ਵੱਖ-ਵੱਖ ਪੈਨਸ਼ਨ ਸਕੀਮਾਂ ਦਾ ਲਾਭ ਦੇਣ ਲਈ ਭਰਵਾਏ ਜਾਣਗੇ ਫਾਰਮ
ਰਘਵੀਰ ਹੈਪੀ , ਬਰਨਾਲਾ, 12 ਸਤੰਬਰ 2022
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੈਨਸ਼ਨ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰ ਤੱਕ ਪਹੁੰਚਾਉਣ ਦੇ ਮੰਤਵ ਨਾਲ ਪਿੰਡ ਪੱਧਰੀ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਇਆ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਪੈਨਸ਼ਨ ਸੁਵਿਧਾ ਕੈਂਪ ਹਰਕੇ ਬੁੱਧਵਾਰ ਨੂੰ ਲਗਾਏ ਜਾ ਰਹੇ ਹਨ ਅਤੇ ਇਸ ਹਫਤੇ ਦਾ ਪੈਨਸ਼ਨ ਸੁਵਿਧਾ ਕੈਂਪ 14 ਸਤੰਬਰ ਨੂੰ ਲਗਾਇਆ ਜਾਣਾ ਹੈ। ਉਨਾਂ ਦੱਸਿਆ ਕਿ ਇਹ ਕੈਂਪ ਪਿੰਡ ਅਲਕੜੇ ਦੇ ਗੁਰਦੁਆਰਾ ਸਾਹਿਬ ਵਿਖੇ ਲਾਇਆ ਜਾਣਾ ਹੈ, ਜਿਸ ਤਹਿਤ ਜੰਗੀਆਣਾ, ਸੰਧੂ ਕਲਾਂ, ਤਲਵੰਡੀ, ਪੱਤੀ ਮੋਹਰ ਸਿੰਘ, ਪੱਤੀ ਦੀਪ ਸਿੰਘ, ਕੋਠੇ ਖਿਉਣ ਸਿੰਘ ਵਾਲਾ ਆਦਿ ਪਿੰਡਾਂ ਦੇ ਲੋਕ ਲਾਹਾ ਲੈ ਸਕਦੇ ਹਨ। ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਲਾਇਆ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਸਬੰਧਤ ਬਲਾਕ ਦੇ ਪਿੰਡਾਂ ਦੇ ਯੋਗ ਵਿਅਕਤੀਆਂ ਨੂੰ ਸਮਾਜਿਕ ਸੁਰੱਖਿਆ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਬੁਢਾਪਾ ਪੈਨਸ਼ਨ ਸਕੀਮ, ਵਿਧਵਾ ਪੈਨਸ਼ਨ ਸਕੀਮ, ਨਿਆਸਰਿਤ ਔਰਤਾਂ ਨੂੰ ਪੈਨਸ਼ਨ ਸਕੀਮ, ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਸਕੀਮ ਅਤੇ ਦਿਵਿਆਂਗਜਨ ਵਿਅਕਤੀਆਂ ਨੂੰ ਪੈਨਸ਼ਨ ਸਕੀਮ ਦਾ ਲਾਭ ਦੇਣ ਲਈ ਮੌਕੇ ’ਤੇ ਫਾਰਮ ਲਏ ਜਾਣਗੇ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਬਿਨੈਕਾਰ ਮੌਕੇ ’ਤੇ ਆਪਣੀ ਯੋਗਤਾ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਖਾਤਾ ਆਦਿ ਆਪਣੇ ਨਾਲ ਅਸਲ ਅਤੇ ਤਸਦੀਕਸ਼ੁਦਾ ਫੋਟੋਕਾਪੀ ਕੈਂਪ ਉੱਤੇ ਮੌਜੂਦ ਕਰਮਚਾਰੀਆਂ ਨੂੰ ਸੌਂਪਦੇ ਹੋਏ ਫਾਰਮ ਭਰਨ ਤਾਂ ਜੋ ਪੈਨਸ਼ਨ ਦਾ ਲਾਭ ਯੋਗ ਬਿਨੈਕਾਰਾਂ ਨੂੰ ਮਿਲ ਸਕੇ। ਉਨਾਂ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।