CHANDIGARH UNIVERSITY VIRAL VIDEO ISSUE
ਦੋਸ਼ੀ ਲੜਕੀ ਨੂੰ ਪੁਲਿਸ ਨੇ ਕੀਤਾ ਕਾਬੂ, ਸਟੂਡੈਂਟਸ ਨੇ ਕੀਤਾ ਹੰਗਾਮਾ
CM ਭਗਵੰਤ ਮਾਨ, ਕੈਬਨਿਟ ਮੰਤਰੀ ਮੀਤ ਹੇਅਰ , ਮਨੀਸ਼ਾ ਗੁਲਾਟੀ ਅਤੇ ਐਸ.ਐਸ.ਪੀ. ਸੋਨੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ
ਹਰਿੰਦਰ ਨਿੱਕਾ/ਜੀ.ਐਸ. ਵਿੰਦਰ , ਮੋਹਾਲੀ 18 ਸਤੰਬਰ 2022
ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਮੋਹਾਲੀ ‘ਚ ਨਹਾਉਂਦੀਆਂ ਕੁੜੀਆਂ ਦੀ ਵੀਡੀੳ ਵਾਇਰਲ ਹੋਣ ਦਾ ਭੇਦ ਖੁੱਲ੍ਹਦਿਆਂ ਹੀ ਯੂਨੀਵਰਸਿਟੀ ਵੱਡਾ ਹੰਗਾਮਾ ਖੜ੍ਹਾ ਹੋ ਗਿਆ। ਯੂਨੀਵਰਸਿਟੀ ਦੇ ਹਾਲਤ਼ ਤਣਾਅਪੂਰਣ ਹੁੰਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਵੀਡੀਉ ਬਣਾਉਣ ਵਾਲੀ ਐਮ.ਬੀ.ਏ. ਦੀ ਹਿਮਾਚਲ ਦੀ ਰਹਿਣ ਵਾਲੀ ਸਟੂਡੈਂਟ ਨੂੰ ਗਿਰਫਤਾਰ ਵੀ ਕਰ ਲਿਆ ਗਿਆ। ਜਦੋਂਕਿ ਉਸ ਦੇ ਬੁਆਏਫ੍ਰੈਂਡ ਦੀ ਪੁਲਿਸ ਤਲਾਸ਼ ਵਿੱਚ ਲੱਗ ਗਈ ਹੈ। ਬਾਥਰੂਮਾਂ ਵਿੱਚ ਨਹਾਉਂਦੀਆਂ 60 ਦੇ ਕਰੀਬ ਵਿਦਿਆਰਥਣਾਂ ਦੀਆਂ ਚੋਰੀਉਂ ਵੀਡੀਉਜ ਬਣਾ ਕੇ ਆਪਣੇ ਬੁਆਏਫ੍ਰੈਂਡ ਦੇ ਜਰੀਏ ਵਾਇਰਲ ਕਰ ਦੇਣ ਦੀ ਕਥਿਤ ਅਫਵਾਹ ਫੈਲਣ ਤੋਂ ਬਾਅਦ 8 ਕੁੜੀਆਂ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦੀ ਖਬਰ ਬਾਹਰ ਨਿੱਕਲੀ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਤੁਰੰਤ ਇਸ ਦਾ ਖੰਡਨ ਕਰ ਦਿੱਤਾ। ਐਸਐਸਪੀ ਮੋਹਾਲੀ ਵਿਵੇਕਸ਼ੀਲ ਸੋਨੀ ਨੇ ਮੀਡੀਆ ਅੱਗੇ ਸਾਫ ਕੀਤਾ ਕਿ ਹਸਪਤਾਲ ਦੇ ਰਿਕਾਰਡ ਅਨੁਸਾਰ ਕਿਸੇ ਵੀ ਲੜਕੀ ਨੇ ਕੋਈ ਆਤਮ ਹੱਤਿਆ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਕੋਈ ਅਜਿਹੀ ਲੜਕੀ ਹਸਪਤਾਲ ਵਿੱਚ ਦਾਖਿਲ ਹੋਈ ਹੈ। ਐਸਐਸਪੀ ਸੋਨੀ ਨੇ ਦੱਸਿਆ ਕਿ ਵੀਡੀਉ ਬਣਾਉਣ ਸਬੰਧੀ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰਕੇ, ਨਾਮਜ਼ਦ ਦੋਸ਼ੀ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ, ਉਸ ਦਾ ਮੋਬਾਇਲ ਫੋਨ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਦੇ ਅਧਾਰ ਤੇ ਦੋਸ਼ੀ ਲੜਕੀ ਦੇ ਸ਼ਿਮਲਾ ਵਾਸੀ ਬੁਆਏਫ੍ਰੈਡ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਬਾਹਰ ਆਇਆ ਅਸ਼ਲੀਲ ਵੀਡੀੳ ਬਣਾਉਣ ਦਾ ਮਾਮਲਾ
ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਅਨੁਸਾਰ ਇੱਕ ਲੜਕੀ ਦੀ ਵੀਡੀਉ ਇੰਟਰਨੈਟ ਤੇ ਅਪਲੋਡ ਹੋਣ ਤੋਂ ਬਾਅਦ ਇਸ ਘਟਨਾਕ੍ਰਮ ਬਾਰੇ ਪਤਾ ਲੱਗਿਆ ਤਾਂ ਫਿਰ ਹੋਸਟਲ ਵਿੱਚ ਰਹਿੰਦੀ ਲੜਕੀ ਦੀ ਸ਼ਿਨਾਖਤ ਵੀ ਕਰ ਲਈ ਗਈ। ਇਸ ਬਾਰੇ ਹੋਸਟਲ ਦੀ ਵਾਰਡਨ ਤੈ ਪ੍ਰਬੰਧਕਾਂ ਨੂੰ ਸ਼ਕਾਇਤ ਕੀਤੀ ਗਈ, ਪਰੰਤੂ ਉਨਾਂ ਕੋਈ ਉਚਿਤ ਕਾਰਵਾਈ ਕਰਨ ਦੀ ਬਜਾਏ, ਯੂਨੀਵਰਸਿਟੀ ਦੀ ਬਦਨਾਮੀ ਦੇ ਡਰ ਤੋਂ ਮਾਮਲੇ ਨੂੰ ਅੰਦਰ ਹੀ ਅੰਦਰ ਰਫਾ ਦਫਾ ਕਰਨ ਦਾ ਯਤਨ ਕੀਤਾ। ਦੋਸ਼ੀ ਲੜਕੀ ਤੋਂ ਵਾਰਡਨ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੀ ਵੀਡੀਉ ਵੀ ਵਾਇਰਲ ਹੋ ਗਈ। ਤਾਂ ਮਾਮਲੇ ਨੇ ਤੂਲ ਫੜ੍ਹ ਲਿਆ, ਇਨਸਾਫ ਲੈਣ ਲਈ, ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨੇ ਲੰਘੀ ਰਾਤ ਰੋਸ ਪ੍ਰਦਰਸ਼ਨ ਕੀਤਾ ਤਾਂ ਜਾ ਕੇ ਪੁਲਿਸ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ। ਐਸ.ਐਸ.ਪੀ ਸੋਨੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਹਿਰਾਸਤ ਵਿੱਚ ਲਈ ਗਈ, ਲੜਕੀ ਦੀ ਪੁੱਛਗਿੱਛ ਅਨੁਸਾਰ, ਉਸ ਨੇ ਕਿਸੇ ਹੋਰ ਲੜਕੀ ਦੀ ਨਹੀਂ, ਬਲਕਿ ਸਿਰਫ ਆਪਣੀ ਨਗਨ ਵੀਡੀੳਹੀ ਆਪਣੇ ਬੁਆਏਫ੍ਰੈਂਡ ਨੂੰ ਸੈਂਡ ਕੀਤੀ ਸੀ। ਉਨਾਂ ਦੱਸਿਆ ਕਿ ਕੇਸ ਦਰਜ਼ ਕਰਕੇ, ਤਫਤੀਸ਼ ਡੀਐਸਪੀ ਰੁਪਿੰਦਰ ਕੌਰ ਨੂੰ ਸੌਂਪ ਦਿੱਤੀ ਹੈ। ਯੂਨੀਵਰਸਿਟੀ ਦੇ ਹੋਸਟਲ ਦੀ ਵਾਰਡਨ ਵੱਲੋਂ ਲੜਕੀ ਤੋਂ ਕੀਤੀ ਜਾ ਰਹੀ, ਪੁੱਛਗਿੱਛ ਦੌਰਾਨ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਹੋਰ ਕੁੜੀਆਂ ਦੀ ਇੱਜਤ ਉਛਾਲਣ ਲਈ ਭੋਰਾ ਵੀ ਸ਼ਰਮ ਨਹੀਂ ਆਈ। ਪਰੰਤੂ ਦੂਜੇ ਪਾਸੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਵਾਰਡਨ ਤੋਂ ਗਲਤੀ ਨਾਲ ਅਜਿਹਾ ਕਿਹਾ ਗਿਆ ਹੈ,ਜਦੋਂਕਿ ਫਿਲਹਾਲ ਤੱਕ ਦੀ ਪੁੱਛਗਿੱਛ ਦੌਰਾਨ, ਕਿਸੇ ਹੋਰ ਲੜਕੀ ਦੀ ਕੋਈ ਵੀਡੀਉ ਬਣਾਏ ਜਾਣ ਦਾ ਕੋਈ ਤੱਥ ਸਾਹਮਣੇ ਨਹੀਂ ਆਇਆ। ਉਨਾਂ ਐਂਬੂਲੈਂਸ ਵਿੱਚ ਲਿਜਾਈ ਜਾ ਰਹੀ ਇੱਕ ਲੜਕੀ ਵੱਲੋਂ ਆਤਮ ਹੱਤਿਆ ਕਰਨ ਦੇ ਯਤਨ ਦਾ ਵੀ ਖੰਡਨ ਕਰਦਿਆਂ ਸਫਾਈ ਦਿੱਤੀ ਕਿ ਉਹ ਪ੍ਰਦਰਸ਼ਨ ਦੌਰਾਨ ਬੇਹੋਸ਼ ਹੋ ਗਈ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਦੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਫਵਾਹਾਂ ਤੋਂ ਸੁਚੇਤ ਰਹੋ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਮੈਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਉੱਚ ਸਿੱਖਿਆ ਅਤੇ ਖੇਡ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ, ਘਟਨਾ ਤੇ ਦੁੱਖ ਤੇ ਚਿੰਤਾ ਪ੍ਰਗਟ ਕਰਦਿਆਂ, ਕਿਹਾ ਕਿ ਘਟਨਾ ਦੁਖਦਾਈ ਹੈ, ਪਰੰਤੂ ਲੋਕਾਂ ਨੂੰ ਮਾਹੌਲ ਨੂੰ ਖਰਾਬ ਕਰਨ ਲਈ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀਆਂ ਵੀਡੀਉਜ ਵਾਇਰਲ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਯੂਨੀਵਰਸਿਟੀ ਦੀ ਘਟਨਾ ਲਈ ਜਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਲੋਕਾਂ ਮਨਾਂ ‘ਚ ਉੱਠਦੇ ਸਵਾਲਾਂ ਨੂੰ ਜੁਆਬਾਂ ਦਾ ਇੰਤਜ਼ਾਰ
ਯੂਨੀਵਰਸਿਟੀ ਅੰਦਰ ਨਹਾਉਂਦੀਆਂ ਲੜਕੀਆਂ ਦੀ ਵੀਡੀਉਜ ਤੋਂ ਬਾਅਦ ਚਰਚਾ ਵਿੱਚ ਆਏ ਮਾਮਲੇ ਤੇ ਪੂਰੇ ਘਟਨਾਕ੍ਰਮ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਲੋਕ ਮਨਾਂ ਅੰਦਰ ਉੱਠ ਰਹੇ ਕੁੱਝ ਸਵਾਲਾਂ ਨੂੰ ਤਫਤੀਸ਼ ਰਾਹੀਂ ਮਿਲਣ ਵਾਲੇ ਜੁਆਬਾਂ ਦਾ ਇੰਤਜ਼ਾਰ ਹੈ।
- ਯੂਨੀਵਰਸਿਟੀ ਦੀ ਗਿਰਫਤਾਰ ਕੀਤੀ ਇੱਕ ਸਟੂਡੈਂਟ ਨੇ, ਕਿਵੇਂ ਹੋਰ 60 ਕੁੜੀਆਂ ਦੀ ਵੀਡੀੳ ਬਣਾ ਲਈ ?
- ਗਿਰਫਤਾਰ ਕੀਤੀ ਸਟੂਡੈਂਟ ਲੜਕੀ ਦੇ ਨਾਲ ਹੋਰ ਵੀ ਕੋਈ ਕੁੜੀਆਂ ਸ਼ਾਮਿਲ ਹਨ ?
- ਦੋਸ਼ੀ ਲੜਕੀ ਦੇ ਸ਼ਿਮਲਾ ਵਾਸੀ ਬੁਆਏਫ੍ਰੈਂਡ ਦਾ ਹੋਰਨਾਂ ਕੁੜੀਆਂ ਦੀਆਂ ਨਹਾਉਂਦੀਆਂ ਵੀਡੀਉਜ਼ ਮੰਗਵਾਉਣ ਦਾ ਕੀ ਮੰਸ਼ਾ ਸੀ ?
- ਯੂਨੀਵਰਸਿਟੀ ਵਿੱਚ ਲੜਕੀਆਂ ਦੀਆਂ ਨਗਨ ਵੀਡੀਉਜ਼ ਤਿਆਰ ਕਰਨ ਵਾਲਾ ਕੋਈ ਵੱਡਾ ਗਿਰੋਹ ਤਾਂ ਸਰਗਰਮ ਨਹੀਂ ?
- ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ?
- ਯੂਨੀਵਰਸਿਟੀ ਪ੍ਰਬੰਧਕਾਂ ਦੀ ਪੂਰੇ ਘਟਨਾਕ੍ਰਮ ਨੂੰ ਲੈ ਕੇ ਨਿਭਾਈ ਭੂਮਿਕਾ ਦੀ ਵੀ ਜਾਂਚ ਹੋਵੇਗੀ ?
ਅਜਿਹੇ ਸਾਰੇ ਸਵਾਲਾਂ ਦਾ ਜੁਆਬ ਪੁਲਿਸ ਦੀ ਗੰਭੀਰਤਾ ਨਾਲ ਹੋਣ ਵਾਲੀ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ।