ਹਰਿੰਦਰ ਨਿੱਕਾ , ਬਰਨਾਲਾ, 13 ਜੁਲਾਈ 2022
ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇ ਕੁਲਦੀਪ ਸਿੰਘ ਉਰਫ ਕੀਪਾ ਨੂੰ ਇੱਕ ਦੇਸੀ ਪਿਸਤੌਲ ਤੇ ਜਿੰਦਾ ਕਾਰਤੂਸ ਸਣੇ ਗਿਰਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਦਾ ਹੌਲਦਾਰ ਕੁਲਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਇਲਾਕਾ ਗਸਤ ਦੇ ਸਬੰਧ ਵਿੱਚ ਕੋਠੇ ਚੂੰਘਾ ਨੂੰ ਮੁੜਦੀ ਲਿੰਕ ਰੋਡ ਤੋਂ ਥੋੜਾ ਪਿੱਛੇ ਸੀ ਤਾਂ ਪੁਲਿਸ ਪਾਰਟੀ ਨੂੰ ਸਾਹਮਣਿਉਂ ਧੌਲਾ ਵਾਲੇ ਪਾਸਿਉਂ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਆਉਂਦਾ ਮਿਲਿਆ। ਜਿਸ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ। ਸ਼ੱਕੀ ਵਿਅਕਤੀ ਨੇ ਆਪਣੀ ਪਹਿਚਾਣ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਚੂਹੜ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਹਾਲ ਆਬਾਦ ਹਿੰਦ ਮੋਟਰ ਵਾਲੀ ਸੜਕ ਗਲੀ ਨੰ: 7 ਬਰਨਾਲਾ ਦੇ ਤੌਰ ਤੇ ਕਰਵਾਈ । ਪੁਲਿਸ ਪਾਰਟੀ ਨੂੰ ਦੌਰਾਨ – ਏ – ਤਲਾਸ਼ੀ ਕੁਲਦੀਪ ਸਿੰਘ ਉਰਫ ਕੀਪਾ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ 32 ਬੋਰ ਦੇਸੀ ਬ੍ਰਾਮਦ ਹੋਇਆ । ਪੁਲਿਸ ਪਾਰਟੀ ਨੇ ,ਜਦੋਂ ਪਿਸਤੌਲ ਨੂੰ ਖੋਲ ਕੇ ਚੈਕ ਕੀਤਾ ਤਾਂ ਪਿਸਤੌਲ ਦੇ ਮੈਗਜੀਨ ਵਿੱਚੋ ਇੱਕ ਜਿੰਦਾ ਕਾਰਤੂਸ 32 ਬੋਰ ਵੀ ਬ੍ਰਾਮਦ ਹੋਇਆ । ਤਫਤੀਸ਼ ਅਧਿਕਾਰੀ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਸਦਰ ਬਰਨਾਲਾ ਵਿਖੇ, ਅਧੀਨ ਜੁਰਮ 25/54/59 ਅਸਲਾ ਐਕਟ ਤਹਿਤ ਕੇਸ ਦਰਜ਼ ਕਰਕੇ,ਗਿਰਫਤਾਰ ਦੋਸ਼ੀ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।