ਬਠਿੰਡਾ-ਸੰਗਰੂਰ ਰੋਡ ’ਤੇ ਖਾਲੀ ਥਾਵਾਂ ਨੂੰ ਸ਼ਿੰਗਾਰਨ ਲਈ 8500 ਤੋਂ ਵੱਧ ਪੌਦੇ ਲਾਏ: ਪਰਮਵੀਰ ਸਿੰਘ
ਹਰਿੰਦਰ ਨਿੱਕਾ , ਬਰਨਾਲਾ, 12 ਸਤੰਬਰ 2022
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਹਰਿਆਵਲ ਮੁਹਿੰਮ ਤਹਿਤ ਪੌਦੇ ਲਾਉਣੇ ਜਾਰੀ ਹਨ। ਇਸ ਮੁਹਿੰਮ ਤਹਿਤ ਬਰਨਾਲਾ ਦੇ ਵਾਤਾਵਰਣ ਪਾਰਕ ਨੇੜਲੇ ਖੇਤਰ ਨੂੰ ‘ਗਰੀਨ ਕਵਰ’ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਬਰਨਾਲਾ ਨੂੰ ਹਰਿਆਵਲ ਪੱਖੋਂ ਮੋਹਰੀ ਬਣਾਇਆ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਪਰਮਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਾਤਾਵਰਣ ਪਾਰਕ ਨੇੜੇ ਬਰਨਾਲਾ ਬਾਈਪਾਸ ਬਠਿੰਡਾ-ਸੰਗਰੂਰ ਰੋਡ ’ਤੇ ਪੁਲ ਦੇ ਆਸ-ਪਾਸ ਖਾਲੀ ਥਾਵਾਂ ’ਤੇ ਵਿਆਪਕ ਪਲਾਂਟੇਸ਼ਨ ਕਰ ਕੇ ਇਸ ਨੂੰ ‘ਗਰੀਨ ਕਵਰ’ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਖੇਤਰ ’ਚ 2800 ਦੇ ਕਰੀਬ ਟੀਕ ਦੇ ਪੌਦੇ, 520 ਪਿਲਕਨ, 3400 ਸੁਖਚੈਨ, 900 ਟਾਹਲੀ, 600 ਗੁਲਮੋਹਰ ਦੇ ਪੌਦੇ, 400 ਦੇ ਕਰੀਬ ਅਮਲਤਾਸ ਦੇ ਪੌਦੇ ਲਾਏ ਗਏ ਹਨ।ਉਨਾਂ ਦੱਸਿਆ ਕਿ ਜਿੱਥੇ ਪੂਰੇ ਜ਼ਿਲੇ ਵਿਚ ਮਿਨੀ ਜੰਗਲਾਂ ਸਮੇਤ 6 ਲੱਖ ਪੌਦੇ ਲਾਉਣ ਦਾ ਟੀਚਾ ਹੈ, ਉਥੇ ਹੁਣ ਤੱਕ 2,11,000 ਤੋਂ ਵੱਧ ਪੌਦੇ ਲਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਹ ਪੌਦੇ ਪੜਾਅ ਦਰ ਪੜਾਅ ਲਾਏ ਜਾ ਰਹੇ ਹਨ। ਹੁਣ ਵਾਤਾਵਰਣ ਪਾਰਕ ਨੇੜਲੇ ਖੇਤਰ ਤੋਂ ਬਾਅਦ ਬਰਨਾਲਾ ਸ਼ਹਿਰ ਦੀ ਅਨਾਜ ਮੰਡੀ ਦੇ ਖੇਤਰ ’ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜਿੱਥੇ ਛਾਂਦਰ ਪੌਦੇ ਅਤੇ ਫੁੱਲਦਾਰ ਪੌਦੇ ਜ਼ਿਲੇ ਦੇ ਮੁੱਖ ਮਾਰਗਾਂ ਨੂੰ ਸ਼ਿੰਗਾਰਨ ਲਈ ਲਾਏ ਜਾ ਰਹੇ ਹਨ, ਉਥੇ ਫਲਦਾਰ ਪੌਦੇ ਵੀ ਸਕੂਲਾਂ ਤੇ ਹੋਰ ਸੁਰੱਖਿਅਤ ਥਾਵਾਂ ’ਤੇ ਲਾਏ ਗਏ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਵੀ ਇਸ ਮੁਹਿੰਮ ’ਚ ਸਹਿਯੋਗ ਦਾ ਸੱਦਾ ਦਿੱਤਾ ਤਾਂ ਜੋ ਜ਼ਿਲਾ ਬਰਨਾਲਾ ’ਚ ਵੱਧ ਤੋਂ ਵੱਧ ਹਰਿਆਵਲ ਨਾਲ ਪਾਣੀ ਦੇ ਡੂੰਘੇ ਹੋ ਰਹੇ ਪੱਧਰ ਨੂੰ ਉਚਾ ਚੁੱਕਿਆ ਜਾ ਸਕੇ ਅਤੇ ਵਾਤਾਵਰਣ ਸੰਭਾਲ ਹੋ ਸਕੇ।