ਲੋੜ ਪੈਣ ’ਤੇ ਆਈਸੋਲੇਸ਼ਨ ਫੈਸਿਲਟੀ ਵਜੋਂ ਕੀਤੀ ਜਾਵੇਗੀ ਵਰਤੋਂ, ਡਿਊਟੀ ਸਟਾਫ ਲਈ ਪੁਖਤਾ ਰਿਹਾਇਸ਼ੀ ਪ੍ਰਬੰਧ- ਡੀਸੀ ਫੂਲਕਾ
ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਕੇਅਰ ਸੈਂਟਰ ਵਿਚ ਸਹੂੂਲਤਾਂ ਦਾ ਨਿਰੀਖਣ
ਕੁਲਵੰਤ ਰਾਏ ਗੋਇਲ ਬਰਨਾਲਾ, 8 ਮਈ2020
ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਹੁੰ-ਪੱਖੀ ਉਦਮ ਜਾਰੀ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰੰਘ ਫੂਲਕਾ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ, ਢਿੱਲਵਾਂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕਰਵਾਏ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਮੌਕੇ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਲਈ ਦੋ ਆਈਸੋੇਲੇਸ਼ਨ ਫੈਸਿਲਟੀ ਹੈ, ਇਨ੍ਹਾਂ ਵਿਚੋਂ ਇਕ ਮੁੜ ਵਸੇਬਾ ਕੇਂਦਰ ਸੋਹਲ ਪੱਤੀ ਬਰਨਾਲਾ ਹੈ, ਜਿੱਥੇ 50 ਬਿਸਤਰਿਆਂ ਦੀ ਸਹੂਲਤ ਹੈ ਅਤੇ ਦੂਜਾ ਸੀਐਚਸੀ ਮਹਿਲ ਕਲਾਂ ਹੈ, ਜਿੱਥੇ 30 ਬਿਸਤਰਿਆਂ ਦੀ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ ਕੋਵਿਡ ਕੇਅਰ ਸੈਂਟਰ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਢਿੱੱਲਵਾਂ ਕੋਵਿਡ ਕੇਅਰ ਸੈਂਟਰ ਬਿਲਕੁਲ ਤਿਆਰ ਹੈ ਅਤੇ ਇਸ ਸੈਂਟਰ ਵਿਚ 250 ਬਿਸਤਰਿਆਂ ਦੀ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਹਾਲਤ ਵਿਚ ਆਈਸੋਲੇਸ਼ਨ ਫੈਸਿਲਟੀ ਦੀ ਸਮਰੱਥਾ ਪੂਰੀ ਹੋ ਜਾਂਦੀ ਹੈ ਤਾਂ ਨਾਰਮਲ ਮਰੀਜ਼ਾਂ ਨੂੰ ਇੱਥੇ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਕੋਵਿਡ ਕੇਅਰ ਸੈਂਟਰ ਲਈ ਸਟਾਫ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਡਿਊਟੀ ਸਟਾਫ ਦੇ ਰਹਿਣ-ਸਹਿਣ ਦੇ ਪੁਖਤਾ ਪ੍ਰਬੰਧ ਯਕੀਨੀ ਬÎਣਾਏ ਗਏ ਹਨ।
ਉਨ੍ਹਾਂ ਇਸ ਕੋਵਿਡ ਕੇਅਰ ਸੈਂਟਰ ਵਿਚ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ, ਸ਼ਹਿਣਾ ਅਤੇ ਆਰਿਆ ਭੱਟ ਇੰਸਟੀਚਿਊਟ, ਬਰਨਾਲਾ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਨੋਟੀਫਾਈ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਸਥਿਤੀ ਵਿਚ ਜ਼ਰੂਰਤ ਪੈਣ ’ਤੇ ਇਨ੍ਹਾਂ ਸੈਂਟਰਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਹੀ ਦੁੱਗ, ਐਸਡੀਐਮ ਅਨਮੋਲ ਸਿੰਘ ਧਾਲੀਵਾਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ, ਐਸਐਮਓ ਡਾ. ਜਸਵੀਰ ਔਲਖ ਵੀ ਹਾਜ਼ਰ ਸਨ।
ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਲੋਕ ਘਰਾਂ ਵਿਚ ਹੀ ਰਹਿਣ ਅਤੇ ਬਾਜ਼ਾਰ ਵੀ ਬਹੁਤ ਜ਼ਰੂਰੀ ਕੰਮਾਂ ਲਈ ਹੀ ਨਿਕਲਣ। ਇਸ ਤੋ ਇਲਾਵਾ ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਵੀ ਪਾਇਆ ਜਾਵੇ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣ।