ਪੰਜਾਬ ਸਰਕਾਰ ਤੋਂ ਕੀਤੀ ਮੁਲਾਜ਼ਮਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ
ਦਵਿੰਦਰ ਡੀ.ਕੇ. ਲੁਧਿਆਣਾ 27 ਅਪ੍ਰੈਲ 2022
ਬੇਸ਼ੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ । ਪਰ ਹਾਲੇ ਤੱਕ ਮਿਲਕਫੈੱਡ ਇੰਪਲਾਈਜ਼ ਦੀਆਂ ਮੰਗਾਂ ਅਧੂਰੀਆਂ ਹੀ ਹਨ। ਜਿਸ ਨੂੰ ਲੈ ਕੇ ਸਮੂਹ ਮਿਲਕਫੈੱਡ ਨਾਨ ਕਾਮਨ ਕੇਡਰ ਇੰਪਲਾਈਜ਼ ਵੱਲੋਂ ਸੀ.ਟੀ. ਸੀ ਦੇ ਵਿਰੋਧ ਵਿਚ ਲੁਧਿਆਣਾ ਵਿਖੇ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿਚ ਵੱਡੀ ਗਿਣਤੀ ਵਿੱਚ ਅਲੱਗ ਅਲੱਗ ਮਿਲਕ ਯੂਨੀਅਨਾਂ ਦੇ ਨਾਨ ਕਾਮਨ ਕੇਡਰ ਇੰਪਲਾਈਜ਼ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦੀ ਸਹਿਮਤੀ ਪ੍ਰਗਟਾਈ ਗਈ।
ਮੀਟਿੰਗ ਵਿੱਚ ਮੁਲਾਜ਼ਮਾਂ ਵਲੋਂ ਇਸ਼ਤਿਹਾਰ ਵਿੱਚ ਦਰਸਾਈ ਗਈ ਤਨਖਾਹ ਨਾਲੋਂ ਘੱਟ ਤਨਖਾਹ ਅਤੇ ਪੋਸਟ ਵਿੱਚ ਬਿਨਾਂ ਕਿਸੇ ਕਾਰਨ ਡਿਮੋਸ਼ਨ ਕਰਨ ਦੀ ਨਿੰਦਾ ਕੀਤੀ। ਇੰਮਲਾਈਜ ਵਲੋਂ ਕੁਝ ਯੂਨੀਅਨਾ ਨੂੰ ਛੱਡ ਬਾਕੀ ਯੂਨੀਅਨਾ ਵਿੱਚ ਈ.ਪੀ.ਐਫ ਨਾ ਮਿਲਣ ਤੇ ਸਬੰਧਤ ਈ.ਪੀ.ਐਫ ਅਧਿਕਾਰੀਆਂ ਨੂੰ ਮਿਲਣ ਦੀ ਸਹਿਮਤੀ ਪ੍ਰਗਟਾਈ। ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਲ ਕੇ ਵਾਅਦੇ ਪੂਰੇ ਕਰਨ ਲਈ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ । ਸਮੂਹ ਮਿਲਕਫੈੱਡ ਨਾਨ ਕਾਮਨ ਕੇਡਰ ਇੰਪਲਾਈਜ਼ ਵੱਲੋਂ ਮੰਗ ਪੱਤਰ ਵਿੱਚ ਸੀ.ਟੀ .ਸੀ ਖਤਮ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ।
ਇੰਪਲਾਈਜ਼ ਵੱਲੋਂ ਗ੍ਰੇਡ ਪੇਅ ਸਿਸਟਮ ਲਾਗੂ ਕਰਵਾਉਣ ਅਤੇ ਮੁਲਾਜ਼ਮਾਂ ਦੀ ਹੱਕਾਂ ਦੀ ਰਾਖੀ ਕਰਨ ਲਈ ਬੇਨਤੀ ਕੀਤੀ ਗਈ। ਇੰਪਲਾਈਜ਼ ਵੱਲੋਂ ਪੰਜਾਬ ਸਹਿਕਾਰਤਾ ਮਾਡਲ ਨੂੰ ਬਚਾਉਣ ਲਈ ਸਹਿਕਾਰਤਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੂੰ ਮਿਲਣ ਦੀ ਯੋਜਨਾ ਬਣਾਈ ਗਈ। ਇਸ ਮੌਕੇ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਅਗਰ ਮਿਲਕਫੈੱਡ ਵਲੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।