ਲੜਾਕੂ ਪ੍ਰੋਫ਼ੈਸਰ ਬੇਰੁਜ਼ਗਾਰ ਕੁੜੀ ਡਾ.ਜਗਤਾਰ ਦੇ ਸ਼ੇਅਰ ਵਰਗੀ
ਪੇਸ਼ਕਸ਼-ਸੁਖਵਿੰਦਰ ਸਿੰਘ ਆਜ਼ਾਦ
ਹਰ ਮੋੜ ‘ਤੇ ਸਲੀਬਾਂ,
ਹਰ ਪੈਰ ‘ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ,
ਸਾਡਾ ਵੀ ਦੇਖ ਜੇਰਾ ।
ਸਾਡੇ ਸਮਾਜ ਦਾ ਅੱਧ ਕੁੜੀਆਂ ਅਕਸਰ ਹੀ ਸੰਗਾਊ ਜਿਹੀਆਂ, ਇੱਕ ਦੂਜੀ ਦੇ ਪਿੱਛੇ ਲੁਕਣ ਵਾਲੀਆਂ ਅਤੇ ਚੁੱਪ- ਚਾਪ ਅਨਿਆਂ ਝੱਲਣ ਵਾਲੀਆਂ ਹੁੰਦੀਆਂ ਹਨ। ਪਰ ਕਈ ਵਾਰ ਤਸਵੀਰ ਇਸਦੇ ਉਲ਼ਟ ਵੀ ਵੇਖਣ ਨੂੰ ਮਿਲਦੀ ਹੈ। ਖਾਸਕਰ ਹੱਕੀ ਸੰਘਰਸ਼ਾਂ ਦੇ ਕਾਫ਼ਲਿਆਂ ਵਿੱਚ। ਬਾਜ਼ਾਂ ਵਾਂਗ ਝਪਟਣ ਵਾਲੀਆਂ ਚਿੜੀਆਂ ਵੇਖਦੇ ਹਾਂ। ਉਹਨਾਂ ਦੇ ਖੰਭ ਤਲਵਾਰਾਂ ਬਣੇ ਹੋਏ ਹੁੰਦੇ ਹਨ । ਉਹ ਆਖਦੀਆਂ ਹਨ :- :-
ਉਡਾਂਗਾ ਪੈ ਗਿਆ ਉਡਣਾ ਕਦੇ ਜੇ ਪਰ ਜਲਾ ਕੇ ।
ਹਨੇਰਾ ਚੀਰ ਕੇ ਅਟਕਾਂਗਾ ਪਰ ਮੰਜ਼ਿਲ ‘ਤੇ ਜਾ
ਹਰੇਕ ਯੂਨੀਅਨ ਦੇ ਖੇਮੇ ਵਿੱਚ ਕੋਈ ਨਾ ਕੋਈ ਅਜਿਹੀ ਯੋਧਾ ਹੁੰਦੀ ਹੈ।
ਆਰਥਿਕ, ਸਮਾਜਿਕ ਅਤੇ ਪਰਿਵਾਰਕ ਕਸ਼ਟਾਂ ਨੂੰ ਝੱਲ ਕੇ ਵੀ ਜੇਕਰ ਕੋਈ ਲੜਕੀ ਉੱਚ – ਵਿੱਦਿਅਕ ਡਿਗਰੀਆਂ ਹਾਸਲ ਕਰਦੀ ਹੈ।ਫਿਰ ਡਿਗਰੀਆਂ ਨੂੰ ਨੁਕੀਲੀਆਂ ਛਿਲਤਰਾਂ ਬਣਾ ਹਾਕਮ ਦੀ ਹਿੱਕ ਨੂੰ ਚੀਰਨ ਲਈ ਨਿਕਲ ਪਵੇ ਤਾਂ ਉਹ ਕੁੜੀ ਕੋਈ ਆਮ ਨਹੀਂ ਹੁੰਦੀ।
ਅਜਿਹੀ ਹੀ ਸ਼ੇਰਨੀ ਦੀ ਦਹਾੜ ਮੈਂ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਯੂਨੀਅਨ ਵਿੱਚ ਸੁਣੀ ਅਤੇ ਵੇਖੀ।
ਉਹ ਬਿਨਾਂ ਕਿਸੇ ਹੀਲ ਹੁੱਜਤ, ਬਿਨਾਂ ਕਿਸੇ ਸੰਗ ਤੋਂ ਸਿੱਧੀ ਮੇਰੇ ਕੋਲ ਆਈ ਅਤੇ ਆਖਣ ਲੱਗੀ ਕਿ ਜੇਕਰ ਬੁਰਾ ਨਹੀਂ ਮਨਾਉਂਦੇ ਤਾਂ ਰੋਸ ਮਾਰਚ ਵਿੱਚ ਤੁਹਾਡੇ ਨਾਲ ਮੋਟਰ ਸਾਈਕਲ ਉੱਤੇ ਬੈਠ ਜਾਵਾਂ?
