ਫ਼ਾਕੇ ਕੱਟ ਰਹੇ ਟਰੱਕ ਅਪਰੇਟਰਾਂ ਨੂੰ ਟੈਂਡਰ ਮਿਲਣ ਦਾ ਹੋਇਆ ਫ਼ੈਸਲਾ
ਸੂਬਾ ਸਰਕਾਰ ਵਲੋਂ ਯੂਨੀਅਨ ਭੰਗ ਕਰਨ ਦੇ ਫ਼ੈਸਲੇ ਕਾਰਨ ਸੈਂਕੜੇ ਟਰੱਕ ਕਬਾੜੀਆਂ ਨੂੰ ਵੇਚਣੇ ਪਏ
ਪਰਦੀਪ ਕਸਬਾ, ਫ਼ਿਲੌਰ,13 ਜੁਲਾਈ 2022
ਦੁਆਬਾ ਟਰੱਕ ਆਪਰੇਟਰ ਯੂਨੀਅਨ ਫਿਲੌਰ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਸੰਘਰਸ਼ ਨੇ ਪੈਪਸੀ ਕੋਲਡ ਡਰਿੰਕ,ਪਾਰਲੇ ਬਿਸਕੁਟ,ਕਰਿੰਮਕਾਂ ਪਲਾਂਟ ਫਿਲੌਰ ਵਲੋਂ ਪਹਿਲਾਂ ਟੈਂਡਰ ਕੈਂਸਲ ਕਰਕੇ ਫ਼ਾਕੇ ਕੱਟ ਰਹੇ ਟਰੱਕ ਅਪਰੇਟਰਾਂ ਦੀ ਜਥੇਬੰਦੀ ਟਰੱਕ ਆਪਰੇਟਰ ਯੂਨੀਅਨ ਨੂੰ ਟੈਂਡਰ ਦੇ ਕੇ ਕੰਮ ਦੇਣ ਦਾ ਫ਼ੈਸਲਾ ਕਰਨ ਨਾਲ
ਅੱਜ ਧਰਨੇ ਦੇ 17 ਵੇਂ ਦਿਨ ਜਿੱਤ ਪ੍ਰਾਪਤ ਕਰਕੇ ਸਫ਼ਲਤਾ ਹਾਸਿਲ ਕੀਤੀ ਹੈ। ਜਿੱਤ ਉਪਰੰਤ ਜਥੇਬੰਦੀਆਂ ਵਲੋਂ ਉਲੀਕਿਆ ਗਿਆ ਨੈਸ਼ਨਲ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ 2017 ਵਿੱਚ ਸੂਬਾ ਸਰਕਾਰ ਵਲੋਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆ ਗਈਆ ਸਨ।ਜਿਸ ਕਰਕੇ ਪੈਪਸੀ ਕੋਲਡ ਡਰਿੰਕ ਫਿਲੌਰ,ਕਰਿੰਮਕਾ ਬਰੈੱਡ ਕੰਪਨੀ,ਪਾਰਲੇ ਬਿਸਕੁਟ ਕੰਪਨੀ ਨੇ ਲੋਕਲ ਟਰੱਕ ਯੂਨੀਅਨ ਨੂੰ ਬਾਹਰ ਕੱਢ ਮੈਨੇਜਮੈਂਟ ਨੇ ਆਪਣੇ ਚਹੇਤਿਆਂ ਦੀ ਟਰਾਂਸਪੋਰਟ ਨੂੰ ਆਪਣੀਆਂ ਕੰਪਨੀਆਂ ਅੰਦਰ ਦਾਖ਼ਿਲ ਕਰ ਲਿਆ ਸੀ।ਹਰ ਸਾਲ ਦੁਆਬਾ ਟਰੱਕ ਅਪਰੇਟਰ ਯੂਨੀਅਨ ਟੈਂਡਰ ਲਈ ਜਾਂਦੀ ਸੀ ਲੇਕਿਨ ਯੂਨੀਅਨ ਨੁਮਾਇੰਦਿਆਂ ਨੂੰ ਕੰਪਨੀਆਂ ਦੇ ਗੇਟ ਤੋਂ ਬਾਹਰ ਵਾਪਿਸ ਕਰ ਦਿੱਤਾ ਜਾਂਦਾ ਸੀ।
