ਰਘਬੀਰ ਹੈਪੀ ,ਬਰਨਾਲਾ 1 ਅਕਤੂਬਰ 2022
ਪੰਜਾਬ ਜਮਹੂਰੀ ਮੋਰਚਾ ਦੀ ਪਹਿਲੀ ਜਥੇਬੰਦਕ ਕਨਵੈਨਸ਼ਨ ਵਿੱਚ ਲੋਕਾਂ ਨੂੰ ਫਾਸ਼ੀਵਾਦੀ ਤਾਕਤਾਂ ਵਿਰੁੱਧ ਇੱਕ ਜੁਟ ਜਨਤਕ ਲਾਮਬੰਦੀ ਕਰਨ ਦਾ ਸੱਦਾ*. *ਹਾਕਮਾਂ ਦੀਆਂ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਖਿਲਾਫ ਜਮਹੂਰੀ ਲਹਿਰ ਉਸਾਰਨ ਦਾ ਫੈਸਲਾ*. *ਚਾਰ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦਾ ਗਠਨ। ਜੁਗਰਾਜ ਸਿੰਘ ਟੱਲੇਵਾਲ ਕਨਵੀਨਰ ਬਣੇ*. ਪੰਜਾਬੀ ਜਮਹੂਰੀ ਮੋਰਚਾ ਵਲੋਂ ਆਪਣੀ ਪਹਿਲੀ ਜਥੇਬੰਦਕ ਕਨਵੈਨਸ਼ਨ ਸਥਾਨਕ ਤਰਕਸ਼ੀਲ ਭਵਨ ਵਿਖੇ ਕੀਤੀ ਗਈ। ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਦਿੱਤੂਪੁਰ, ਮਹਿਮਾ ਸਿੰਘ ਧਨੌਲਾ, ਰਾਜਿੰਦਰ ਸਿੰਘ ਭਦੌੜ, ਜੀਵਨ ਸਿੰਘ ਬਿਲਾਸਪੁਰ ਅਤੇ ਭੈਣ ਕੁਲਜੀਤ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਨਵੈਨਸ਼ਨ ਵਿੱਚ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਲੋਕ ਘੋਲਾਂ ਅਤੇ ਇਨਕਲਾਬੀ ਜਮਹੂਰੀ ਲਹਿਰਾਂ ਦੇ ਸ਼ਹੀਦਾਂ ਨੂੰ ਅਜਮੇਰ ਸਿੰਘ ਅਕਲੀਆ ਨੇ ਸ਼ਰਧਾਂਜਲੀ ਗੀਤ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੀ. ਹਰਜਿੰਦਰ ਸਿੰਘ ਪਟਿਆਲਾ ਨੇ ਕਨਵੈਨਸ਼ਨ ਵਿੱਚ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਮੌਜੂਦਾ ਦੌਰ ਵਿਚ ਇਸ ਮੋਰਚੇ ਦੇ ਗਠਨ ਦੀ ਅਹਿਮੀਅਤ ਸੰਬੰਧੀ ਦੱਸਿਆ। ਸ੍ਰੀ ਜੁਗਰਾਜ ਸਿੰਘ ਟੱਲੇਵਾਲ ਵਲੋਂ ਮੋਰਚੇ ਦਾ ਐਲਾਨ ਨਾਮਾ, ਅਤੇ ਜਸਵੰਤ ਸਿੰਘ ਪੱਟੀ ਵਲੋਂ ਇਸ ਦੇ ਉਦੇਸ਼, ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਅਤੇ ਜਥੇਬੰਦਕ ਢਾਂਚੇ ਵਾਰੇ ਵਿਸਥਾਰ ਸਹਿਤ ਦੱਸਿਆ। ਉਹਨਾਂ ਕਿਹਾ ਕਿ ਮੋਰਚਾ ਦੇਸ਼ ਉਪਰ ਕਾਬਜ ਫਾਸ਼ੀਵਾਦੀ ਤਾਕਤਾਂ ਖਿਲਾਫ ਦੇਸ਼ ਦੇ ਕਿਰਤੀਆਂ, ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ, ਔਰਤਾਂ ਦੀ ਜਥੇਬੰਦਕ ਤਾਕਤ ਨੂੰ ਇੱਕ ਜੁਟ ਕਰਨ, ਫਾਸ਼ੀਵਾਦ ਦੇ ਵਿਰੋਧ ਵਿੱਚ ਖੜ੍ਹੀਆਂ ਜਥੇਬੰਦੀਆਂ ਅਤੇ ਰਾਜਨੀਤਕ ਸ਼ਕਤੀਆਂ ਦਾ ਸਾਝਾਂ ਮੋਰਚਾ ਬਣਾਉਣ ਲਈ ਯਤਨਸ਼ੀਲ ਰਹੇਗਾ। ਲੋਕ ਵਿਰੋਧੀ ਕਾਰਪੋਰੇਟ ਨੀਤੀਆਂ ਕਾਰਨ ਫੈਲੀ ਬੇਰੁਜ਼ਗਾਰੀ, ਮਹਿੰਗਾਈ, ਭੁੱਖ ਮਰੀ ਦੇ ਖਿਲਾਫ ਕਿਸਾਨਾਂ ਮਜਦੂਰਾਂ ਮੁਲਾਜ਼ਮਾਂ ਸਮੇਤ ਕਿਰਤੀ ਲੋਕਾਂ ਅਤੇ ਵਿਦਿਆਰਥੀਆਂ ਨੌਜਵਾਨਾਂ ਨੂੰ ਜਥੇਬੰਦ ਕਰੇਗਾ। ਮੋਰਚਾ ਜਾਤਪਾਤੀ ਅਤੇ ਲਿੰਗ ਅਧਾਰਿਤ ਵਿਤਕਰੇ ਅਤੇ ਜਬਰ ਦੇ ਖਿਲਾਫ ਦਲਿਤਾਂ ਅਤੇ ਔਰਤਾਂ ਨੂੰ ਜਥੇਬੰਦ ਕਰਕੇ ਇਹਨਾਂ ਦੇ ਮਸਲਿਆਂ ਨੂੰ ਸੰਬੋਧਿਤ ਹੁੰਦਿਆਂ ਜਮਾਤੀ ਘੋਲ ਵਿਕਸਿਤ ਕਰਨ ਲਈ ਲਾਮਬੰਦੀ ਕਰੇਗਾ।ਦੇਸ਼ ਵਿੱਚ ਅਪਣਾਈਆਂ ਜਾ ਰਹੀਆਂ ਕੇਂਦਰੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਦੇਸ਼ ਵਿਚ ਹਕੀਕੀ ਫੈਡਰਲ ਢਾਂਚੇ ਦੀ ਉਸਾਰੀ ਲਈ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਿਆਂ ਪੰਜਾਬ ਵਿਚ ਸੰਘਰਸ਼ ਲਾਮਬੰਦ ਕਰੇਗਾ। ਵੱਖ ਵੱਖ ਬੁਲਾਰਿਆਂ ਵਲੋ ਆਪਣੇ ਵਿਚਾਰ ਪੇਸ਼ ਕਰਦਿਆਂ ਜਥੇਬੰਦੀ ਦੇ ਐਲਾਨ ਨਾਮੇ ਅਤੇ ਉਦੇਸ਼ਾਂ ਸੰਬੰਧੀ ਕੀਮਤੀ ਸੁਝਾਅ ਪੇਸ਼ ਕੀਤੇ। ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿਚ ਪੰਜਾਬ ਸਰਕਾਰ ਵਲੋਂ ਸ਼ੰਘਰਸਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜਬਰ ਅਤੇ ਸੰਘਰਸ਼ਾਂ ਉਪਰ ਪਾਬੰਦੀਆਂ ਲਗਾਉਣ, ਸਰਕਾਰ ਦੇ ਵਿਰੋਧ ਵਿਚ ਆਵਾਜ ਉਠਾਉਣ ਵਾਲੇ ਲੋਕਾਂ ਦੀ ਜਬਾਨ ਬੰਦੀ ਕਰਨ ਲਈ ਝੂਠੇ ਕੇਸ ਦਰਜ ਕਰਨ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੇਂਦਰ ਸਰਕਾਰ ਵਲੋਂ ਯੂ ਏ ਪੀ ਏ ਅਧੀਨ ਝੂਠੇ ਕੇਸ ਦਰਜ ਕਰਕੇ ਜੇਲਾਂ ਵਿਚ ਬੰਦ ਕੀਤੇ ਬੁਧੀਜੀਵੀਆਂ, ਲੇਖਕਾਂ, ਵਕੀਲਾਂ, ਸਮਾਜਿਕ ਅਤੇ ਰਾਜਨੀਤਕ ਕਾਰਕੁੰਨਾਂ, ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ, ਅਫਸ਼ਪਾ, ਯੂ ਏ ਪੀ ਏ, ਦੇਸ਼ ਧ੍ਰੋਹ, ਕੌਮੀ ਸੁਰੱਖਿਆ ਐਕਟ ਵਰਗੇ ਗੈਰ ਜਮਹੂਰੀ ਕਾਨੂੰਨਾਂ ਨੂੰ ਖਤਮ ਕਰਨ ਦੀ ਮੰਗ ਕੀਤੀ।ਪੀ ਐਫ ਆਈ ਉਪਰ ਲਗਾਈ ਗੈਰ ਜਮਹੂਰੀ ਪਾਬੰਦੀ ਦੀ ਨਿਖੇਧੀ ਕਰਦਿਆਂ ਇਹ ਪਾਬੰਦੀ ਵਾਪਸ ਲੈਣ ਅਤੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿਚ ਚਾਰ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦਾ ਗਠਨ ਕੀਤਾ ਸ੍ਰੀ ਜੁਗਰਾਜ ਸਿੰਘ ਟੱਲੇਵਾਲ ਨੂੰ ਕਨਵੀਨਰ ਅਤੇ ਜਸਵੰਤ ਸਿੰਘ ਪੱਟੀ. ਸੁੱਚਾ ਸਿੰਘ, ਹਰਜਿੰਦਰ ਸਿੰਘ ਨੂੰ ਸੂਬਾ ਕਮੇਟੀ ਮੈਂਬਰ ਚੁਣਿਆਂ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ ਦਰਸ਼ਨ ਪਾਲ ਨੇ ਭਰਾਤਰੀ ਸੰਦੇਸ਼ ਦਿੰਦਿਆਂ ਆਸ ਪ੍ਰਗਟਾਈ ਕਿ ਨਵੀਂ ਚੁਣੀ ਕਮੇਟੀ ਮੌਜੂਦਾ ਸਮੇਂ ਵਿੱਚ ਸਮਾਜ ਨੂੰ ਬਦਲਵੀਂ ਸਿਆਸੀ ਸੇਧ ਪ੍ਰਦਾਨ ਕਰਦਿਆਂ ਅਹਿਮ ਭੂਮਿਕਾ ਅਦਾ ਕਰੇਗੀ।ਇਸ ਮੌਕੇ ਰਣਧੀਰ ਸਿੰਘ ਧੀਰਾ, ਜੁਗਰਾਜ ਸਿੰਘ ਧੌਲਾ, ਸੱਤਪਾਲ ਬੰਗਾਂ, ਗੁਰਮੀਤ ਸਿੰਘ ਜੱਜ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।ਕਨਵੈਨਸ਼ਨ ਨੂੰ ਰੇਸ਼ਮ ਮਿੱਡਾ ਫਾਜਿਲਕਾ, ਗੁਰਮੀਤ ਸਿੰਘ ਮਹਿਮਾ ਫਿਰੋਜਪੁਰ, ਪ੍ਰੋ ਬਾਵਾ ਸਿੰਘ, ਗੁਰਮੇਲ ਸਿੰਘ ਮਾਛੀਕੇ, ਅੰਮ੍ਰਿਤਪਾਲ ਮਾੜੀ ਵਲੋਂ ਸੰਬੋਧਨ ਕੀਤਾ ਗਿਆ। ਮੰਚ ਸੰਚਾਲਨ ਸੁੱਚਾ ਸਿੰਘ ਪਟਿਆਲਾ ਵਲੋਂ ਕੀਤਾ ਗਿਆ।