ਅੱਖਾਂ ’ਚ ਅੱਥਰੂ ਅਤੇ ਫਿਕਰਾਂ ਦੀ ਪੰਡ ਲੈ ਕੇ ਵਿਦਾ ਹੋਏ ਪ੍ਰਵਾਸੀ ਮਜਦੂਰ

Advertisement
Spread information

ਗਮ ’ਚ ਡੁੱਬੇ ਰਾਮ ਨਰੇਸ਼ ਨੇ ਕਿਹਾ ਕਿ ਜੇ ਪਿਤਾ ਜੀ ਜਿਉਂਦੇ ਹੁੰਦੇ ਤਾਂ,,,,,


ਅਸ਼ੋਕ ਵਰਮਾ ਬਠਿੰਡਾ, 10 ਮਈ 2020 

ਬਿਹਾਰ ਤੋਂ 40 ਵਰ੍ਹੇ ਪਹਿਲਾਂ ਭਰ ਜੁਆਨੀ ’ਚ ਮਜਦੂਰੀ ਲਈ ਆਉਣ ਵਾਲੇ ਰਮੇਸ਼ਰ ਯਾਦਵ ਦੀ ਇੱਛਾ ਸੀ ਕਿ ਉਸ ਦਾ ਆਖਰੀ ਸਾਹ ਪੰੰਜਾਬ ਦੀ ਧਰਤੀ ਤੇ ਨਿਕਲੇ। ਹੋਰਨਾਂ ਪਰਵਾਸੀ ਮਜਦੂਰਾਂ ਦੀ ਤਰਾਂ ਰਮੇਸ਼ਰ ਨੇ 15 ਸਾਲ ਦੀ ਉਮਰ ‘ਚ ਮਜਦੂਰੀ ਸ਼ੁਰੂ ਕੀਤੀ। ਇਸ ਵਾਰ ਵੀ ਉਹ ਘਰ ਤੋਂ ਇਸ ਆਸ ਨਾਲ ਆਇਆ ਸੀ ਕਿ ਕਮਾਈ ਕਰਨ ਉਪਰੰਤ ਮਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਏਗਾ। ਚੰਦਰੇ ਕਰੋਨਾ ਵਾਇਰਸ ਨੇ ਉਸ ਦੀ ਜੇਬ ਤਾਂ ਖਾਲੀ ਕੀਤੀ ਬਲਕਿ ਮਾਂ ਦੇ ਇਲਾਜ ਤੇ ਵੀ ਪ੍ਰਸ਼ਨ ਚਿੰਨ ਲਾ ਦਿੱਤਾ ਹੈ। ਰਮੇਸ਼ਰ ਯਾਦਵ ਅੱਜ ਮਾਂ: ਦਿਵਸ ਵਾਲੇ ਦਿਨ ਘਰ ਮੁੜਿਆ ਹੈ। ਉਸ ਨੂੰ ਘਰ ਮੁੜਨ ਦੀ ਖੁਸ਼ੀ ਵੀ ਸੀ ਤੇ ਪ੍ਰੀਵਾਰ ਪਾਲਣ ਦਾ ਝੋਰਾ ਵੀ ਵੱਢ ਵੱਢ ਖਾ ਰਿਹਾ ਸੀ। ਰਮੇਸ਼ਵਰ ਯਾਦਵ ਵਰਗੇ ਦਰਜਨਾਂ ਮਜਦੂਰ ਘਰਾਂ ਨੂੰ ਪਰਤੇ ਹਨ ਜਿੰਨ੍ਹਾਂ ਦੀਆਂ ਜੇਬਾਂ ਖਾਲੀ ਅਤੇ ਸਿਰ ਤੇ ਫਿਕਰਾਂ ਦੀ ਪੰਡ ਟਿਕੀ ਹੋਈ ਸੀ। ਇਹ ਮਜਦੂਰ ਹਰ ਸਾਲ ਝੋਨਾ ਲਾਉਣ ਅਤੇ ਮਜਦੂਰੀ ਦੇ ਹੋਰ ਕੰਮ ਕਰਨ ਲਈ ਆਉਂਦੇ ਸਨ। ਇਸ ਕਮਾਈ ਦੇ ਸਿਰ ਤੋਂ ਉਨ੍ਹਾਂ ਦਾ ਘਰ ਚੱਲਦਾ ਸੀ ਜੋ ਹੁਣ ਸੰਕਟ ’ਚ ਆ ਗਿਆ ਹੈੇ। ਰਮੇਸ਼ਵਰ ਯਾਦਵ ਆਖਦਾ ਹੈ ਕਿ ਪੰਜਾਬ ਨੇ ਉਸ ਨੂੰ ਪੱਕਾ ਘਰ ਦਿੱਤਾ, ਬੱਚੇ ਵਿਆਹੇ ਸਨ ਪਰ ਅੱਜ ਉਸ ਦਾ ਮਨ ਡਾਢਾ ਉਦਾਸ ਹੈ। ਉਸ ਨੇ ਆਖਿਆ ਕਿ ਜਿਨ੍ਹਾਂ ਪਿੰਡਾਂ ’ਚ ਉਹ ਕੰਮ ਕਰਦਾ ਰਿਹਾ ਹੈ ਉਹ ਉਸ ਨੂੰ ਆਪਣੇ ਜਾਪਣ ਲੱਗੇ ਸਨ ਤੇ ਬਿਹਾਰ ਸਿਰਫ ਰੈਣ ਬਸੇਰਾ। ਭਰੇ ਮਨ ਨਾਲ ਉਸ ਨੇ ਕਿਹਾ ਕਿ ਜਿੱਧਰ ਕਿਸਮਤ ਲੈ ਚੱਲੀ ਹੈ, ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਪਤਾ ਨਹੀਂ ਹੁÎ ਜਿਉਂਦੇ ਜੀਅ ਪੰੰਜਾਬ ’ਚ ਪੈਰ ਪਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ।
