ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪੀ.ਏ.ਯੂ. ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ
ਅਰੋੜਾ ਨੇ ਪੀ.ਏ.ਯੂ. ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਲੁਧਿਆਣਾ 12 ਸਤੰਬਰ, 2022 (ਦਵਿੰਦਰ ਡੀ ਕੇ)
ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨਾਮਜ਼ਦ ਹੋਏ ਸ਼੍ਰੀ ਸੰਜੀਵ ਅਰੋੜਾ ਨੇ ਅੱਜ ਪੀ.ਏ.ਯੂ. ਦਾ ਇੱਕ ਵਿਸ਼ੇਸ਼ ਦੌਰਾ ਕੀਤਾ । ਇਸ ਦੌਰਾਨ ਸ਼੍ਰੀ ਅਰੋੜਾ ਨੇ ਪੀ.ਏ.ਯੂ. ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ।
ਇਸ ਮੀਟਿੰਗ ਦੌਰਾਨ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਦੇ ਖੇਤਰ ਵਿੱਚ ਇਤਿਹਾਸਕ ਕਾਰਜ ਕੀਤਾ ਹੈ ਅਤੇ ਇਸ ਕਾਰਜ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਲਾਜ਼ਮੀ ਹੈ । ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਜਾਨਣੀ ਚਾਹੀਦੀ ਹੈ ਕਿ ਪੀ.ਏ.ਯੂ. ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਦੇ ਨਾਲ-ਨਾਲ ਨਵੀਆਂ ਖੇਤੀ ਤਕਨੀਕਾਂ ਦੇ ਵਿਕਾਸ ਵਿੱਚ ਲਾਜਵਾਬ ਕੰਮ ਕੀਤਾ ਹੈ । ਉਹਨਾਂ ਨੇ ਕਿਹਾ ਕਿ ਲੁਧਿਆਣਾ ਕੱਪੜਾ ਉਦਯੋਗ ਦੀ ਧੁਰੀ ਹੋਣ ਕਾਰਨ ਇੱਥੋਂ ਦੇ ਵਪਾਰੀਆਂ ਨੂੰ ਰੂੰ ਦੇ ਮਿਆਰ ਅਤੇ ਮੰਗ ਬਾਰੇ ਬਿਹਤਰ ਜਾਣਕਾਰੀ ਹੈ । ਚੰਗਾ ਹੋਵੇ ਜੇਕਰ ਕਿਸਾਨਾਂ ਅਤੇ ਮਾਹਿਰਾਂ ਦੇ ਨਾਲ ਉਦਯੋਗਿਕ ਸੰਪਰਕ ਵੀ ਜੋੜ ਲਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਬਜ਼ਾਰ ਦੀ ਮੰਗ ਕੀ ਹੈ । ਸ਼੍ਰੀ ਅਰੋੜਾ ਨੇ ਕਣਕ-ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਨਾਲ ਹੀ ਉਹਨਾਂ ਨੇ ਇਸ ਦਿਸ਼ਾ ਵਿੱਚ ਹੋਰ ਕਾਰਜ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਕੁਦਰਤੀ ਅਤੇ ਜੈਵਿਕ ਉਤਪਾਦ ਅੱਜ ਹਰ ਵਿਅਕਤੀ ਦੀ ਲੋੜ ਹਨ । ਇਸ ਦਿਸ਼ਾ ਵਿੱਚ ਵੀ ਯੂਨੀਵਰਸਿਟੀ ਨੂੰ ਠੋਸ ਕਾਰਜ ਕਰਨੇ ਚਾਹੀਦੇ ਹਨ । ਰਾਜ ਸਭਾ ਮੈਂਬਰ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਪੀ.ਏ.ਯੂ. ਦੀਆਂ ਲੋੜਾਂ ਅਤੇ ਮੰਗਾਂ ਬਾਬਤ ਹਰ ਸੰਭਵ ਕੋਸ਼ਿਸ਼ ਕਰਨਗੇ । ਇੱਥੋਂ ਤੱਕ ਕਿ ਉਹ ਰਾਜ ਸਭਾ ਵਿੱਚ ਵੀ ਪੀ.ਏ.ਯੂ. ਦੀ ਅਵਾਜ਼ ਬਣਨਗੇ । ਸ਼੍ਰੀ ਅਰੋੜਾ ਨੇ ਅਜਾਇਬ ਘਰ ਅਤੇ ਹੋਰ ਮਸਲਿਆਂ ਬਾਰੇ ਇੱਕ ਤਜ਼ਵੀਜ਼ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਉਸ ਉੱਪਰ ਠੋਸ ਕਾਰਵਾਈ ਹੋ ਸਕੇ ।