ਆਮ ਦੁਕਾਨਾਂ ਵਿੱਚ ਨਹੀਂ ਛੱਡੇ, 1-1 ਕਿੱਲੋ ਵੀ ਲਿਫਾਫੇ
ਵੱਡੇ ਪਲਾਸਟਿਕ ਵਪਾਰੀ ਦੀ ਹੈਂਕੜ ਅੱਗੇ ਝੁਕ ਗਏ ਰੇਡ ਕਰਨ ਪਹੁੰਚੇ ਅਧਿਕਾਰੀ
ਹਰਿੰਦਰ ਨਿੱਕਾ , ਬਰਨਾਲਾ 1 ਅਕਤੂਬਰ 2022
ਤਕੜੇ ਦਾ ਸੱਤੀਂ ਵੀਹੀਂ 100 ਦੀ ਕਹਾਵਤ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ, ਪ੍ਰਸ਼ਾਸ਼ਨ ਵੱਲੋਂ ਵਿੱਢੀ ਮੁਹਿੰਮ ਤੇ ਲੰਘੀ ਕੱਲ੍ਹ ਸ਼ਾਮ, ਉਦੋਂ ਖਰੀ ਉਤਰਦੀ ਨਜ਼ਰ ਆਈ, ਜਦੋਂ ਸ਼ਹਿਰ ਦੀਆਂ ਛੋਟੀਆਂ ਛੋਟੀਆਂ ਦੁਕਾਨਾਂ ਤੋਂ 1 -1 ਕਿੱਲੋ ਲਿਫਾਫੇ ਜਬਤ ਕਰਨ ਵਾਲੇ ਅਧਿਕਾਰੀਆਂ ਦੀ ਟੀਮ, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਦੀ ਅਗਵਾਈ ਵਿੱਚ ਅਲਾਲ ਮਾਰਕੀਟ ਵਿੱਚ ਵੱਡੇ ਪਲਾਸਟਿਕ ਵਪਾਰੀ, ਵਿਨੋਦ ਦੂਆ ਦੀ ਦੁਕਾਨ ਤੇ ਪਹੁੰਚੀ। ਟੀਮ ਨੇ ਦੁਕਾਨ ਅੰਦਰੋਂ ਭਾਰੀ ਮਾਤਰਾ ਵਿੱਚ ਥੈਲਿਆਂ ਵਿੱਚ ਭਰ ਕੇ ਰੱਖੇ ਪਲਾਸਟਿਕ ਦੇ ਲਿਫਾਫੇ , ਜਬਤ ਕਰਕੇ, ਸਰਕਾਰੀ ਗੱਡੀ ਵਿੱਚ ਰੱਖ ਲਏ। ਫਿਰ ਕੀ ਸੀ, ਦੁਕਾਨਦਾਰ ਨੇ ਆਪਣਾ ਜ਼ੋਰ ਅਜਿਹਾ ਦਿਖਾਇਆ ਕਿ ਸ਼ਹਿਰ ਦੇ ਕਈ ਰਸੂਖਦਾਰ ਵਿਅਕਤੀ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਜੁਝਾਰੂ ਭਾਜਪਾ ਆਗੂ ਨੀਰਜ ਜਿੰਦਲ ਵੀ, ਆਪਣੇ ਦਲਬਲ ਨਾਲ, ਮੌਕੇ ਤੇ ਆ ਧਮਕੇ। ਵਿਨੋਦ ਦੂਆ ਦੀ ਹਮਾਇਤ ਵਿੱਚ ਆਏ, ਵਿਅਕਤੀਆਂ ਨੇ ਕਾਰਜਸਾਧਕ ਅਫਸਰ ਦੀ ਕਾਫੀ ਝਾੜ ਝੰਬ ਕੀਤੀ। ਤੂੰ-ਤੂੰ- ਮੈਂ-ਮੈਂ ਤੋਂ ਗੱਲ ਤਿੱਖੀ ਨੋਕ ਝੋਕ ‘ਚੋਂ ਨੌਬਤ ਤਕਰਾਰਬਾਜੀ ਤੱਕ ਪਹੁੰਚ ਗਈ। ਆਖਿਰ ਰੇਡ ਕਰਨ ਪਹੁੰਚੀ ਟੀਮ ਨੂੰ ਸਰਕਾਰੀ ਗੱਡੀ ਵਿੱਚ ਲੱਦੇ ਲਿਫਾਫਿਆਂ ਦੀਆਂ ਬੋਰੀਆਂ ਨੂੰ , ਆਪਣੇ ਹੱਥੀ ਹੀ ਲਾਹੁਣ ਨੂੰ ਮਜਬੂਰ ਹੋਣਾ ਪੈ ਗਿਆ। ਇਸ ਨਾਲ, ਪਲਾਸਟਿਕ ਮੁਕਤ ਕਰਨ ਪਹੁੰਚੀ ਟੀਮ ਨੂੰ ਕਾਫੀ ਨਾਮੋਸ਼ੀ ਦਾ ਸਾਹਮਣਾ ਤਾਂ ਕਰਨਾ ਹੀ ਪਿਆ, ਅਜਿਹਾ ਹੋਣ ਨਾਲ ਟੀਮ ਅਤੇ ਕਾਰਜ਼ਸਾਧਕ ਅਫਸਰ ਦੀ ਕਾਰਜਸ਼ੈਲੀ ਤੇ ਵੀ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ। ਸ਼ਹਿਰ ਦੇ ਕਈ ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਵੀ, ਛੋਟੇ ਕਾਰੋਬਾਰ ਵਾਲੇ ਦੁਕਾਨਦਾਰਾਂ ਤੋਂ ਮਾਮੂਲੀ ਮਾਤਰਾ ਵਿੱਚ ਰੱਖੇ ਲਿਫਾਫਿਆਂ ਨੂੰ ਤਾਂ ਜਬਤ ਕਰਨ ਨੁੰ ਸ਼ੇਰ ਹੋ ਜਾਂਦੇ ਹਨ। ਪਰ ਵੱਡਿਆਂ ਅੱਗੇ ਪਹੁੰਚਦੇ ਹੀ, ਉਨਾਂ ਦਾ ਰੋਹਬ ਦਾਬ, ਘੱਟ ਜਾਂਦਾ ਹੈ ਤੇ ਦੁੰਬ ਦਬਾ ਕੇ ਭੱਜ ਲੈਂਦੇ ਹਨ।
ਕੀ ਕਹਿੰਦੇ ਹਨ, EO ਵਰਮਾ ਤੇ SDO ਪ੍ਰਦੂਸ਼ਣ ਕੰਟਰੋਲ ਬੋਰਡ
ਨਗਰ ਕੌਂਸਲ ਦੇ ਈ.ੳ ਸੁਨੀਲ ਦੱਤ ਵਰਮਾ ਨੇ ਵਿਨੋਦ ਦੂਆ ਪਲਾਸਟਿਕ ਵਾਲੀ ਦੁਕਾਨ ਤੋਂ ਪਹਿਲਾਂ ਲਿਫਾਫੇ ਜਬਤ ਕਰਨ ਤੇ ਫਿਰ ਰੌਲਾ ਪੈ ਜਾਣ ਤੋਂ ਬਾਅਦ ਛੱਡੇ ਜਾਣ ਬਾਰੇ ਪੁੱਛਣ ਤੇ ਕਿਹਾ ਕਿ ਉਨਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀੳ ਵੱਲੋਂ ਜਿਹੜਾ ਹੁਕਮ ਮਿਲਿਆ, ਉਨਾਂ ਪਹਿਲਾਂ ਕਿਹਾ, ਲਿਫਾਫੇ ਜਬਤ ਕਰ ਲਉ, ਅਸੀਂ ਜਬਤ ਕਰ ਲਏ, ਫਿਰ ਕਹਿੰਦੇ ਸੈਂਪਲ ਲੈ ਕੇ, ਲਿਫਾਫੇ ਵਾਪਿਸ ਕਰ ਦਿਉ, ਅਸੀਂ ਵਾਪਿਸ ਕਰ ਦਿੱਤੇ। ਅਗਲੀ ਕਾਰਵਾਈ ਕੀ ਕਰਨੀ ਹੈ ਜਾਂ ਨਹੀਂ, ਇਹ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜਿਲ੍ਹਾ ਪ੍ਰਸ਼ਾਸ਼ਨ ਦਾ ਕੰਮ ਹੈ। ਉਨਾਂ ਸੈਂਪਲ ਲੈ ਕੇ, ਸੈਂਪਲ ਦੀ ਰਿਪੋਰਟ ਆਉਣ ਤੱਕ ਲਿਫਾਫੇ ਸੀਲ ਕਰਨ ਸਬੰਧੀ ਪੁੱਛੇ ਸਵਾਲਾਂ ਤੋਂ ਟਾਲਾ ਵੱਟਦਿਆਂ ਕਿਹਾ ਕਿ ਇਹ ਸਭ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਹੁਕਮ ਹੈ, ਅਸੀਂ ਤਾਂ ਉਨਾਂ ਦੇ ਹੁਕਮ ਦੇ ਬੱਝੇ ਹੋਏ ਹਾਂ। ਉੱਧਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀੳ ਸਿਮਰਜੀਤ ਸਿੰਘ ਨੇ ਵੀ ਪਲਾਸਟਿਕ ਦੇ ਲਿਫਾਫਿਆਂ ਦਾ ਸੈਂਪਲ ਲਏ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨ ਤੋਂ ਬਰਾਮਦ ਹੋਏ ਲਿਫਾਫੇ, ਆਮ ਪਲਾਸਟਿਕ ਦੇ ਲਿਫਾਫਿਆਂ ਤੋਂ ਥੋੜ੍ਹਾ ਹਟ ਕੇ ਸਨ, ਜਿਸ ਕਰਕੇ, ਉਨਾਂ ਦਾ ਜਾਂਚ ਲਈ ਸੈਂਪਲ ਨੈਸ਼ਨਲ ਪ੍ਰਦੂਸ਼ਣ ਕੰਟੋਰਲ ਬੋਰਡ ਦੀ ਲੈਬ ਵਿੱਚ ਭੇਜਿਆ ਜਾਵੇਗਾ। ਰਿਪੋਰਟ ਆਉਣ ਤੋਂ ਬਾਅਦ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਤਿਉਹਾਰਾਂ ਦੇ ਸੀਜਨ ਵਿੱਚ ਪ੍ਰਸ਼ਾਸ਼ਨ ਵਪਾਰੀਆਂ ਨੂੰ ਪ੍ਰੇਸ਼ਾਨ ਕਰਕੇ, ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਜਸਾਧਕ ਅਫਸਰ ਵਰਮਾ ਦਾ ਰਵੱਈਆ ਵਪਾਰੀਆਂ ਤੇ ਫਾਲਤੂ ਦੀ ਦਹਿਸ਼ਤ ਕਾਇਮ ਕਰਨ ਵਾਲਾ ਹੈ। ਜਿਸ ਨੂੰ ਵਪਾਰੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਵੱਡੇ ਸਪਲਾਇਰਾਂ ਖਿਲਾਫ ਕਾਰਵਾਈ ਕਰਕੇ, ਮਾਰਕਿਟ ਵਿੱਚ ਪਲਾਸਟਿਕ ਦੇ ਲਿਫਾਫੇ ਨਾ ਪਹੁੰਚਣਾ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ, ਲੋਕ ਬਜ਼ਾਰ ਵਿੱਚੋਂ ਸਮਾਨ ਲੈ ਕੇ ਜਾਣ ਲਈ, ਆਪਣੇ ਘਰੋਂ ਕੋਈ ਥੈਲਾ/ਝੋਲਾ ਲੈ ਕੇ ਆਉਣ ਲੱਗ ਜਾਣ ਤਾਂ ਫਿਰ ਦੁਕਾਨਦਾਰਾਂ ਨੂੰ ਲਿਫਾਫੇ ਰੱਖਣ ਦੀ ਲੋੜ ਹੀ ਨਹੀਂ ਰਹਿਣੀ, ਉਨਾਂ ਸੁਝਾਅ ਦਿੱਤਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਨਾਕੇ ਲਾ ਕੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਲਿਜਾ ਰਹੇ ਵਿਅਕਤੀਆਂ ਤੋਂ ਪਲਾਸਟਿਕ ਦੇ ਲਿਫਾਫੇ, ਲੈਣ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ, ਮੰਜੂਰਸ਼ੁਦਾ ਪਲਾਸਟਿਕ ਦੇ ਲਿਫਾਫੇ ਜਾਂ ਥੈਲੇ ਮੁੱਲ ਵੇਚਣ ਦੀ ਮੁਹਿੰਮ ਵਿੱਢਣੀ ਚਾਹੀਂਦੀ ਹੈ ਤਾਂ ਜੋ ਲੋਕ, ਆਪਣੇ ਘਰਾਂ ਤੋਂ ਕੋਈ ਬੰਦੋਬਸਤ ਕਰਕੇ ਹੀ ਬਜ਼ਾਰ ਆਉਣ, ਇਸ ਤਰਾਂ ਦੁਕਾਨਦਾਰਾਂ ਤੇ ਸ਼ਿਕੰਜ਼ਾ ਕਸੀ ਜਾਣਾ, ਠੀਕ ਨਹੀਂ ਹੈ। ਇਸ ਤਰਾਂ ਦੁਕਾਨਦਾਰਾਂ ਦੇ ਮਨਾਂ ਅੰਦਰ, ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਕੁੜੱਤਣ ਫੈਲ ਰਹੀ ਹੈ। ਜਿਸਦਾ ਖਾਮਿਆਜ਼ਾ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਭੁਗਤਨਾ ਪਵੇਗਾ।