ਬਿਹਾਰ ਦੇ ਮੁਜੱਫਰਪੁਰ ਜਿਲ੍ਹੇ ਤੋਂ ਪੰਜਾਬ ’ਚ ਮਜਦੂਰੀ ਲਈ ਆਇਆ ਰਾਮ ਨਰੇਸ਼ ਇੱਥੇ ਸਬਜੀ ਵੇਚਦਾ ਸੀ ਅਤੇ ਰਾਤ ਨੂੰ ਚੌਕੀਂਦਾਰ ਵਜੋਂ ਡਿਊਟੀ ਕਰਦਾ । ਝੋਨੇ ਦੀ ਲੁਆਈ ਕਰਨ ਮਗਰੋਂ ਪਿੰਡ ਗੇੜਾ ਮਾਰਨਾ ਸਿਰਫ ਰਸਮ ਜਿਹੀ ਬਣ ਗਿਆ ਸੀ ਪਰ ਉਸ ਦਾ ਘਰ ਦਿਲ ਨਹੀਂ ਲੱਗਦਾ ਸੀ। ਰਾਮ ਨਰੇਸ਼ ਨੇ ਦੱਸਿਆ ਕਿ ਉਸ ਦਾ ਪਿਤਾ ਸਾਲ 1980 ’ਚ ਪਹਿਲੀ ਵਾਰ ਝੋਨਾ ਲਾਉਣ ਲੲਂ ਆਇਆ ਸੀ। ਜਦੋਂ ਪੰਜਾਬ ਵਿੱਚ ਕਾਲੀ ਹਨੇਰੀ ਵਗੀ ਤਾਂ ਉਸ ਦੇ ਸਾਥੀ ਮਜਦੂਰਾਂ ਨੇ ਪੰਜਾਬ ਛੱਡਣ ਦਾ ਫੈਸਲਾ ਕਰ ਲਿਆ ਪਰ ਉਸ ਨੂੰ ਪੰਜਾਬੀਆਂ ਦੇ ਮੋਹ ਨੇ ਪੈਰ ਨਾ ਪੱਟਣ ਦਿੱਤੇ ਸਨ। ਉਸ ਨੇ ਦੱਸਿਆ ਕਿ ਪਿਤਾ ਵੱਲੋਂ ਕੀਤੀ ਸਖਤ ਮਿਹਨਤ ਕਾਰਨ ਦਿਨ ਬਦਲੇ ਅਤੇ ਉਨ੍ਹਾਂ ਦਾ ਪਿੰਡ ਆਪਣਾ ਪੱਕਾ ਮਕਾਨ ਹੈ । ਉਸ ਨੇ ਆਖਿਆ ਕਿ ਪਿਤਾ ਦੇ ਸਦਾ ਲਈ ਚਲੇ ਜਾਣ ਮਗਰੋਂ ਉਸ ਨੇ ਵੀ ਪੰਜਾਬ ਨੂੰ ਕਰਮ ਭੂਮੀ ਬਣਾਇਆ ਅਤੇ ਪ੍ਰੀਵਾਰ ਨੂੰ ਚੰਗੀ ਜਿੰਦਗੀ ਦਿੱਤੀ।
ਗਮ ’ਚ ਡੁੱਬੇ ਰਾਮ ਨਰੇਸ਼ ਨੇ ਕਿਹਾ ਕਿ ਜੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਅੱਜ ਉਨ੍ਹਾਂ ਨੇ ਦੁਖੀ ਹੋਣਾ ਸੀ। ਉਸ ਨੇ ਕਿਹਾ ਕਿ ਪੰੰਜਾਬ ਚੋਂ ਏਦਾਂ ਰੁਖਸਤ ਹੋਣਾ ਪਵੇਗਾ ਕਦੇ ਸੋਚਿਆ ਵੀ ਨਹੀਂ ਸੀ। ਰਾਮ ਨੇਰਸ਼ ਆਖਦਾ ਹੈ ਕਿ ਇੱਥੋਂ ਦੀ ਮਿੱਟੀ ਚੋਂ ਤਕਦੀਰ ਤਲਾਸ਼ਣ ਆਏ ਬਿਹਾਰੀ ਦੇ ਘਰ ਰੰਗ ਭਾਗ ਲੱਗਿਆ ਸ਼ਾਇਦ ਕੁਦਰਤ ਨੂੰ ਚੰਗਾ ਨਹੀਂ ਲੱਗਿਆ।