ਬਿਨਾਂ ਕੁੱਝ ਸੋਚੇ ਮੈਂ ਹਾਂ ਕਰ ਦਿੱਤੀ ਅਤੇ ਇਕ ਹੱਥ ਵਿਚ ਝੰਡਾ ਚੁੱਕਣ ਲਈ ਆਖਿਆ।
ਪਿਛਲੇ ਲੰਬੇ ਸਮੇਂ ਤੋਂ ਅਜਿਹੇ ਸਾਥੀਆਂ, ਦੋਸਤਾਂ, ਵੀਰਾਂ – ਭੈਣਾਂ ਨਾਲ ਵਾਹ ਪੈਂਦਾ ਆ ਰਿਹਾ ਹੈ। ਸਾਡੀ ਆਪਣੀ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਵਿੱਚ ਮੇਰੇ ਨਾਲ ਸੂਬਾ ਸਕੱਤਰ ਰਹੇ ਭੈਣ ਗੁਰਜੀਤ ਅਤੇ ਮੌਜੂਦਾ ਸਮੇਂ ਭੈਣ ਗਗਨ ਹੁਰਾਂ ਦੀ ਘਾਲਣਾ ਵੀ ਅਜਿਹੀ ਰਹੀ ਹੈ। ਪਰ ਬਹੁਤ ਥੋੜ੍ਹਾ ਸਮਾਂ ਪਹਿਲਾਂ ਜਾਗੀ ਯੂਨੀਅਨ ਵਿੱਚ ਵੀ ਕੋਈ ਇੰਨੀ ਸਰਗਰਮ ਵਰਕਰ ਹੋਵੇਗੀ??
ਅੰਦਾਜ਼ੇ ਤੋਂ ਬਾਹਰੀ ਗੱਲ ਸੀ।
ਉਸਦਾ ਆਖਣਾ ਸੀ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਉਪਰ ਹੋਏ ਜ਼ਬਰ ਖਿਲਾਫ਼ ਹੋ ਰਹੇ ਚਿਤਾਵਨੀ ਮਾਰਚ ਵਿੱਚ ਉਹ ਬਾਈਕ ਉੱਤੇ ਬੈਠ ਕੇ ਸ਼ਾਮਿਲ ਹੋਣਾ ਚਾਹੁੰਦੀ ਹੈ।
ਇਹ ਲੜਕੀ ਹੈ ਦਲਜੀਤ ਕੌਰ।
ਇਸ ਦਾ ਪਿਛਲੇ ਸਮੇਂ ਆਈਆਂ ਸਹਾਇਕ ਪ੍ਰੋਫ਼ੈਸਰਾਂ ਦੀਆਂ 1158 ਅਸਾਮੀਆਂ ਵਿੱਚ ਆਪਣੇ ਵਿਸ਼ੇ ਵਿੱਚੋਂ 70 ਅੰਕ ਲੈਕੇ 19 ਵਾਂ ਰੈਂਕ ਹੈ।
30 ਸਤੰਬਰ ਨੂੰ ਅਨਾਜ਼ ਮੰਡੀ ਬਰਨਾਲਾ ਤੋ ਬਜ਼ਾਰਾਂ ਵਿੱਚੋਂ ਦੀ ਹੁੰਦਾ ਲੰਬਾ ਇਨਕਲਾਬੀ ਕਾਫ਼ਲਾ ਕਰੀਬ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਡਿਪਟੀ ਕਮਿਸ਼ਨਰ ਦੀਆਂ ਬਰੂਹਾਂ ‘ਤੇ ਪਹੁੰਚਾ ਤਾਂ ਉਦੋਂ ਤੱਕ ਮੇਰੇ ਨਾਲ ਸੀ।
