ਐਨਐਚਐਮ ਮੁਲਾਜ਼ਮਾਂ ਨੇ ਦੋ ਘੰਟੇ ਕੰਮ ਬੰਦ ਕਰਕੇ ਸਰਕਾਰ ਖਿਲਾਫ ਕੀਤਾ ਜੋਰਦਾਰ ਮੁਜਾਹਰਾ
ਕੱਚੇ ਸਿਹਤ ਮੁਲਾਜ਼ਮਾਂ ਨੇ ਰੈਗੂਲਰ ਕਰਨ ਦੀ ਮੰਗ ਕਰਦਿਆਂ 10 ਸਾਲ ਤੋਂ ਘੱਟ ਸਰਵਿਸ ਵਾਲੇ ਵੀ ਰੈਗੂਲਰ ਕਰਨ ਦੀ ਮੰਗ ਕੀਤੀ
ਸੋਨੀ ਪਨੇਸਰ , ਬਰਨਾਲਾ, 12 ਸਤੰਬਰ 2022
ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਐਨਐਚਐਮ ਮੁਲਾਜ਼ਮਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਖਾਤਰ ਅੱਜ ਦੋ ਘੰਟੇ ਲਈ ਕੰਮ ਬੰਦ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ।ਇਸ ਮੌਕੇ ਨਾਅਰੇਬਾਜੀ ਕਰਦਿਆਂ ਕੱਚੇ ਸਿਹਤ ਮੁਲਾਜ਼ਮਾਂ ਨੇ ‘ਆਪ’ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਏ।ਮੁਲਾਜਮਾਂ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਨਿਗੂਣੀਆਂ ਤਣਖਾਹਾਂ ਤਹਿਤ ਕੰਮ ਕਰ ਰਹੇ ਹਨ ਤੇ ਪਿਛਲੇ ਸਮੇਂ ਹਰ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਆਗੂ ਕਮਲਜੀਤ ਕੌਰ ਪੱਤੀ,ਰੁਪਿੰਦਰ ਕੌਰ,ਬਲਵਿੰਦਰ ਕੌਰ,ਨਵਦੀਪ ਸਿੰਘ,ਸੁਖਪਾਲ ਸਿੰਘ,ਮਨਜੀਤ ਸਿੰਘ,ਵਿੱਕੀ,ਮਨਜਿੰਦਰ ਸਿੰਘ,ਜਸਪ੍ਰੀਤ ਕੌਰ,ਲਵਪ੍ਰੀਤ ਕੌਰ,ਗੁਰਦੀਪ ਸਿੰਘ,ਗੁਰਜੀਤ ਸਿੰਘ,ਰਘਬੀਰ ਸਿੰਘ,ਅਰੁਣ ਕੁਮਾਰ,ਡਾਕਟਰ ਪੂਨਮ ਆਦਿ ਨੇ ਕਿਹਾ ਕਿ ਚੋਣਾਂ ਸਮੇਂ ਆਮ ਆਦਮੀ ਪਾਰਟੀ ਵੱਲੋਂ ਐਨਐਚਐਮ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਨਣ ‘ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਸਮੂਹ ਐਨਐਚਐਮ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਪ੍ਰੰਤੂ ਹੁਣ ‘ਆਪ’ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਜਿਸ ਕਾਰਨ ਅੱਜ ਸਾਨੂੰ ਸੰਘਰਸ਼ ਦਾ ਰਾਹ ਚੁਨਣਾ ਪਿਆ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਕੋਵਿਡ-19 ਮਹਾਂਮਾਰੀ ਦੌਰਾਨ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਐਮਰਜੈਂਸੀ ਸੇਵਾਵਾਂ ਦਿੱਤੀਆਂ ਗਈਆ, ਇਸ ਲਈ ਉਹਨਾਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਹੈਲਸ਼ ਮਿਸ਼ਨ ਖਾਤਰ ਸਪੈਸ਼ਲ ਰੈਗੂਲਾਇਜੇਸ਼ਨ ਪਾਲਿਸੀ ਬਣਾ ਕੇ ਪੰਜਾਬ ਸਰਕਾਰ ਨੂੰ ਸਮੂਹ ਐਨਐਚਐਮ ਮੁਲਜਮਾਂ ਨੂੰ ਬਿਨਾਂ ਭੇਦਭਾਵ ਦੇ ਰੈਗੂਲਰ ਕਰਨਾ ਚਾਹੀਦਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਪੰਜਾਬ ਸਰਕਾਰ ਨੈਸ਼ਨਲ ਹੈਲਸ਼ ਮਿਸ਼ਨ ਦੇ ਮੁਲਾਜਮਾਂ ਨੂੰ ਰੈਗੂਲਰ ਕਰਨ ਸਬੰਧੀ ਪੂਰਨ ਤੌਰ ਤੇ ਐਲਾਨ ਨਹੀਂ ਕਰਦੀ,। ਉਦੋਂ ਤੱਕ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਇਸ ਮਹੀਨੇ ਦੇ ਅੰਤ ਵਿੱਚ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਿਹਤ ਵਿਭਾਗ ਵਰਗੇ ਅਹਿਮ ਮਹਿਕਮੇ ਨੂੰ ਇਸ ਪਾਲਿਸੀ ਤੋਂ ਬਾਹਰ ਰੱਖਦੀ ਹੈ ਅਤੇ 10 ਸਾਲ ਤੋਂ ਘੱਟ ਸਮੇਂ ਦੀਆਂ ਸੇਵਾਵਾਂ ਵਾਲੇ ਐਨਐਚਐਮ ਮੁਲਾਜ਼ਮਾਂ ਸਬੰਧੀ ਕੋਈ ਫੈਸਲਾ ਨਹੀਂ ਲੈਂਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।