ਇਸ ਸਿਰਫ ਦੋ ਮਿਸਾਲਾਂ ਹਨ ਅੱਜ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ 1388 ਪ੍ਰਵਾਸੀਆਂ ਨੂੰ ਲੈ ਕੇ ਬਠਿੰਡਾ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਮੁਜੱਫਰਪੁਰ (ਬਿਹਾਰ) ਲਈ ਰਵਾਨਾ ਹੋਈ ਜਿੰਨ੍ਹਾਂ ਦੇ ਚਿਹਰਿਆਂ ਤੇ ਘਰ ਪਰਤਣ ਦੀ ਖੁਸ਼ੀ ਅਤੇ ਪੰੰਜਾਬ ਛੱਡਣ ਦਾ ਦੁੱਖ ਸਾਫ ਝਲਕ ਰਿਹਾ ਸੀ। ਅੱਜ ਹੀ ਸ਼ਾਮ ਨੂੰ 1188 ਯਾਤਰੀ ਲੈਕੇ ਇੱਕ ਹੋਰ ਗੱਡੀ ਝਾਰਖੰਡ ਰਵਾਨਾ ਹੋ ਰਹੀ ਹੈ। ਪ੍ਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਕੋਈ ਕੰਮ ਨਾਂ ਮਿਲਿਆ ਤਾਂ ਉਹ ਮਜਬੂਰੀ ਵੱਸ ਘਰਾਂ ਨੂੰ ਚੱਲੇ ਹਨ। ਉਨ੍ਹਾਂ ਆਖਿਆ ਕਿ ਸਮਾਜਿਕ ਲੋਕਾਂ ਨੇ ਉਨ੍ਹਾਂ ਨੂੰ ਭੁੱਖੇ ਤਾਂ ਨਹੀਂ ਸੌਣ ਦਿੱਤਾ ਪਰ ਉਹ ਵੀ ਕਿੰਨੇ ਕੁ ਦਿਨ ਬੈਠਿਆਂ ਨੂੰ ਖੁਆ ਸਕਦੇ ਹਨ।
ਮੁਰਝਾਏ ਚਿਹਰਿਆਂ ਨਾਲ ਘਰਾਂ ਵੱਲ ਜਾ ਰਹੇ ਇਨ੍ਹਾਂ ਮਜ਼ਦੂਰਾਂ ਵੱਲੋਂ ਕੀਤੀ ਕਮਾਈ ਖਤਮ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ’ਚ ਹੁੰਦਿਆਂ ਉਨ੍ਹਾਂ ਨੂੰ ਫਿਕਰ ਨਹੀਂ ਸੀ ਪਰ ਕਰੋਨਾ ਵਾਇਰਸ ਨੇ ਉਨ੍ਹਾਂ ਨੂੰ ਮੁੜ ਬੇਰੁਜਗਾਰ ਕਰ ਦਿੱਤਾ ਹੈ। ਮਜਦੂਰਾਂ ਨੇ ਕਿਸਾਨਾਂ ਦੇ ਖੇਤਾਂ ਅਤੇ ਪ੍ਰੀਵਾਰਾਂ ਦੀ ਸੁੱਖ ਵੀ ਮੰਗੀ ਅਤੇ ਵਾਪਿਸੀ ਦੀ ਦੁਆ ਵੀ ਕੀਤੀ ਹੈ। ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਦੀ ਦੇਖਰੇਖ ਹੇਠ ਸਾਰੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ।

ਰਾਜਾ ਵੜਿੰੰਗ ਨੇ ਵਿਦਾ ਕੀਤੇ ਪ੍ਰਵਾਸੀ ਮਜਦੂਰ
‘ਸ਼੍ਰਮਿਕ ਐਕਸਪ੍ਰੈਸ’ ਨੂੰ ਰਵਾਨਾ ਕਰਨ ਲਈ ਪੁੱਜੇ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਵਾਸੀਆਂ ਦੀ ਘਰ ਵਾਪਸੀ ਲਈ ਉਨ੍ਹਾਂ ਦੇ ਰੇਲ ਕਿਰਾਏ ਦਾ ਸਾਰਾ ਭਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਗੱਡੀ ਵਿਚ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਵੀ ਮੁਹਈਆ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਸਮੇਂ ਵਿਚ ਪੰਜਾਬ ਵਿਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!