ਸਾਰੇ ਰਸਤੇ ਉੱਚੀ – ਉੱਚੀ ਲੱਗਦੇ ਨਾਹਰਿਆਂ ਦਾ ਜਵਾਬ ਦਿੰਦੀ ਰਹੀ।ਸੱਜੇ ਹੱਥ ਉੱਤੇ ਬੱਝੀ ਪੱਟੀ ਦਾ ਰਾਜ਼ ਖੁੱਲ੍ਹਿਆ ਤਾਂ ਪਤਾ ਚੱਲਿਆ ਕਿ ਕਰੀਬ ਗਿਆਰਾਂ ਦਿਨ ਪਹਿਲਾਂ ਉਚੇਰੀ ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਪੁਲਿਸ ਦੇ ਵਹਿਸ਼ਿਆਨਾ ਅੱਤਿਆਚਾਰ ਨਾਲ ਹੱਥ ਦੀ ਉਂਗਲ ‘ਚ ਫਰੈਕਚਰ ਹੋਇਆ ਸੀ। ਸਬੂਤੇ ਹੱਥ ਦਾ ਮੁੱਕਾ ਨਾਹਰਿਆਂ ਦਾ ਜਵਾਬ ਦੇ ਰਿਹਾ ਸੀ ਅਤੇ ਜਖ਼ਮੀ ਹੱਥ ਵਿਚ ਝੰਡਾ ਸੀ।
ਇਸ ਬਹਾਦਰ ਕੁੜੀ ਨੂੰ ਪੁੱਛਣ ਉੱਤੇ ਇਹਨੇ ਦੱਸਿਆ ਕਿ ਛੋਟੀ ਕਿਸਾਨੀ ਵਿੱਚੋਂ ਸੈਂਕੜੇ ਘਰੇਲੂ ਅਤੇ ਸਮਾਜਿਕ ਬਿਪਤਾਵਾਂ ਝੱਲ ਕੇ ਉਸਨੇ ਕਠਿਨ ਹਾਲਤਾਂ ਵਿੱਚ ਪ੍ਰਾਈਵੇਟ ਤੌਰ ‘ਤੇ ਗ੍ਰੈਜੂਏਸ਼ਨ ਕੀਤੀ। ਉਪਰੰਤ ਪਹਿਲੇ ਹੱਲੇ ਹੀ ਨੈੱਟ ਦੇ ਪੇਪਰ ਦੌਰਾਨ JRF ਕਲੀਅਰ ਕਰਕੇ ਐਮ. ਫਿਲ. ਅਤੇ ਹੁਣ ਪੀਐਚ. ਡੀ. ਪੰਜਾਬੀ ਕਰ ਰਹੀ ਹੈ।
ਹਾਲਾਤਾਂ ਨਾਲ ਲੜਨ ਵਾਲੀ ਇਸ ਕੁੜੀ ਨੇ ਸਰਕਾਰੀ ਕਾਲਜ ਬਚਾਓ ਮੰਚ ਦੀਆ ਗਤੀਵਿਧੀਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਇੱਧਰ ਜਦੋਂ ਅਖੌਤੀ ਇਨਕਲਾਬੀ ਸਰਕਾਰ ਨੇ ਸਹਾਇਕ ਪ੍ਰੋਫ਼ੈਸਰ ਭਰਤੀ ਉੱਪਰ ਲੱਗੀ ਅਦਾਲਤੀ ਰੋਕ ਸੰਬੰਧੀ ਯੋਗ ਪੈਰਵਾਈ ਤੋਂ ਪੈਰ ਪਿਛਾਂਹ ਪੁੱਟਿਆ ਤਾਂ ਨਵਾਂ ਇਤਿਹਾਸ ਸਿਰਜਣ ਨਿਕਲੇ ਬੇਰੁਜ਼ਗਾਰ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਕਾਫ਼ਲੇ ਨੇ 15 ਅਗਸਤ ਨੂੰ ਮੁੱਖ ਮੰਤਰੀ ਕੋਲ ਲੁਧਿਆਣੇ ਜਾਕੇ ਫਰਿਆਦ ਲਗਾਉਣ ਦੀ ਠਾਣੀ, ਅੱਗੋਂ ਰੁਜ਼ਗਾਰ ਦੀ ਬਜਾਏ ਪੁਲਸੀਆ ਜ਼ਬਰ ਮਿਲਿਆ।
19 ਸਤੰਬਰ ਨੂੰ ਉਚੇਰੀ ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਮੀਟਿੰਗ ਲਈ ਪਹੁੰਚੇ ਇਹਨਾਂ ਬੇਰੁਜ਼ਗਾਰਾਂ ਉੱਤੇ ਡਾਂਗਾਂ ਵਰ੍ਹੀਆਂ, ਜਿੱਥੇ 1158 ਫਰੰਟ ਦੇ ਸਾਥੀਆਂ ਦੀਆਂ ਉਂਗਲਾਂ ਤੇ ਗਿੱਟੇ ਟੁੱਟੇ ਅਤੇ ਦੇਰ ਰਾਤ ਤੱਕ ਇਹ ਸਾਥੀ ਵੱਖ ਵੱਖ ਥਾਣਿਆਂ ਵਿੱਚ ਮੁਰਦਾਬਾਦ ਦੇ ਨਾਹਰਿਆਂ ਦਾ ਜਵਾਬ ਦਿੰਦੇ ਰਹੇ।ਜਿਵੇਂ ਆਖਦੇ ਹੋਣ
ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ ।
ਏਸ ਦੀ ਸੁਰਖ਼ੀ ਕਦੇ ਜਾਣੀ ਨਹੀਂ ।
ਵਕਤਾਂ ਦੇ ਥਪੇੜੇ ਖਾ ਕੇ ਸਖ਼ਤ ਹੋਏ ਦਲਜੀਤ ਤੇ ਉਸਦੇ ਸਾਥੀ 25 ਸਤੰਬਰ ਨੂੰ ਮੁੜ ਮੀਤ ਨੂੰ ਵੰਗਾਰਨ ਲਈ ਪਾਸ਼ ਦੇ ਸੰਕਲਪੇ ਹਰੇ ਘਾਹ ਦੇ ਜੰਗਲ ਵਿੱਚ ਆ ਉੱਤਰੇ। ਫਿਰ 30 ਸਤੰਬਰ ਨੂੰ ਉਹ ਬਰਨਾਲੇ ਦੀ ਅਨਾਜ਼ ਮੰਡੀ ਵਿੱਚ ਪਹੁੰਚੇ।
ਇੱਥੇ ਹੀ ਦਲਜੀਤ ਨਾਲ ਮੁਲਾਕਾਤ ਹੋਈ, ਜਿਵੇਂ ਮੈਨੂੰ ਬਹੁਤ ਸਮੇਂ ਦੀ ਜਾਣਦੀ ਹੋਵੇ, ਸਿੱਧਾ ਹੀ ਆਪਣੇ ਦਾਈਏ ਨਾਲ ਮੇਰੇ ਨਾਲ ਬੈਠ ਗਈ।
ਉਸਨੇ ਦੱਸਿਆ ਕਿ 19 ਸਤੰਬਰ ਦੇ ਡੰਡਿਆਂ ਦੀ ਚੀਸ ਅਜੇ ਵੀ ਸਾਥੀਆਂ ਦੀਆਂ ਦੇਹਾਂ ਉੱਤੇ ਰੜਕ ਰਹੀ ਹੈ। ਬੇਰੁਜ਼ਗਾਰਾਂ ਦੇ ਪਿੰਡਿਆਂ ਉੱਤੇ ਉੱਕਰੇ ਨੀਲ ਅਜੇ ਮੱਧਮ ਨਹੀਂ ਪਏ।
