ਫਸਲਾਂ ਤੇ ਮਨੁੱਖੀ ਜੀਵਨ ਲਈ TRIDENT ਨੇੜੇ ਬੋਲਿਆ ਖਤਰੇ ਦਾ ਘੁੱਗੂ
ਸੁੱਧ ਹਵਾ ਤੇ ਪਾਣੀ ਨੂੰ ਤਰਸ ਰਹੇ , ਵੱਖ ਵੱਖ ਬੀਮਾਰੀਆਂ ਦੇ ਝੰਬੇ ਲੋਕ
ਹਰਿੰਦਰ ਨਿੱਕਾ , ਬਰਨਾਲਾ, 16 ਜੁਲਾਈ 2022
ਟ੍ਰਾਈਡੈਂਟ ਫੈਕਟਰੀ ਨੇ ਜਿੱਥੇ ਹਜ਼ਾਰਾਂ ਲੋਕਾਂ ਲਈ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ, ਉੱਥੇ ਹੀ, ਫੈਕਟਰੀ ‘ਚੋਂ ਰਿਸਦੇ ( CAMICAL) ਰਸਾਇਣਾਂ ਦਾ ਪ੍ਰਤੱਖ ਅਸਰ ਹੁਣ ਇਲਾਕੇ ਅੰਦਰ ਸਾਹਮਣੇ ਆਉਣਾ ਵੀ ਸ਼ੁਰੂ ਹੋ ਗਿਆ। ਫੈਕਟਰੀ ਦੇ ਨੇੜਲੇ ਇਲਾਕਿਆਂ ਅੰਦਰ 500 ਫੁੱਟ ਡੂੰਘਾਈ ਤੱਕ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ। ਖੇਤਾਂ ਵਿੱਚ ਲੱਗੇ ਟਿਊਬਵੈਲਾਂ ‘ਚੋਂ ਕੈਮੀਕਲ ਵਾਲਾ ਬਦਬੂਦਾਰ ਪਾਣੀ ਨਿੱਕਲਣ ਲੱਗ ਪਿਆ ਹੈ। ਨਤੀਜ਼ੇ ਦੇ ਤੌਰ ਤੇ ਇਲਾਕੇ ਦੇ ਲੋਕ ਸ਼ੁੱਧ ਹਵਾ ਵਿੱਚ ਸਾਂਹ ਲੈਣ ਲਈ ਅਤੇ ਸ਼ੁੱਧ ਪਾਣੀ ਪੀਣ ਨੂੰ ਤਰਸ ਰਹੇ ਹਨ। ਦੂਸ਼ਿਤ ਪੌਣ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਝੰਬੇ ਲੋਕਾਂ ਦੀ ਇਲਾਕੇ ਅੰਦਰ ਭਰਮਾਰ ਹੈ । ਹਰ ਘਰ ‘ਚ ਮੰਜੇ ਤੇ ਪਿਆ ਮਰੀਜ ਹੀ ਫੈਕਟਰੀ ਨੇੜਲੇ ਇਲਾਕੇ ਦੀ ਪਹਿਚਾਣ ਬਣ ਚੁੱਕਿਆ ਹੈ।
ਵਿਲਕਦੇ ਲੋਕਾਂ ਦੀ ਕੋਈ ਨਹੀਂ ਸੁਣ ਰਿਹਾ ਪੁਕਾਰ
ਫੈਕਟਰੀ ਦੇ ਪ੍ਰਦੂਸ਼ਣ ਤੋਂ ਪੀੜਤ ਲੋਕਾਂ ਦੀ ਪੁਕਾਰ ਸੁਣਨ ਲਈ ਕੋਈ ਵੀ ਨਹੀਂ ਬਹੁੜ ਰਿਹਾ । ਬਹੁੜੇ ਵੀ ਕਿਵੇਂ , ਫੈਕਟਰੀ ਮਾਲਿਕ ਦੀਆਂ ਤਾਂ ਹਰ ਸਰਕਾਰ ਵਿੱਚ ਹੀ ਪੌਂ ਬਾਰਾਂ ਹੁੰਦੀਆਂ ਹਨ। ਲੰਘੇ ਕਰੀਬ 20 ਵਰ੍ਹਿਆਂ ਦੌਰਾਨ ਸੂਬੇ ਅਤੇ ਕੇਂਦਰ ਦੀ ਸੱਤਾ ਤੇ ਕਾਬਿਜ ਰਹੀਆਂ ਧਿਰਾਂ ਨਾਲ ਟ੍ਰਾਈਡੈਂਟ ਦੇ ਮਾਲਿਕ ਰਜਿੰਦਰ ਗੁਪਤਾ (RG ) ਦੀ ਜੁਗਲਬੰਦੀ,ਜੱਗਜਾਹਿਰ ਹੈ। ਆਰ. ਜੀ ਦੀ ਉੱਚੀ ਪਹੁੰਚ ਕਾਰਣ, ਜਿਲ੍ਹਾ ਪ੍ਰਸ਼ਾਸ਼ਨ ਅਤੇ ਹਰ ਵਿਭਾਗ ਫੈਕਟਰੀ ਮਾਲਿਕ ਦੀ ਜੀ ਹਜੂਰੀ ਨੂੰ ਹੀ ਆਪਣਾ ਫਰਜ਼ ( DUTY) ਸਮਝਦਾ ਹੈ। ਇਸੇ ਵਜ੍ਹਾ ਕਾਰਣ ਹੀ, ਲੋਕਾਂ ਕੋਲ, ਪ੍ਰਦੂਸ਼ਣ ਤੋਂ ਨਿਜਾਤ ਪਾਉਣ ਦਾ ਕੋਈ ਰਾਹ, ਫਿਲਹਾਲ ਨਜ਼ਰ ਨਹੀਂ ਆ ਰਿਹਾ ਹੈ।
ਕੁੱਝ ਦਿਨ ਪਹਿਲਾਂ , ਵਾਤਾਵਰਣ ਦੀ ਸੁਰੱਖਿਆ ਲਈ, ਜਿਲ੍ਹਾ ਪ੍ਰਸ਼ਾਸ਼ਨ ਦੀ ਹੋਈ ਮੀਟਿੰਗ ‘ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸਣੇ, ਬੈਠਕ ਵਿੱਚ ਸ਼ਾਮਿਲ ਅਧਿਕਾਰੀ ਅਤੇ ਕਰਮਚਾਰੀ, ਟ੍ਰਾਈਡੈਂਟ ਦੇ ਕਾਰਣ ਵਾਤਾਵਰਣ ਦੇ ਗੰਧਲਾ ਹੋਣ ਨੂੰ ਨਜ਼ਰਅੰਦਾਜ ਕਰਕੇ, ਟ੍ਰਾਈਡੈਂਟ ਦੁਆਰਾ ਵਾਤਾਵਰਣ ਸੰਭਾਲ ਲਈ ਪਾਏ ਜਾ ਰਹੇ ਯੋਗਦਾਨ ਦਾ ਗੁਣਗਾਣ ਕਰਕੇ, ਹੀ ਡੰਗ ਟਪਾਈ ਕਰਦੇ ਰਹੇ । ਜਦੋਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਫੈਕਟਰੀ ਮਾਲਿਕ ਦੀ ਚਾਪਲੂਸੀ ਹੀ ਕਰਦੇ ਰਹਿਣ ਤਾਂ, ਫਿਰ ਲੋਕਾਂ ਨੂੰ ਨਿਰਪੱਖ ਜਾਂਚ ਤੇ ਉਚਿਤ ਕਾਨੂੰਨੀ ਕਾਰਵਾਈ ਦੀ ਉਮੀਦ ਕਿਵੇਂ ਰਹਿ ਸਕਦੀ ਹੈ।
ਫੈਕਟਰੀ ਦੇ ਦੂਸ਼ਿਤ ਪਾਣੀ ਅਤੇ ਹਾਨੀਕਾਰਕ ਗੈਸਾਂ ਨੇ ਕੀਤਾ ਜਿਊਣਾ ਦੁੱਭਰ
ਟ੍ਰਾਈਡੈਂਟ ਗਰੁੱਪ ਵਲੋਂ ਬਰਨਾਲਾ -ਰਾਏਕੋਟ ਰੋਡ ਅਤੇ ਮਾਨਸਾ -ਬਰਨਾਲਾ ਰੋਡ ਤੇ ਇਰਦ-ਗਿਰਦ ,ਪਿੰਡਾਂ ਦੇ ਸੈਂਕੜੇ ਕਿਸਾਨਾਂ ਨੂੰ ਉਜਾੜਕੇ ਲਗਾਏ ਵੱਖ -ਵੱਖ ਉਦਯੋਗਿਕ ਯੂਨਿਟਾਂ ਦੀਆਂ ਚਿਮਨੀਆਂ ਚੋਂ ਨਿਕਲਦੇ ਹਾਨੀਕਾਰਕ ਗੈਸ ਯੁਕਤ ਧੂੰਏਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ । ਇੱਨ੍ਹਾਂ ਉਦਯੋਗਾਂ ਚੋਂ ਨਿਕਣ ਵਾਲੇ ਕੈਮੀਕਲ ਵਾਲੇ ਪਾਣੀ ਦੀ ਬਦੌਲਤ ਧਰਤੀ ਹੇਠਲਾ ਪਾਣੀ ਸੈਂਕੜੇ ਫੁੱਟ ਤੱਕ ਦੂਸ਼ਿਤ ਹੋਣ ਕਾਰਨ ਇਲਾਕੇ ਦੇ ਲੋਕ ਕੈਂਸਰ,ਹੈਪਾਟਾਇਟਸ, ਚਮੜੀ ਰੋਗ ਆਦਿ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ। ਧੌਲਾ ਫੈਕਟਰੀ ਦੇ ਨਾਲ ਲੱਗਦੇ ਧੌਲਾ, ਹੰਡਿਆਇਆ, ਫਤਿਹਗੜ੍ਹ ਛੰਨਾ ਆਦਿ ਪਿੰਡਾਂ ਦੀਆਂ ਨਾਲ ਲੱਗਦੀਆਂ ਜ਼ਮੀਨਾਂ ‘ਚ ਲੱਗੇ ਟਿਊਬਵੈਲਾਂ ਚੋਂ ਕੈਮੀਕਲ ਵਾਲਾ ਪਾਣੀ ਨਿਕਲਣ ਤੋਂ ਬਾਅਦ ਲੋਕਾਂ ਅੰਦਰ ਹਾਹਾਕਾਰ ਮੱਚੀ ਪਈ ਹੈ।
ਗੁਪਤਾ ਦੀ ਠਾਠ-ਬਾਠ ਬਰ-ਕਰਾਰ, ਭਾਂਵੇ ਕੋਈ ਹੋਵੇ ਸਰਕਾਰ
ਫੈਕਟਰੀ ਮਾਲਿਕ ਰਜਿੰਦਰ ਗੁਪਤਾ ਦੀ ਸੂਬੇ ਦੀ ਸੱਤਾ ਤੇ ਕਾਬਿਜ , ਹਰ ਰਾਜਸੀ ਧਿਰ ਨਾਲ ਗੁੜੀ ਸਾਂਝ ਭਿਆਲੀ ਚੱਲੀ ਆ ਰਹੀ ਹੈ। ਗੁਪਤਾ ਦੇ ਪੈਸੇ ਦਾ ਪ੍ਰਭਾਵ ਹੀ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ, ਰਜਿੰਦਰਾ ਗੁਪਤਾ ਨੂੰ ਕੈਬਨਿਟ ਰੈਂਕ ਦੇ ਕੇ, ਪੰਜਾਬ ਵਿੱਤ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ। ਫਿਰ ਸਰਕਾਰ ਬਦਲੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਚ ਵੀ ਗੁਪਤਾ ਦਾ ਅਹੁਦਾ ਅਤੇ ਪਹਿਲੀ ਪੁਜੀਸ਼ਨ ਬਰਕਾਰ ਰਹੀ। ਇੱਥੇ ਹੀ ਬੱਸ ਨਹੀਂ, ਲੋਕਾਂ ਵੱਲੋਂ ਚਾਅ ਨਾਲ । ਸੂਬੇ ਦੀ ਸੱਤਾ ਵਿੱਚ ਲਿਆਂਦਾ ਰਾਜਸੀ ਤੇ ਇਨਕਲਾਬੀ ਬਦਲਾਅ ਵੀ, ਗੁਪਤਾ ਦੀ ਹੈਸੀਅਤ ਨੂੰ ਘੱਟ ਨਹੀਂ ਕਰ ਸਕਿਆ। ਭਗਵੰਤ ਮਾਨ ਦੀ ਆਪ ਸਰਕਾਰ ਨੇ ਵੀ, ਰਜਿੰਦਰ ਗੁਪਤਾ ਦੇ ਰੁਤਬੇ ‘ਚ ਕੋਈ ਬਦਲਾਅ ਨਹੀਂ ਆਉਣ ਦਿੱਤਾ। ਮਾਨ ਸਰਕਾਰ ਨੇ ਵੀ ਗੁਪਤਾ ਨੂੰ ਪੰਜਾਬ ਵਿੱਤ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕਰਕੇ, ਉਸ ਦਾ ਮਾਨ ਸਨਮਾਨ ਕਾਇਮ ਰੱਖਿਆ ਹੈ।
