ਪੁੱਠੇ ਪੈਰੀਂ ਮੁੜੇ , ਗੋਲੀਆਂ ਲੈਣ ਪਹੁੰਚੇ ਵਿਅਕਤੀ
ਹਰਿੰਦਰ ਨਿੱਕਾ , ਬਰਨਾਲਾ, 12 ਜੁਲਾਈ 2022
ਸ਼ਹਿਰ ਦੇ 22 ਏਕੜ ਖੇਤਰ ‘ਚ ਸਥਿਤ ਭਾਈ ਮਨੀ ਸਿੰਘ ਚੌਂਕ ( ਫੁਹਾਰਾ ਚੌਂਕ ) ਨੇੜੇ ਦੇਰ ਸ਼ਾਮ ਐਸ.ਡੀ.ਐਮ ਗੋਪਾਲ ਸਿੰਘ ਦੀ ਅਗਵਾਈ ਵਿੱਚ ਸੀਆਈਏ ਦੇ ਸਟਾਫ ਦੀ ਪੁਲਿਸ ਵੱਲੋਂ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਅੰਦਰ ਅਚਾਨਕ ਕੀਤੀ ਛਾਪਾਮਾਰੀ ਹਾਲੇ ਵੀ ਜ਼ਾਰੀ ਹੈ। ਪੁਲਿਸ ਦੇ ਛਾਪੇ ਕਾਰਣ, ਵੱਡੀ ਸੰਖਿਆ ਵਿੱਚ ਗੋਲੀਆਂ ਲੈਣ ਲਈ, ਹਸਪਤਾਲ ਦੇ ਗੇਟ ਤੇ ਖੜ੍ਹੇ ਵਿਅਕਤੀਆਂ ਨੂੰ ਪੁੱਠੇ ਪੈਰੀਂ ਨਿਰਾਸ਼ ਮੁੜਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਛੇ ਵਜੇ ਐਸਡੀਐਮ ਗੋਪਾਲ ਸਿੰਘ ਦੀ ਅਗਵਾਈ ਵਿੱਚ ਉਨਾਂ ਦਾ ਸਟਾਫ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਹਸਪਤਾਲ ਵਿੱਚ ਪਹੁੰਚ ਗਈ । ਜਿੰਨ੍ਹਾਂ ਨੇ ਹਸਪਤਾਲ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਦੀ ਸਾਂਝੀ ਛਾਪਾਮਾਰੀ ਕਾਰਣ, ਹਸਪਤਾਲ ਦੇ ਸਟਾਫ ਅੰਦਰ ਭਗਦੜ ਮੱਚ ਗਈ। ਹਸਪਤਾਲ ਦੇ ਨੇੜੇ ਤੇੜੇ ਰਹਿੰਦੇ ਲੋਕ ਵੀ, ਛਾਪਾਮਾਰੀ ਦੀਆਂ ਕਨਸੋਆਂ ਲੈਂਦੇ ਦਿਖੇ। ਹਸਪਾਤਲ ‘ਚ ਗੋਲੀਆਂ ਲੈਣ ਪਹੁੰਚੇ ਕੁੱਝ ਮਜਦੂਰਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਰਨਾਲਾ ਮਨੋਰੋਗ ਅਤੇ ਨਸ਼ਾ ਛੁਡਾਊ ਕੇਂਦਰ ਤੋਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਲੈਂਦੇ ਹਨ। ਉਨ੍ਹਾਂ ਸਰਕਾਰੀ ਹਸਪਤਾਲ ਵਿੱਚੋਂ ਗੋਲੀਆਂ ਨਾ ਲੈਣ ਬਾਰੇ, ਪੁੱਛਣ ਤੇ ਕਿਹਾ, ਬੇਸ਼ੱਕ ਉੱਥੋਂ ਗੋਲੀਆਂ ਮੁਫਤ ਮਿਲਦੀਆਂ ੲਲ, ਪਰੰਤੂ ਇੱਕ ਤਾਂ ਭੀੜ ਜਿਆਦਾ ਹੁੰਦੀ ਹੈ,ਦੂਜਾ, ਉਹ ਗੋਲੀਆਂ ਵੀ ਗਿਣਤੀ ਦੀਆਂ ਹੀ ਦਿੰਦੇ ਹਨ। ਜਦੋਂਕਿ ਇਹ ਹਸਪਤਾਲ ਚੋਂ 300 ਰੁਪਏ ਦਾ ਗੋਲੀਆਂ ਦਾ ਪੱਤਾ ਆਮ ਮਿਲ ਜਾਂਦਾ ਹੈ। ਜਿਸ ਨਾਲ, ਕਈ ਦਿਨ ਨਿੱਕਲ ਜਾਂਦੇ ਹਨ। ਮੀਡੀਆ ਦੇ ਪਹੁੰਚਣ ਦੀ ਭਿਣਕ ਪੈਂਦਿਆਂ, ਹਸਪਤਾਲ ਦੇ ਕਰਮਚਾਰੀ ਨੇ,ਹਸਪਤਾਲ ਦਾ ਗੇਟ ਬੰਦ ਕਰ ਲਿਆ।ਖਬਰ ਲਿਖੇ ਜਾਣ ਤੱਕ, ਪੁਲਿਸ ਅਤੇ ਐਸਡੀਐਮ ਹਸਪਤਾਲ ਅੰਦਰ ਹੀ, ਪੜਤਾਲ ਕਰ ਰਹੇ ਸਨ। ਉੱਧਰ ਹਸਪਤਾਲ ਦੀ ਡਾਕਟਰ ਦਮਨਜੀਤ ਕੌਰ ਦਾ ਪੱਖ ਜਾਣਨ ਲਈ, ਫੋਨ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਸਵਿੱਚ ਆ ਰਿਹਾ ਸੀ।
One thought on “SDM ਦੀ ਅਗਵਾਈ ‘ਚ CIA ਪੁਲਿਸ ਨੇ ਮਾਰਿਆ ਨਸ਼ਾ ਛੁਡਾਊ ਕੇਂਦਰ ਤੇ ਛਾਪਾ”
Comments are closed.