ਹਰਿੰਦਰ ਨਿੱਕਾ ,ਬਰਨਾਲਾ 27 ਸਤੰਬਰ 2022
ਵਿਧਾਨ ਸਭਾ ਹਲਕਾ ਭਦੌੜ ਤੋਂ ਮੌਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਦਾ ਦਰਦ, ਹਾਲੇ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਭੁੱਲਿਆ ਅਤੇ ਨਾ ਹੀ ਮੌਜੂਦਾ ਆਪ ਸਰਕਾਰ ,ਉਨ੍ਹਾਂ ਨੂੰ ਰਾਸ ਆ ਰਹੀ ਹੈ । ਸ਼ਾਇਦ ਇਸੇ ਕਾਰਣ ਹੀ, ਸਾਬਕਾ ਮੁੱਖ ਮੰਤਰੀ ਚੰਨੀ ਦੀ ਐਸ.ਐਮ.ਓ. ਭਾਬੀ ਡਾਕਟਰ ਮਨਿੰਦਰ ਕੌਰ ਨੇ, ਅੱਜ ਨੌਕਰੀ ਨੂੰ ਹੀ ਠੋਕਰ ਮਾਰ ਦਿੱਤੀ। ਇਸ ਦੀ।ਪੁਸ਼ਟੀ ਸਿਵਲ ਸਰਜਨ ਡਾਕਟਰ ਜਸਵੀਰ ਔਲਖ ਨੇ ਵੀ ਕਰ ਦਿੱਤੀ ਹੈ। ਜਿਕਰਯੋਗ ਹੈ ਕਿ , ਉਨ੍ਹਾਂ ਧਨੌਲਾ ਸਿਵਲ ਹਸਪਤਾਲ ਦੀ ਐਸਐਮਓ ਵਜੋਂ ਅਹੁਦਾ ਸੰਭਾਲਦਿਆਂ ਹੀ ਨੌਕਰੀ ਤੋਂ ਅਸਤੀਫਾ ਹੀ ਦੇ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਲਗਾਤਾਰ ਛੁੱਟੀ ਤੇ ਚੱਲ ਰਹੀ ਸੀ। ਉਦੋਂ ਉਨ੍ਹਾਂ ਸਰਕਾਰ ਨੂੰ ਤਿੰਨ ਮਹੀਨਿਆਂ ਦਾ ਨੋਟਿਸ ਦੇ ਕੇ, ਕਿਹਾ ਸੀ ਕਿ ਮੈਂ ਹੁਣ ਹੋਰ ਨੌਕਰੀ ਨਹੀਂ ਕਰਨਾ ਚਾਹੁੰਦੀ। ਧਨੌਲਾ ਵਿਖੇ ਅਹੁਦਾ ਸੰਭਾਲਣ ਵਾਲੀ ਐਸ.ਐਮ.ੳ. ਡਾਕਟਰ ਮਨਿੰਦਰ ਕੌਰ , ਖਰੜ ਸਿਵਲ ਹਸਪਤਾਲ ਤੋਂ ਬਦਲ ਕੇ ਇੱਥੇ ਆਏ ਸਨ।। ਡਾਕਟਰ ਮਨਿੰਦਰ ਕੌਰ ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਬੱਸੀ ਪਠਾਣਾ ਹਲਕੇ ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਚੁੱਕੇ ਡਾਕਟਰ ਮਨੋਹਰ ਸਿੰਘ ਦੀ ਪਤਨੀ ਹੈ । ਜਿਸ ਮਗਰੋਂ ਸੀਐਮਓ ਡਾ: ਮਨਿੰਦਰ ਕੌਰ ਨੂੰ ਖਰੜ ਦੇ ਸਿਵਲ ਹਸਪਤਾਲ ਤੋਂ ਬਰਨਾਲਾ ਦੇ ਧਨੌਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਵਰਨਣਯੋਗ ਹੈ ਕਿ ਡਾ: ਮਨਿੰਦਰ ਕੌਰ ਨੇ 22 ਸਾਲ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਅਸਤੀਫਾ ਦੇਣ ਤੋਂ ਬਾਅਦ, ਉਹ ਤਿੰਨ ਮਹੀਨਿਆਂ ਲਈ ਨੋਟਿਸ ਪੀਰੀਅਡ ‘ਤੇ ਰਹੇਗੀ। ਉੱਧਰ ਸੀਐਮੳ ਡਾਕਟਰ ਜਸਵੀਰ ਸਿੰਘ ਔਲਖ ਨੇ ਡਾਕਟਰ ਮਨਿੰਦਰ ਕੌਰ ਦੇ ਬਤੌਰ ਐਸਐਮੳ ਧਨੌਲਾ ਅਹੁਦਾ ਸੰਭਾਲਣ ਦੀ ਪੁਸ਼ਟੀ ਕੀਤੀ ਹੈ। ਡਾਕਟਰ ਔਲਖ ਨੇ ਇਹ ਵੀ ਦੱਸਿਆ ਕਿ ਐਸਐਮੳ ਡਾਕਟਰ ਮਨਿੰਦਰ ਕੌਰ ਨੇ, 16 ਅਗਸਤ ਤੋਂ ਛੁੱਟੀ ਦੀ ਅਰਜੀ ਦੇ ਦਿੱਤੀ ਹੈ। ਜਿਸ ਸਬੰਧੀ ਫੈਸਲਾ, ਆਉਣ ਵਾਲੇ ਦਿਨਾਂ ਵਿੱਚ ਲਿਆ ਜਾਣਾ ਹੈ। ਡਾਕਟਰ ਮਨਿੰਦਰ ਕੌਰ ਨੇ ਨੋਟਿਸ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਹੀ, ਹੁਣ ਤੱਕ ਦੇ ਸਾਰੇ ਡਿਊਜ 2 ਲੱਖ 13 ਹਜਾਰ ਰੁਪਏ ਵੀ ਜਮ੍ਹਾਂ ਕਰਵਾ ਦਿੱਤੇ ਹਨ।