ਕੋਈ ਦਰਦੀ ਦਿਸਦਾ ਨਾ,,
ਫੈਕਟਰੀ ਦੇ ਮਾੜੇ ਪ੍ਰਭਾਵ ਤੋਂ ਪੀੜਤ ਕਿਸਾਨ ਅਮਨਦੀਪ ਸਿੰਘ ਸੇਖੋਂ ,ਹਰੀ ਸਿੰਘ, ਪਲਵਿੰਦਰ ਸਿੰਘ,ਭੋਲਾ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦੇ ਖੇਤਾਂ ਅੰਦਰ ਬੀਤੇ ਲੰਮੇਂ ਸਮੇਂ ਤੋਂ 300 ਫੁੱਟ ਦੀ ਡੂੰਘਾਈ ਵਾਲੇ ਟਿਊਬਵੈੱਲ ਹੀ ਚਲਦੇ ਸਨ ਤੇ ਫਸਲਾਂ ਨੂੰ ਪਾਣੀ, ਘਿਉ ਵਾਂਗੂੰ ਲੱਗਦਾ ਸੀ ,ਤੇ ਟਿਊਬਵੈਲਾਂ ਦਾ ਪਾਣੀ ,ਪੀਣਯੋਗ ਵੀ ਸੀ। ਪਰ ਫੈਕਟਰੀ ਵਿੱਚੋਂ ਨਿਕਲਣ ਵਾਲੇ ਵੱਡੀ ਮਾਤਰਾ ‘ਚ ਕੈਮੀਕਲ ਘੁਲੇ ਪਾਣੀ ਦੇ ਧਰਤੀ ਹੇਠ ਜਾਣ ਕਾਰਣ ਆਲੇ ਦੁਆਲੇ ਦੇ 300 ਫੁੱਟ ਵਾਲੇ ਲਗਭਗ ਸਾਰੇ ਹੀ ਟਿਊਬਵੈਲ ਫੈਕਟਰੀ ਦੇ ਗੰਦੇ ਪਾਣੀ ਤੋਂ ਪ੍ਰਭਾਵਿਤ ਹੋ ਗਏ ਹਨ । ਕੁਝ ਟਿਊਬਵੈਲਾਂ ਚੋਂ ਕਾਲਾ ਪਾਣੀ ਆਉਣਾ ਸ਼ੁਰੂ ਹੋਣ ਤੋਂ ਬਾਅਦ ਉਨਾਂ ਨੂੰ ਪੁਰਾਣੇ ਟਿਊਬਵੈੱਲ ਬੰਦ ਕਰਕੇ 500 ਡੁੰਘਾਈ ਵਾਲੇ ਨਵੇਂ ਟਿਊਬਵੈੱਲ ਲਾਉਣ ਨੂੰ ਮਜਬੂਰ ਹੋਣਾ ਪਿਆ। ਪਰ 500 ਫੁੱਟ ਵਾਲੇ ਟਿਊਬਵੈੱਲਾਂ ਵਿੱਚੋਂ ਵੀ ਬਦਬੂਦਾਰ ਪਾਣੀ ਆ ਰਿਹਾ ਹੈ । ਬੋਰਾਂ ਦੇ ਪਾਣੀ ਚ ਕੈਮੀਕਲ ਘੁਲਿਆ ਹੋਣ ਕਾਰਣ , ਪਾਣੀ ਤੇ ਸਰਫ ਵਾਲੇ ਪਾਣੀ ਵਾਂਗੂ ਝੱਗ ਬਣ ਰਹੀ ਹੈ ।
ਉਨਾਂ ਭਰੇ ਮਨ ਨਾਲ ਕਿਹਾ ਕਿ ਫੈਕਟਰੀ ਦੀਆਂ ਚਿਮਨੀਆਂ ਚੋਂ ਨਿਕਲਦੀਆਂ ਕਥਿਤ ਹਾਨੀਕਾਰਕ ਗੈਸਾਂ ਤੇ ਪਾਣੀ ਵਿੱਚ ਮਿਲਾਏ ਜਾ ਰਹੇ ਕਥਿਤ ਕੈਮੀਕਲ ਵਾਲੇ ਪਾਣੀ ਦੀ ਬਦੌਲਤ , ਫਸਲਾਂ ਤੇ ਜੀਆਂ ਦੀ ਸਿਹਤ ਖਰਾਬ ਹੋ ਰਹੀ ਹੈ। ਉਹਨਾ ਦੱਸਿਆ ਕਿ ਇਸ ਸਮੱਸਿਆ ਤੋਂ ਲੰਬੇ ਸਮੇਂ ਤੋਂ ਫੈਕਟਰੀ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਵਲੋਂ ਸਮੇਂ ਦੀਆਂ ਸਰਕਾਰਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ । ਪਰ ਪੈਸੇ ਦੇ ਜ਼ੋਰ ਤੇ ਸਰਕਾਰੇ ਦਰਬਾਰੇ , ਗੋਟੀਆਂ ਫਿੱਟ ਕਰਕੇ ਉੱਚ ਅਹੁਦੇ ਤੇ ਹਮੇਸ਼ਾ ਕਾਬਜ਼ ਰਹਿਣ ਵਾਲੇ ਫੈਕਟਰੀ ਮਾਲਕ ਦੇ ਪ੍ਰਭਾਵ ਅੱਗੇ, ਕਿਸੇ ਨੇ ਵੀ, ਲੋਕਾਂ ਦਾ ਦਰਦ ਦੂਰ ਕਰਨਾ ਦੂਰ, ਕਿਸੇ ਨੇ ਮਹਿਸੂਸ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਤੀਜੀ ਧਿਰ ਵਜੋਂ, ਸਾਹਮਣੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਇੰਨਸਾਫ਼ ਦੀ ਉਮੀਦ ਸੀ ਤੇ ਹੁਣ ਵਾਲੀ ਸਰਕਾਰ ਦੁਆਰਾ ਗੁਪਤਾ ਨੂੰ ਪੁਰਾਣੇ, ਅਹੁਦੇ ਨਾਲ ਨਿਵਾਜਣ ਕਾਰਣ, ਲੋਕਾਂ ਦੀਆਂ ਉਮੀਦਾਂ ਚਕਨਾਚੂਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਦਾ ਹੋਕਾ ਦੇਣ ਵਾਲੀ ਭਗਵੰਤ ਮਾਨ ਸਰਕਾਰ ਦੀਆਂ ਵੀ, ਫੈਕਟਰੀ ਮਾਲਿਕ ਦੇ ਪੈਸੇ ਦੀ ਚਕਾਚੌਂਧ ਨੇ ਅੱਖਾਂ ਚੁੰਧਿਆ ਦਿੱਤੀਆਂ ਹਨ। ਸਰਕਾਰ ਦੀ ਸ੍ਰਪਰਸਤੀ ਕਾਰਣ ਹੀ, ਫੈਕਟਰੀ ਮਾਲਕ ਬੇਖੌਫ਼ ਇਲਾਕੇ ਦੇ ਹਵਾ-ਪਾਣੀ ਨੂੰ ਦੂਸ਼ਿਤ ਕਰਕੇ, ਲੋਕਾਂ ਦੀ ਜਿੰਦਗੀ ਨਾਲ ਖੇਡ ਰਿਹਾ ਹੈ।
ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਲੋਕਾਂ ਨੂੰ ਦਰਪੇਸ਼ ਸਮੱਸਿਆਂਵਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ‘ਚ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫੈਕਟਰੀ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।