ਕੈਟਲ ਪਾਊਂਡ ਦੀ ਟੀਮ ਵੱਲੋ ਪਿੰਡਾਂ ‘ਚ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਪਰਾਲੀ ਦੇ ਧੂੰਏ ਕਾਰਨ ਲੋਕ ਬਿਮਾਰ ਹੋ ਰਹੇ ਹਨ। ਵਾਤਾਵਰਨ ਨੂੰ ਬਚਾਉਣ ਲਈ ਫਾਜ਼ਿਲਕਾ ਦੇ ਪਿੰਡ ਗੰਜੂਆਣਾ ਦੇ ਬਲਦੇਵ ਰਾਜ ਨੇ ਪਰਾਲੀ ਨਾ ਸਾੜ ਕੇ ਨਵੀਂ ਪਛਾਣ ਬਣਾਈ ਹੈ। ਬਲਦੇਵ ਰਾਜ ਨੇ ਕੈਟਲ ਪੌਂਡ ਦੇ ਇੰਚਾਰਜ ਸੋਨੂੰ ਕੁਮਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਗਊਆਂ ਦੀ ਖੁਰਾਕ ਲਈ ਪਰਾਲੀ ਚੁੱਕਣ ਦੀ ਅਪੀਲ ਕੀਤੀ। ਜਿਸ ‘ਤੇ ਕੈਟਲ ਪਾਊਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਸੀਨੀਅਰ ਅਧਿਕਾਰੀਆਂ ਦੀ ਮਦਦ ਨਾਲ ਮਨਰੇਗਾ ਸਕੀਮ ਦੇ ਤਹਿਤ ਮਨਰੇਗਾ ਲੇਬਰ ਲੈ ਕੇ ਕੈਟਲ ਪਾਉਂਡ ਲਈ ਬਲਦੇਵ ਰਾਜ ਦੀ ਜ਼ਮੀਨ ‘ਚੋਂ 50 ਕੁਇੰਟਲ ਪਰਾਲੀ ਇਕੱਠੀ ਕੀਤੀ।
ਸੋਨੂੰ ਕੁਮਾਰ ਨੇ ਦੱਸਿਆ ਕਿ ਹਰ ਸਾਲ ਕਿਸਾਨ ਬਲਦੇਵ ਰਾਜ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਗਾਵਾਂ ਲਈ ਦਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਕਿਸਾਨ ਵੀ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਮੱਦਦ ਕਰਦੇ ਨਜ਼ਰ ਆ ਰਹੇ ਹਨ। ਕੈਟਲ ਪੌਂਡ ਇੰਚਾਰਜ ਸੋਨੂੰ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਨੂੰ ਇਕੱਠਾ ਕਰਕੇ ਗਊਆਂ ਨੂੰ ਖਾਣ ਲਈ ਨਵਾਂ ਸਲੇਮਸ਼ਾਹ ਵਿੱਚ ਚੱਲ ਰਹੇ ਕੈਟਲ ਪੌਂਡ (ਗਊਸ਼ਾਲਾ) ਵਿੱਚ ਭੇਜਣ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ। ਇਸ ਮੌਕੇ ਚੰਦਰ ਪ੍ਰਕਾਸ਼, ਮੋਹਨ ਸਿੰਘ, ਮੋਹਨ ਸਿੰਘ, ਮੱਖਣ ਸਿੰਘ, ਅਸਵਨੀ ਕੁਮਾਰ, ਜੰਗੀਰ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।