ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧਾਂ ਲਈ ਹਦਾਇਤਾਂ ਜਾਰੀ
ਲੋਕਾਂ ਨੂੰ ਮੁਸ਼ਕਲ ਪੇਸ਼ ਆਉਣ ’ਤੇ 01679-233031 ’ਤੇ ਕੀਤਾ ਜਾਵੇ ਰਾਬਤਾ: ਡਾ. ਹਰੀਸ਼ ਨਈਅਰ
ਸੋਨੀ ਪਨੇਸਰ , ਬਰਨਾਲਾ, 26 ਜੁਲਾਈ 2022
ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਬਰਸਾਤਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਆਉਦੇ ਦਿਨੀਂ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪ੍ਰਬੰਧਾਂ ਦੇ ਜਾਇਜ਼ੇ ਲਈ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਜਿੱਥੇ ਫਲੱਡ ਕੰਟਰੋਲ ਰੂਮ ਦਾ ਦੌਰਾ ਕੀਤਾ, ਉਥੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮੀਂਹਾਂ ਕਾਰਨ ਨੀਵੇਂ ਥਾਵਾਂ ’ਤੇ ਪਾਣੀ ਖੜਨ ਕਾਰਨ ਲੋਕਾਂ ਨੂੰ ਵੱਡੀ ਦਿੱਕਤ ਪੇਸ਼ ਆਉਦੀ ਹੈ। ਇਸ ਦੇ ਹੱਲ ਲਈ ਪ੍ਰਬੰਧਾਂ ਨੂੰ ਸੰਜੀਦਗੀ ਨਾਲ ਵਾਚਿਆ ਜਾਵੇ। ਉਨਾਂ ਨਗਰ ਕੌਂਸਲ ਅਧਿਕਾਰੀਆਂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਹਦਾਇਤ ਕੀਤੀ ਕਿ ਸ਼ਹਿਰਾਂ ਵਿਚ ਪਾਣੀ ਖੜਨ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਜਾਵੇ। ਉਨਾਂ ਪਿੰਡਾਂ ਵਿਚ ਅਧਿਕਾਰੀਆਂ ਨੂੰ ਦੌਰਾ ਕਰ ਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਅਤੇ ਖਰਾਬੇ ਸਬੰਧੀ ਰਿਪੋਰਟਾਂ ਸਮਾਂਬੱਧ ਤਰੀਕੇ ਨਾਲ ਪੇਸ਼ ਕਰਨ ਦੀ ਹਦਾਇਤ ਕੀਤੀੇ।
ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਦਫਤਰ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਵਿਖੇ ਫਲੱਡ ਕੰਟਰੋਲ ਰੂਪ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਸੰਪਰਕ ਨੰਬਰ 01679-233031 ਹੈ। ਉਨਾਂ ਸਬੰਧਤ ਅਮਲੇ ਨੂੰ ਕੰਟਰੋਲ ਰੂਮ ’ਤੇ ਮਿਲਦੀਆਂ ਸ਼ਿਕਾਇਤਾਂ ਅਤੇ ਅਸਲ ਸਥਿਤੀ ਦੇ ਜਾਇਜ਼ੇ ਲਈ ਤੇਜ਼ੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਜ਼ਿਲਾ ਮਾਲ ਅਫਸਰ ਗਗਨਦੀਪ ਸਿੰਘ, ਤਹਿਸੀਲਦਾਰ ਮੈਡਮ ਦਿਵਿਆ, ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ, ਐਸਡੀਓ ਸੀਵਰੇਜ ਬੋਰਡ ਰਾਜਿੰਦਰ ਗਰਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।