ਯੂਨੀਵਰਸਸਿਟੀ ਵਿਦਿਆਰਥੀਆਂ ਦੇ ਹੱਕ ‘ਚ ਅਵਾਜ਼ ਬੁਲੰਦ ਕਰਨ ਦਾ ਲੋਕਾਂ ਨੂੰ ਇਨਕਲਾਬੀ ਕੇਂਦਰ ਨੇ ਦਿੱਤਾ ਸੱਦਾ
ਹਰਿੰਦਰ ਨਿੱਕਾ , ਚੰਡੀਗੜ੍ਹ 18 ਸਤੰਬਰ 2022
ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾਈ ਆਗੂਆਂ ਨਰਾਇਣ ਦੱਤ, ਮੁਖਤਿਆਰ ਪੂਹਲਾ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੀਆਂ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਬੇਹੱਦ ਸੰਵੇਦਨਸ਼ੀਲ ਮਾਮਲੇ ਚ ਵਿਦਿਆਰਥਣਾਂ ਦੀ ਇਨਸਾਫ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਦਹਿਸ਼ਤ ਪੈਦਾ ਰਿਹਾ ਹੈ। ਇਨਕਲਬਾੀ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ੳਹ ਵਿਦਿਆਰਥੀਆਂ ਦੇ ਹੱਕ ਵਿੱਚ ਜੋਰਦਾਰ ਅਵਾਜ਼ ਬੁਲੰਦ ਕਰਨ ਲਈ ਅੱਗੇ ਆਉਣ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੀਆਂ ਵਿਦਿਆਰਥਣਾਂ ਲੰਘੀ ਰਾਤ ਤੋਂ ਇਨਸਾਫ਼ ਪ੍ਰਾਪਤੀ ਲਈ ਧਰਨੇ ਤੇ ਹਨ, 8 ਕੁੜੀਆਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਮੁੱਢੋਂ ਨਕਾਰ ਰਿਹਾ ਹੈ। ਮਾਮਲਾ ਹੋਸਟਲ ਦੀਆਂ 60 ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਹੈ । ਇਹਨਾਂ 60 ਕੁੜੀਆਂ ਦੀਆਂ ਵੀਡੀਓ ਬਣਾਉਣ ਵਾਲੀ ਕੁੜੀ ਵੀ ਹੋਸਟਲ ਦੀ ਹੀ ਹੈ, ਜਿਸ ਦੀਆਂ ਤੰਦਾਂ ਸ਼ਿਮਲਾ ਨਾਲ਼ ਜੁੜਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਨੇ ਮਾਮਲਾ ਸਹੀ ਢੰਗ ਨਾਲ਼ ਨਿਪਟਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਰਾਤ ਨੂੰ ਜਦੋਂ 8 ਕੁੜੀਆਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚੋਂ ਕੁੱਝ ਕੁੜੀਆਂ ਹਸਪਤਾਲ ਦਾਖਲ ਵੀ ਹਨ। ਪੁਲਸ ਪ੍ਰਸ਼ਾਸ਼ਨ , ਯੂਨੀਵਰਰਸਿਟੀ ਪ੍ਰਸ਼ਾਸ਼ਨ ਨਾਲ ਮਿਲ ਕੇ ਇਸ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਂਪਸ ਵਿੱਚ ਮੀਡਿਆ ਦੇ ਜਾਣ ‘ਤੇ ਪੂਰਨ ਪਾਬੰਦੀ ਲਾ ਦਿੱਤੀ ਹੈ, ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਨੂੰ ਸ਼ਾਮਿਲ ਕਰ ਕੇ ਪ੍ਰਸ਼ਾਸ਼ਨ ਨੇ ਵਿਦਿਆਰਥੀਆਂ ਨੂੰ ਅੰਦਰੋਂ ਬਾਹਰ ਜਾਣ ਅਤੇ ਬਾਹਰੋਂ ਅੰਦਰ ਜਾਣ ਤੇ ਰੋਕ ਲਾ ਦਿੱਤੀ ਹੈ, ਨਾਲ਼ ਹੀ ਲਾਠੀਚਾਰਜ ਵੀ ਕੀਤਾ ਗਿਆ ਅਤੇ ਡਰਾਅ, ਧਮਕਾ ਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਰੌਲਾ ਨਾ ਪਾਉਣ।
ਉਨਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਸਲੇ ਤੇ ਪ੍ਰਸਾਸ਼ਨ ਨੂੰ ਸਜਿੰਦਗੀ ਨਾਲ਼ ਕਾਰਵਾਈ ਕਰਨੀ ਚਾਹੀਦੀ ਸੀ, ਪਰ ਹੋਇਆ ਇਹ ਕਿ ਪ੍ਰਸ਼ਾਸ਼ਨ ਬੇਸ਼ਰਮੀ ਦਿਖਾਉਂਦੇ ਹੋਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦਿਆਰਥੀਆਂ ਦੇ ਦਬਾਅ ਸਦਕਾ ਕੁੜੀ ਤੇ ਐੱਫ ਆਈ ਆਰ ਤਾਂ ਦਰਜ਼ ਕਰ ਲਈ ਗਈ ਹੈ, ਪਰ ਪੁਲਸ ਦੁਆਰਾ ਮੀਡੀਆ ਵਿੱਚ ਇਹ ਝੂਠ ਪਰੋਸਿਆ ਜਾ ਰਿਹਾ ਹੈ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਨਹੀਂ ਬਣੀ ਅਤੇ ਨਾ ਹੀ ਕਿਸੇ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਦਕਿ ਉਹ ਕੁੜੀ ਖੁਦ ਸਾਹਮਣੇ ਆਈਆਂ ਦੋ ਵੀਡੀਓ ਵਿੱਚ ਮੰਨ ਰਹੀ ਹੈ ਕਿ ਉਸਨੇ ਹੋਰ ਵੀ ਕੁੜੀਆਂ ਦੀਆਂ ਵੀਡੀਓ ਬਣਾਈਆਂ ਹਨ। ਸੰਭਵ ਹੈ ਕਿ ਇਹ ਕਿਸੇ ਵੱਡੀ ਗਹਿਰੀ ਸਾਜਿਸ਼ ਹੋਵੇ।
ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਚ ਯੂਨੀਵਰਸਿਟੀ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਮਿਲਕੇ ਵਿਦਿਆਰਥਣਾਂ ਦੀ ਇਨਸਾਫ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਦਹਿਸ਼ਤ ਪੈਦਾ ਰਿਹਾ ਹੈ। ਅਜਿਹੇ ਸਾਰੇ ਕੁੱਝ ਦੇ ਬਾਵਜ਼ੂਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ/ਵਿਦਿਆਰਥਣਾਂ ਇਨਸਾਫ਼ ਹਾਸਲ ਕਰਨ ਲਈ ਪੁਲਿਸ ਦੀਆਂ ਤਮਾਮ ਰੋਕਾਂ ਤੋੜਦੇ ਹੋਏ ਸੜਕਾਂ’ਤੇ ਨਿੱਕਲ ਤੁਰੇ ਹਨ। ਅਜਿਹੇ ਵਿੱਚ ਸਭਨਾਂ ਇਨਸਾਫ਼ਪਸੰਦ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਹਨਾਂ ਵਿਦਿਆਰਥਣਾਂ ਦੇ ਹੱਕ ਵਿੱਚ ਜੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਨਕਲਾਬੀ ਕੇਂਦਰ, ਪੰਜਾਬ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਨੂੰ ਵਾਪਰਨ/ਦਬਾਉਣ ਦੇ ਜਿੰਮੇਵਾਰ ਯੂਨੀਵਰਸਿਟੀ ਮਨੇਜਮੈਂਟ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਖਿਲਾਫ਼ ਪੰਜਾਬ ਸਰਕਾਰ ਕੋਲੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦਾ ਹੈ। ਇਹ ਵੀ ਮੰਗ ਕਰਦਾ ਹੈ ਕਿ ਇਸ ਪੂਰੇ ਮਾਮਲੇ ਨੂੰ ਇੱਕ ਵਿਦਿਆਰਥਣ ਤੱਕ ਸੀਮਿਤ ਨਾਂ ਰੱਖਿਆ ਜਾਵੇ, ਸਗੋਂ ਤਹਿ ਤੱਕ ਜਾਂਦਿਆਂ ਇਸ ਸਮੁੱਚੇ ਘਟਨਾਕ੍ਰਮ ਦੀ ਨਿਆਇਕ ਜਾਂਚ ਕਰਵਾਕੇ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।