ਕੈਬਨਿਟ ਮੰਤਰੀਆਂ ਧਾਲੀਵਾਲ ਅਤੇ ਜਿੰਪਾ ਨੇ ਦੁਹਰਾਇਆ ; ਪੰਜਾਬ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ
ਲੁਧਿਆਣਾ, 11 ਸਤੰਬਰ (ਦਵਿੰਦਰ ਡੀ ਕੇ)
ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਮਾਲ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਹਰ ਹੀਲੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।
ਸਥਾਨਕ ਲਾਲਾ ਜਗਤ ਨਰਾਇਣ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਗਿਆਨ ਸੱਥਲ ਮੰਦਰ ਸਭਾ ਵੱਲੋਂ ਕਰਵਾਏ ਗਏ 301ਵੇਂ ਰਾਸ਼ਨ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ ਬਣਦਾ ਹੈ। ਮਾਨਵਤਾ ਦੀ ਮਿਸਾਲੀ ਸੇਵਾ ਕਰਨ ਲਈ ਹਿੰਦ ਸਮਾਚਾਰ ਸਮੂਹ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਲਾਲਾ ਜਗਤ ਨਰਾਇਣ ਅਤੇ ਰਮੇਸ਼ ਜੀ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ।
ਉਨ੍ਹਾਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਲੀਹੋਂ ਲਾਹੁਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀਆਂ ਤਾਕਤਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਹੱਥ ਮਿਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਵਿਦੇਸ਼ਾਂ ਵਿੱਚ ਬੈਠੇ ਕੁਝ ਲੋਕ ਸੂਬੇ ਵਿੱਚ ਕਾਲੇ ਦਿਨ ਵਾਪਸ ਲਿਆਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਭਾਵੇਂ 1980 ਦੇ ਦਹਾਕੇ ਵਿੱਚ ਪੰਜਾਬ ਅੱਤਵਾਦ ਦਾ ਗੜ੍ਹ ਸੀ ਪਰ ਹਿੰਦ ਸਮਾਚਾਰ ਸਮੂਹ ਸੂਬੇ ਨੂੰ ਇਸ ਖਤਰੇ ਤੋਂ ਬਚਾਉਣ ਲਈ ਬਹਾਦਰੀ ਨਾਲ ਅੱਗੇ ਆਇਆ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ ਸੂਬੇ ਵਿੱਚ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾਉਣ ਲਈ ਹਰ ਕੁਰਬਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣ ਲਈ ਸਮੁੱਚਾ ਸੂਬਾ ਹਿੰਦ ਸਮਾਚਾਰ ਸਮੂਹ ਦਾ ਰਿਣੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੇ ਮਨੋਬਲ ਨੂੰ ਡੇਗਣ ਦੀ ਕੋਈ ਵੀ ਕੋਸ਼ਿਸ਼ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਘਾਤਕ ਹੋਵੇਗੀ।