ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਨਤਕ ਜਥੇਬੰਦੀਆਂ ਕੀਤਾ ਰੋਡ ਜਾਮ
ਪਰਦੀਪ ਕਸਬਾ , ਸੰਗਰੂਰ , 28 ਅਪ੍ਰੈਲ 2022
ਪਿੰਡ ਮਹਿਲਾ ਚੌਂਕ ਵਿਖੇ ਪਿਛਲੇ ਦਿਨੀਂ ਬੱਸ ਹੇਠ ਦਰੜੇ ਜਾਣ ਕਾਰਨ ਇੱਕ ਲੜਕੀ ਦੀ ਮੌਤ ਅਤੇ ਤਿੰਨ ਦੇ ਜਖਮੀ ਹੋਣ ਖ਼ਿਲਾਫ਼ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਖਾਤਰ ਮਹਿਲਾ ਚੌਂਕ ਐਕਸੀਡੈਂਟ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਅੱਜ ਮ੍ਰਿਤਕ ਲੜਕੀ ਦੇ ਭੋਗ ਤੋਂ ਬਾਅਦ ਮਹਿਲਾ ਚੌਂਕ ਵਿਖੇ ਨੈਸ਼ਨਲ ਹਾਈਵੇ ਰੋਡ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ।
ਪ੍ਰਸ਼ਾਸਨ ਅਧਿਕਾਰੀ ਤਹਿਸੀਲਦਾਰ ਸੁਨਾਮ ਨੇ ਭੋਗ ਵਿੱਚ ਆ ਕੇ ਨਾ ਪੱਖੀ ਰੋਲ ਅਦਾ ਕਰਦਿਆਂ ਐਕਸ਼ਨ ਕਮੇਟੀ ਨੂੰ ਦਰਕਿਨਾਰ ਕਰਕੇ ਪਰਿਵਾਰ ਨੂੰ ਨਿਖੇੜਨ ਦੀ ਸਾਜ਼ਿਸ਼ ਕੀਤੀ। ਪਰਿਵਾਰ ਨੇ ਤਹਿਸੀਲਦਾਰ ਦੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ। ਐਕਸ਼ਨ ਕਮੇਟੀ ਨੇ ਤਹਿਸੀਲਦਾਰ ਦੇ ਨਪੱਖੀ ਰੋਲ ਦੀ ਸਖ਼ਤ ਨਿਖੇਧੀ ਕੀਤੀ। ਅੱਜ ਦੇ ਚੱਕਾ ਜਾਮ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਬੀਕੇਯੂ (ਉਗਰਾਹਾਂ) ਦੇ ਹਰਜੀਤ ਸਿੰਘ ਬੀਕੇਯੂ (ਸਿੱਧੂਪੁਰ) ਦੇ ਮਦਨ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਆਗੂ ਪ੍ਰਗਟ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸਤਨਾਮ ਸਿੰਘ, ਡੀਐਸਓ ਦੇ ਗੁਰਵਿੰਦਰ ਸਿੰਘ, ਅਦਾਰਾ ਤਰਕਸ਼ ਦੇ ਇੰਨਜਿੰਦਰ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ,15ਲੱਖ ਰੁਪਏ ਮੁਆਵਜ਼ਾ, ਜ਼ਖ਼ਮੀਆਂ ਲਈ ਮੁਫ਼ਤ ਇਲਾਜ ਅਤੇ ਯੋਗ ਮੁਆਵਜ਼ਾ, ਇਸ ਤੋਂ ਇਲਾਵਾ ਫਲਾਈ ਓਵਰ ਬਣਾਏ ਜਾਣ ਦੀ ਮੰਗ ਪੂਰੀ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ 26 ਅਪ੍ਰੈਲ ਨੂੰ ਜੋ ਅੱਜ ਵੱਖ ਵੱਖ ਜਥੇਬੰਦੀਆਂ ਦੇ ਨਾਲ ਡਿਪਟੀ ਕਮਿਸ਼ਨਰ ਦੀ ਹੋਈ ਮੀਟਿੰਗ ਮੰਗਾਂ ਨਾ ਮੰਨਣ ਕਾਰਨ ਬੇਸਿੱਟਾ ਰਹੀ ਸੀ।ਜੱਥੇਬੰਦੀਆਂ ਅਤੇ ਪੀਡ਼ਤ ਪਰਿਵਾਰ ਨੇ ਰੋਸ ਜ਼ਾਹਿਰ ਕਰਦਿਆਂ ਹੋਇਆਂ 27 ਅਪ੍ਰੈਲ ਨੂੰ ਲੜਕੀ ਦੇ ਭੋਗ ਵਾਲੇ ਦਿਨ ਅਣਮਿੱਥੇ ਸਮੇਂ ਲਈ ਸੰਗਰੂਰ ਪਾਤੜਾਂ ਹਾਈਵੇ ਰੋਡ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ,ਜਿਸ ਤਹਿਤ ਅੱਜ ਅਣਮਿੱਥੇ ਸਮੇਂ ਲਈ ਚੱਕਾ ਜਾਮ ਸ਼ੁਰੂ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਬਾਖੂਬੀ ਨਿਭਾਈ।