ਜਿਸ ਕਾਰਨ ਸੈਂਕੜੇ ਟਰੱਕ ਆਪਰੇਟਰ ਫ਼ਾਕਾ ਕੱਟਣ ਲਈ ਮਜ਼ਬੂਰ ਹੋ ਗਏ ਸਨ,350 ਟਰੱਕਾਂ ਚੋਂ 200 ਦੇ ਕਰੀਬ ਕਬਾੜੀਆਂ ਅਤੇ ਫਾਇਨਾਸਰਾਂ ਨੂੰ ਵੇਚਣੇ ਪਏ। ਨੂਰਮਹਿਲ ਟਰੱਕ ਅਪਰੇਟਰਾਂ ਦੀ ਹਾਲਾਤ ਵੀ ਅਜਿਹੇ ਸਨ। ਜਿਹਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸੰਘਰਸ਼ ਕਰਕੇ ਕੰਮ ਹਾਸਿਲ ਕੀਤਾ।ਜਿਸ ਤੋਂ ਸੇਧ ਲੈਂਦੇ ਹੋਏ ਟਰੱਕ ਅਪਰੇਟਰਾਂ ਵਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹੋਏ ਮਿਤੀ 27 ਜੂਨ ਨੂੰ ਪੈਪਸੀ ਪਲਾਂਟ ਫਿਲੌਰ ਦੇ ਬਾਹਰ ਲਗਾਤਾਰ ਧਰਨਾ ਸ਼ੁਰੂ ਕੀਤਾ।
ਜਦੋਂ ਪ੍ਰਸ਼ਾਸਨ ਅਤੇ ਮੈਨੇਜਮੈਂਟ ਦੇ ਕੰਨਾਂ ਉੱਤੇ ਜੂੰਅ ਨਾ ਸਰਕੀ ਤਾਂ 9 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸਡੀਐੱਮ ਫਿਲੌਰ ਨੇ ਮੀਟਿੰਗ ਕੀਤੀ,ਜਿਸ ਵਿੱਚ ਪੈਪਸੀ,ਪਾਰਲੇਅ ਅਤੇ ਕਰਿੰਮਕਾ ਦੀ ਮੈਨੇਜਮੈਂਟ ਤੇ ਕਿਸਾਨ ਜਥੇਬੰਦੀਆਂ ਤੇ ਟਰੱਕ ਆਪਰੇਟਰ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਬੁਲਾਇਆ। ਜਿਸ ਵਿੱਚ ਪੈਪਸੀ ਤੋਂ ਇਲਾਵਾ ਦੂਜੀਆਂ ਕੰਪਨੀਆਂ ਨੇ ਟਰੱਕ ਅਪਰੇਟਰ ਯੂਨੀਅਨ ਨੂੰ ਕੰਮ ਦੇਣ ਦਾ ਫ਼ੈਸਲਾ ਕਰ ਲਿਆ ਪ੍ਰੰਤੂ ਪੈਪਸੀ ਦੀ ਮੈਨੇਜਮੈਂਟ ਨੇ ਕਾਰਪੋਰੇਟ ਵਾਲੀ ਨੀਤੀ ਅਖਤਿਆਰ ਕਰਦਿਆਂ ਘੁਰਕੀ ਮਾਰ ਕੇ ਕਿਹਾ ਕਿ ਅਸੀਂ ਥੋੜਾਂ ਕੰਮ ਦੇ ਸਕਦੇ ਹਾਂ,ਕੰਮ ਪਹਿਲਾਂ ਵਾਲੇ ਟੈਂਡਰ ਮੁਤਾਬਕ ਹੀ ਕੰਮ ਚੱਲੇਗਾ।
ਇਹਨਾਂ ਨੂੰ ਟੈਂਡਰ ਨਹੀਂ ਦਿੱਤਾ ਜਾ ਸਕਦਾ ਤਾਂ ਅੱਕੇ ਟਰੱਕ ਅਪਰੇਟਰਾਂ ਵਲੋਂ ਪੈਪਸੀ ਦਾ ਘੇਰਾਓ ਕਰਨ ਲਿਆ। ਮੌਕੇ ਉੱਪਰ ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੈਪਸੀ ਦੀ ਮੈਨੇਜਮੈਂਟ ਨਾਲ ਮੁੜ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਜਿਸ ਉੱਤੇ ਘੇਰਾਓ ਖ਼ਤਮ ਕਰਕੇ ਸਹਿਮਤੀ ਦਿੱਤੀ ਗਈ।