ਰਘਵੀਰ ਹੈਪੀ , ਬਰਨਾਲਾ, 30 ਮਈ 2022
ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ, ਪੰਜਾਬ ਸਟੇਟ ਲੀਗਲ ਸਰਵਿਸਜ਼ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾਂ ਅਤੇ ਸ਼੍ਰੀ ਕਮਲਜੀਤ ਲਾਂਬਾ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਅਗਵਾਈ ਵਿੱਚ ਮਿਤੀ 13 ਅਗਸਤ 2022 ਨੂੰ ਜਿਲ੍ਹਾ ਬਰਨਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਕੌਮੀ ਲੋਕ ਅਦਾਲਤ ਵਿੱਚ ਦੀਵਾਨੀ, ਸਮਝੌਤਾ ਯੋਗ ਫੌਜਦਾਰੀ, ਬੈਂਕ ਰਿਕਵਰੀ, ਚੈੱਕ ਬਾਊਂਸ, ਬਿਜਲੀ ਪਾਣੀ ਦੇ ਬਿੱਲਾਂ ਸਬੰਧੀ, ਘਰੇਲੂ ਝਗੜਿਆ ਸਬੰਧੀ ਅਤੇ ਭੂਮੀ ਪ੍ਰਾਪਤੀ ਮਾਮਲੇ ਆਦਿ ਨਾਲ ਸਬੰਧਿਤ ਕੇਸਾਂ ਨੂੰ ਸੁਣਿਆ ਜਾਵੇਗਾ ਅਤੇ ਮੌਕੇ ਤੇ ਹੀ ਰਜ਼ਾਮੰਦੀ ਨਾਲ ਝਗੜਿਆਂ ਦੇ ਨਿਪਟਾਰੇ ਕਰਵਾਏ ਜਾਣਗੇ। ਕੌਮੀ ਲੋਕ ਅਦਾਲਤ ਵਿੱਚ ਕੇਸਾਂ ਦੇ ਜਿਆਦਾ ਤੋਂ ਜਿਆਦਾ ਨਿਪਟਾਰੇ ਕਰਵਾਉਣ ਲਈ ਅੱਜ ਮਿਤੀ 30.05.2022 ਨੂੰ ਜਿਲ੍ਹਾ ਬਰਨਾਲਾ ਦੇ ਵੱਖ-ਵੱਖ ਬੈਂਕਾਂ ਦੇ ਮੈਨੇਜਰ ਸਾਹਿਬਾਨਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ।
ਮਾਨਯੋਗ ਸਕੱਤਰ ਵੱਲੋਂ ਲੀਡ ਬੈਂਕ ਮੈਨੇਜਰ ਅਤੇ ਵੱਖ ਵੱਖ ਬੈਂਕ ਮੈਨੇਜਰ ਸਾਹਿਬਾਨਾਂ ਨੂੰ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਲਗਵਾਉਣ ਨਾਲ ਬੈਂਕਾਂ ਨੂੰ ਕੋਰਟ ਫੀਸ ਅਤੇ ਵਕੀਲ ਦੀ ਫੀਸ ਦੀ ਬੱਚਤ ਹੋਵੇਗੀ ਅਤੇ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਹ ਵੱਧ ਤੋਂ ਵੱਧ ਕੇਸ ਇਸ ਲੋਕ ਅਦਾਲਤ ਵਿੱਚ ਲੈ ਕੇ ਆਉਂਦੇ ਹਨ ਤਾਂ ਬੈਂਕਾਂ ਨੂੰ ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੇ ਰੁਕੇ ਹੋਏ ਲੋਨ ਕੇਸਾਂ ਦੇ ਵਿੱਚ ਰਿਕਵਰੀ ਹੋ ਜਾਵੇਗੀ। ਇਸ ਤੋਂ ਇਲਾਵਾ ਆਪਸੀ ਰਜ਼ਾਮੰਦੀ ਨਾਲ ਝਗੜੇ ਨਿਪਟਾਏ ਜਾਂਦੇ ਹਨ ਜਿਸ ਨਾਲ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ ਅਤੇ ਇਸਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਅਤੇ ਦਲੀਲ ਵੀ ਨਹੀਂ ਹੁੰਦੀ। ਅੰਤ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸ ਲਗਵਾਏ ਜਾਣ ਅਤੇ ਫਾਇਦਾ ਲਿਆ ਜਾਵੇ। ਇਸ ਨੈਸ਼ਨਲ ਲੋਕ ਅਦਾਲਤ ਦੀ ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਫੋਨ ਨੰਬਰ 01679-243522 ਜਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਦੇ ਟੋਲ ਫ੍ਰੀ ਹੈੱਲਪਲਾਈਨ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।