ਨੌਜਵਾਨ ਵਿਰੋਧੀ ਯੋਜਨਾ ਵਾਪਸ ਲੈਣ ਦੀ ਮੰਗ
ਸੋਨੀ ਪਨੇਸਰ ,ਬਰਨਾਲਾ 18 ਜੂਨ 2022
ਫਾਸ਼ੀ ਹਮਲੇ ਵਿਰੋਧੀ ਫਰੰਟ ਨੇ ਅੱਜ ਅਪਣੀ ਹੰਗਾਮੀ ਮੀਟਿੰਗ ‘ਚ ਕੇਂਦਰ ਸਰਕਾਰ ਵੱਲੋਂ ਫੌਜੀ ਭਰਤੀ ‘ਚ ਚਾਰ ਸਾਲ ਵਾਸਤੇ ਠੇਕੇ ਤੇ ਭਰਤੀ ਕਰਨ ਦੇ ਫੈਸਲੇ ਨੂੰ ਸਿਰੇ ਦਾ ਤੁਗਲਕੀ ਫੈਸਲਾ ਕਰਾਰ ਦਿੱਤਾ ਹੈ। ਫਰੰਟ ਦੇ ਆਗੂਆਂ ਕਾ. ਅਜਮੇਰ ਸਿੰਘ, ਬੰਤ ਬਰਾੜ, ਪ੍ਰਗਟ ਸਿੰਘ ਜਾਮਾਰਾਏ, ਕੰਵਲਜੀਤ ਖੰਨਾ, ਸੁਖਦਰਸ਼ਨ ਨੱਤ, ਕਿਰਨਜੀਤ ਸੇਖੋਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੌਜ ਦੇ ਕਾਰਪੋਰੇਟੀਕਰਨ ਦਾ ਮੋਦੀ ਹਕੂਮਤ ਦਾ ਫੈਸਲਾ ਲੋਕ ਅਤੇ ਦੇਸ਼ ਵਿਰੋਧੀ ਹੈ। ਉਨਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਡੂੰਘੇ ਪਤਾਲ ‘ਚ ਧੱਸ ਚੁੱਕੀ ਹੈ। ਲੱਕ ਤੋੜ ਮਹਿੰਗਾਈ ਨੇ ਵੱਡੀ ਗਿਣਤੀ ਲੋਕਾਂ ਦੇ ਮੂੰਹ ਚੋਂ ਆਖਰੀ ਬੁਰਕੀ ਵੀ ਖੋਹ ਲਈ ਹੈ।ਇਸ ਹਾਲਤ ‘ਚ ਹੁਣ ਕਿਸਾਨੀ ਨੂੰ ਬਰਬਾਦ ਕਰਨ ਤੋਂ ਬਾਅਦ ਚਾਰ ਸਾਲ ਲਈ ਫੋਜੀ ਭਰਤੀ ਕਰਕੇ ਜਵਾਨੀ ਨੂੰ ਨਾ ਘਰ ਦਾ ਨਾ ਘਾਟ ਦਾ ਛੱਡਣ ਦਾ ਇਹ ਫੈਸਲਾ ਅਤਿਅੰਤ ਖਤਰਨਾਕ ਫੈਸਲਾ ਹੈ। ਸਮੂਹ ਆਗੂਆਂ ਨੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਚਾਰ ਸਾਲ ਬਾਰਡਰਾਂ ਤੇ ਨਿਹੱਕੀ ਜੰਗ ਦਾ ਖਾਜਾ ਬਨਣ ਦਾ ਕਿੱਤਾ ਕਿਸ ਜਜਬੇ ਨਾਲ ,ਕਿਸ ਦੇਸ਼ ਭਗਤੀ ਨਾਲ ਨਿਭਾਇਆ ਜਾਵੇਗਾ। ਜਦੋਂ ਇਹ ਪਤਾ ਹੋਵੇਗਾ ਕਿ ਚਾਰ ਸਾਲ ਤੋਂ ਬਾਅਦ ਉਹ ਰੋਟੀ ਤੋਂ ਵੀ ਆਤੁਰ ਹੋ ਜਾਣਗੇ। ਇਹ ਫੈਸਲਾ ਉਨ੍ਹਾਂ ਹਜਾਰਾਂ ਨੌਜਵਾਨਾਂ ਨਾਲ ਧ੍ਰੋਹ ਹੈ ਜਿਹੜੇ ਦੋ-ਦੋ ਸਾਲਾਂ ਤੋਂ ਕਰਜਾ ਚੁੱਕ ਕੇ ਇਸ ਭਰਤੀ ਦੇ ਟੈਸਟਾਂ ਦੀ ਤਿਆਰੀ ਕਰ ਰਹੇ ਸਨ। ਜੀਂਦ ਦੇ ਇੱਕ ਨੌਜਵਾਨ ਸਚਿਨ ਨੇ ਨਿਰਾਸ਼ ਹੋ ਕੇ ਖੁਦਕਸ਼ੀ ਕਰ ਗਿਆ ਹੈ। ਇਸ ਫੈਸਲੇ ਨੇ ਦੇਸ਼ ਭਰ ਦੀ ਜਵਾਨੀ ਨੂੰ ਸੜਕਾਂ ਤੇ ਲੈ ਆਂਦਾ ਹੈ। ਜਿੱਥੇ ਉਹ ਵੱਖ-ਵੱਖ ਢੰਗਾਂ ਨਾਲ ਅਪਣੇ ਗੁੱਸੇ ਦਾ ਪ੍ਰਗਟਾਅ ਕਰ ਰਹੇ ਹਨ। ਫਰੰਟ ਆਗੂਆਂ ਨੇ ਇਸ ਅਗਨੀ ਪਥ ਨਾਂ ਦੀ ਚਾਰ ਸਾਲ ਦੀ ਫੌਜ ਦੀ ਨੌਕਰੀ ਦੀ ਯੋਜਨਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੂੰ ਧਾਰਮਿਕ ਘੱਟ ਗਿਣਤੀਆਂ ਤੇ ਢਾਹੇ ਜਾ ਰਹੇ ਜਬਰ ਖਿਲਾਫ਼ ਤੇ ਵਿਸ਼ੇਸ਼ਕਰ ਅਗਨੀ ਪਥ ਨੂੰ ਵਾਪਸ ਕਰਾਉਣ ਲਈ ਫਾਸ਼ੀਵਾਦ ਤੇ ਫੌਜ ਦੇ ਠੇਕੇਦਾਰੀਕਰਨ ਖਿਲਾਫ ਵਿਸ਼ਾਲ ਸਾਂਝਾ ਮੋਰਚਾ ਖੜਾ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।