ਮੁੜ ਬੰਬਈ ਤੋਂ ਸਪੈਸ਼ਲ ਤੌਰ ਉੱਤੇ ਪੈਪਸੀ ਦੀ ਮੈਨੇਜਮੈਂਟ ਸਮੇਤ ਸਾਰੀਆਂ ਧਿਰਾਂ ਦੀ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਮੀਟਿੰਗ ਹੋਈ, ਜੋ ਫ਼ਿਰ ਮੀਟਿੰਗ ਬੇਸਿੱਟਾ ਰਹੀ।ਜਿਸ ਕਾਰਨ ਟਰੱਕ ਆਪਰੇਟਰ ਯੂਨੀਅਨ ਵੱਲੋਂ ਕਿਸਾਨ ਜਥੇਬੰਦੀਆਂ ਨੇ ਅੱਜ ਲਈ ਮੁੜ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਨੈਸ਼ਨਲ ਹਾਈਵੇ ਜਾਮ ਕਰਨ ਦਾ ਮੁੜ ਐਲਾਨ ਕੀਤਾ ਗਿਆ। ਅੱਜ ਏ.ਡੀ.ਸੀ. ਜਲੰਧਰ ਜਨਰਲ, ਡੀ.ਐੱਸ.ਪੀ. ਸਰਬਜੀਤ ਸਿੰਘ ਰਾਏ, ਡੀਐੱਸਪੀ ਫਿਲੌਰ ਤੇ ਹੋਰ ਅਧਿਕਾਰੀਆਂ ਵਲੋਂ ਤਿੰਨ ਧਿਰੀਂ ਗੱਲਬਾਤ ਕੀਤੀ। ਜਿਸ ਵਿੱਚ ਪਹਿਲਾਂ ਟੈਂਡਰ ਕੈਂਸਲ ਕਰਕੇ ਦੁਆਬਾ ਟਰੱਕ ਆਪਰੇਟਰ ਯੂਨੀਅਨ ਨੂੰ ਟੈਂਡਰ ਦੇ ਕੇ ਕੰਮ ਦੇਣ ਦਾ ਫ਼ੈਸਲਾ ਕੀਤਾ ਗਿਆ।
ਅੱਜ ਦੇ ਐਕਸ਼ਨ ਵਿੱਚ ਦੁਆਬਾ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਸਿੱਧੂ, ਚਮਕੌਰ ਸਿੰਘ, ਲਖਵੀਰ ਸਿੰਘ ਜੌਹਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ,ਮੱਖਣ ਸਿੰਘ ਕੰਦੋਲਾ, ਸੁਰਜੀਤ ਸਿੰਘ, ਗੁਰਨਾਮ ਸਿੰਘ ਤੱਗੜ,ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਹਰਦੀਪ ਸਿੰਘ ਉੱਪਲ, ਰਜਿੰਦਰ ਸਿੰਘ ਮੰਡ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਚੰਨਣ ਸਿੰਘ ਬੁੱਟਰ, ਬੀਕੇਯੂ(ਕਾਦੀਆਂ)ਦੇ ਅਮਰੀਕ ਸਿੰਘ ਤੇ ਕਮਲਜੀਤ ਸਿੰਘ, ਬੀਕੇਯੂ ਲੱਖੋਵਾਲ ਦੇ ਹਰਿੰਦਰ ਸਿੰਘ ਖੈਹਿਰਾ ਬੀਕੇਯੂ ਦੁਆਬਾ ਦੇ ਹਰਮੇਸ਼ ਸਿੰਘ ਢੇਸੀ ਆਦਿ ਨੇ ਸੰਬੋਧਨ ਕੀਤਾ।