ਸਵੱਛਤਾ ਸਰਵੇਖਣ 2022 ਵਿਚ ਅਬੋਹਰ ਨਗਰ ਨਿਗਮ ਨੇ ਪੰਜਾਬ ਦੀਆਂ ਨਗਰ ਨਿਗਮਾਂ ਵਿਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ
ਅਬੋਹਰ, ਫਾਜਿ਼ਲਕਾ, 1 ਅਕਤੂਬਰ (ਪੀਟੀ ਨਿਊਜ਼)
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਅਤੇ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਆਈਏਐਸ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਸਵੱਛਤਾ ਸਰਵੇਖਣ 2022 ਵਿਚ ਅਬੋਹਰ ਨਗਰ ਨਿਗਮ ਨੇ ਪੰਜਾਬ ਦੀਆਂ ਸਮੂਹ ਨਗਰ ਨਿਗਮਾਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਪੰਜਾਬ ਦੇ ਸਮੂਹ ਸ਼ਹਿਰਾਂ ਵਿਚ ਦੂਜਾ ਅਤੇ ਦੇਸ਼ ਭਰ ਵਿਚੋਂ 78ਵਾਂ ਸਥਾਨ ਹਾਸਲ ਕੀਤਾ ਹੈ।
ਇਸ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਨੇ ਅਬੋਹਰ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਲੋਕਾਂ ਦੇ ਸਹਿਯੌਗ ਨਾਲ ਹੀ ਨਗਰ ਨਿਗਮ ਅਬੋਹਰ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕਰ ਸਕਨ ਵਿਚ ਕਾਮਯਾਬ ਹੋਇਆ ਹੈ। ਇਸ ਮੁਕਾਬਲੇ ਵਿਚ ਦੇਸ਼ ਭਰ ਦੀਆਂ 382 ਨਗਰ ਨਿਗਮਾਂ ਨੇ ਭਾਗ ਲਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਸਰਵੇਖਣ ਵਿਚ ਅਬੋਹਰ ਸ਼ਹਿਰ ਨੇ 6000 ਵਿਚੋਂ 4392.48 ਅੰਕ ਪ੍ਰਾਪਤ ਕੀਤੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਅਬੋਹਰ ਪਹਿਲਾਂ ਹੀ ਖੁੱਲੇ ਵਿਚ ਸੌਚ ਮੁਕਤ ਸ਼ਹਿਰ ਹੈ ਅਤੇ ਕਚਰਾ ਮੁਕਤ ਸ਼ਹਿਰ ਵਜੋਂ ਅਬੋਹਰ ਸ਼ਹਿਰ ਨੂੰ ਇਕ ਸਟਾਰ ਰੇਟਿੰਗ ਪ੍ਰਾਪਤ ਹੋਈ ਹੈ।
ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਜਿੱਥੇ ਨਿਗਮ ਦੇ ਪੂਰੇ ਸਟਾਫ ਨੇ ਮਿਹਨਤ ਕੀਤੀ ਉਥੇ ਹੀ ਇਸ ਪ੍ਰਾਪਤੀ ਵਿਚ ਸ਼ਹਿਰ ਵਾਸੀਆਂ ਦਾ ਵੀ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਇਸੇ ਤਰਾਂ ਕੋਸਿ਼ਸਾਂ ਜਾਰੀ ਰੱਖਣ ਤਾਂ ਜ਼ੋ ਪਹਿਲੇ ਸਥਾਨ ਦੀ ਪ੍ਰਾਪਤੀ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।