ਡਿਪਟੀ ਕਮਿਸ਼ਨਰ ਵੱਲੋਂ ਸਮਾਜਿਕ ਅਲਾਮਤਾਂ ਵਿਰੁੱਧ ਸੰਘਰਸ਼ ਕਰ ਕੇ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ
ਸੋਨੀ ਪਨੇਸਰ , ਬਰਨਾਲਾ, 29 ਸਤੰਬਰ 2022
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਤੋਂ ਭਗਤ ਸਿੰਘ ਦੇ ਬੁੱਤ (ਸਦਰ ਬਾਜ਼ਾਰ) ਤੱਕ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿਚ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ, ਕਰਮਚਾਰੀ, ਵਿਦਿਆਰਥੀ, ਖਿਡਾਰੀ ਤੇ ਸ਼ਹਿਰ ਵਾਸੀ ਸ਼ਾਮਲ ਹੋਏ ਅਤੇ ਸ. ਭਗਤ ਸਿੰਘ ਦੀ ਸੋਚ ਨੂੰ ਸਿਜਦਾ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਸ. ਭਗਤ ਸਿੰਘ ਨੇ ਸਾਡੀ ਆਜ਼ਾਦੀ ਲਈ ਸੰਘਰਸ਼ ਕੀਤਾ ਤੇ ਕੁਰਬਾਨੀ ਦਿੱਤੀ, ਆਓ ਅਸੀਂ ਅਜੋਕੀਆਂ ਸਮੱਸਿਆਵਾਂ ਵਿਰੁੱਧ ਸੰਘਰਸ਼ ਕਰੀਏ ਅਤੇ ਨਸ਼ਿਆਂ ਜਿਹੀਆਂ ਅਲਾਮਤਾਂ ਨੂੰ ਖਤਮ ਕਰੀਏ। ਉਨਾਂ ਸ਼ਹਿਰ ਵਾਸੀਆਂ ਨੂੰ ਜ਼ਿਲਾ ਪ੍ਰਸ਼ਾਸਨ ਦੀ ਹਰਿਆਵਲ ਮੁਹਿੰਮ ’ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸ੍ਰੀ ਅੰਕੁਰ ਗੋਇਲ, ਸ੍ਰੀ ਰਜਤ ਬਾਂਸਲ ਤੇ ਹੋਰ ਪਤਵੰਤੇ ਹਾਜ਼ਰ ਸਨ।