ਉੱਧਰ ਭਾਵੇਂ ਅਦਾਲਤੀ ਕੇਸ ਡਬਲ ਬੈਂਚ ਉੱਤੇ ਹੈ, ਸਰਕਾਰੀ ਪੈਰਵਾਈ ਸੁਸਤ ਹੈ, ਜੱਜਾਂ ਨੇ ਤਾੜਨਾ ਵੀ ਕੀਤੀ ਹੈ ਸਰਕਾਰ ਨੂੰ। ਪਰ ਸਰਕਾਰ ਦੀ ਨੀਅਤ ਰੁਜ਼ਗਾਰ ਦੇਣ ਵਾਲੀ ਨਹੀਂ ਜਾਪਦੀ।
ਪਰ ਉਹ ਫਿਰ ਵੀ ਲੜਨਗੇ,ਆਖਰੀ ਸਾਹ ਤੱਕ ਲੜਨਗੇ
ਉਸਦਾ ਇਹ ਦਾਅਵਾ ਸੱਚਮੁੱਚ ਜਿੱਤ ਦੀ ਸ਼ਾਹਦੀ ਭਰਦਾ ਸੀ। ਪੂਰਨ ਵਿਸ਼ਵਾਸ਼ ਅਤੇ ਭਰੋਸੇ ਨਾਲ ਉਸਦਾ ਆਖਣਾ ਬਿਲਕੁਲ ਤਾਨਸੈਨ ਦੇ ਆਪਣੇ ਹੱਥ ਉੱਤੇ ਚਾਕੂ ਨਾਲ ਕਿਸਮਤ ਦੀ ਲਕੀਰ ਵਾਹੁਣ ਵਾਂਗ ਜਾਪਦਾ ਸੀ। ਯਕੀਨਨ ਜਿਸ ਕਾਫ਼ਲੇ ਵਿੱਚ ਅਜਿਹੇ ਲੜਾਕੂ ਹੋਣ, ਸਰੀਰਕ ਅਤੇ ਅਨੇਕਾਂ ਹੋਰ ਜ਼ਖਮਾਂ ਦਾ ਰੋਣਾ ਰੋਣ ਦੀ ਬਜਾਏ ਅਰਜਨ ਦੁਆਰਾ ਮਛਲੀ ਦੀ ਅੱਖ ਵੇਖਣ ਵਾਂਗ ਸਿਰਫ਼ ਮੰਜ਼ਿਲ ਉੱਤੇ ਨਿਗਾਹਾਂ ਟਿਕਾਈ ਬੈਠੇ ਹੋਣ, ਉਹ ਕਾਫ਼ਲੇ ਜ਼ਰੂਰ ਸੂਹੇ ਗੁਲਾਬ ਲੈਕੇ ਮੁੜਦੇ ਹਨ।
ਸਾਥੀ ਦਲਜੀਤ ਅਤੇ ਸਮੁੱਚੇ ਪਾਂਧੀ ਜਲਦੀ ਜਿੱਤ ਦੇ ਪਰਚਮ ਲਹਿਰਾਉਣਗੇ।
ਮੈਨੂੰ ਉਹ ਇਨਕਲਾਬੀ ਕਵੀ ਡਾਕਟਰ ਜਗਤਾਰ ਦੀ ਗ਼ਜ਼ਲ ਦੇ ਸ਼ੇਅਰ ਵਰਗੀ ਜਾਪੀ।
ਆਮੀਨ ਦਲਜੀਤ!
ਕੌਣ ਆਇਆ ਹੈ ਮਕਤਲ ਅੰਦਰ, ਕੰਬੇ ਹੱਥ ਜੱਲਾਦਾਂ ਦੇ,
ਫਿਰ ਘਰ ਘਰ ਵਿੱਚ ਸਿਰ ਲੱਥਾਂ, ਜੀਦਾਰਾਂ ਦੀ ਬਾਤ ਤੁਰੀ ।
ਸੁਖਵਿੰਦਰ ਸਿੰਘ ਆਜ਼ਾਦ
ਸੂਬਾ ਪ੍ਰਧਾਨ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ
9815768572