ਬਰਾਮਦ ਕੀਤੇ ਵਹੀਕਲਾਂ ‘ਚ 15 ਮੋਟਰਸਾਈਕਲ ਤੇ 6 ਸਕੂਟਰੀਆਂ ਸ਼ਾਮਿਲ, 1 ਪਿਸਤੌਲ ਤੇ ਜਿੰਦਾ ਕਾਰਤੂਸ ਵੀ ਬਰਾਮਦ
ਜਗਸੀਰ ਸਿੰਘ ਚਹਿਲ/ਈਸ਼ਾ ਸ਼ਰਮਾ , ਬਰਨਾਲਾ 27 ਅਪ੍ਰੈਲ 2022
ਜ਼ਿਲ੍ਹਾ ਪੁਲੀਸ ਮੁਖੀ ਦੀ ਅਗਵਾਈ ਵਿਚ ਪੁਲਿਸ ਨੇ ਚੋਰਾਂ ਤੇ ਵੱਡਾ ਹੱਲਾ ਬੋਲਿਆ ਹੈ, ਪੁਲਿਸ ਨੇ 13 ਚੋਰਾਂ ਦੇ ਕਬਜੇ ਵਿੱਚੋਂ 21 ਦੋਪਹੀਆ ਵਾਹਨ ਅਤੇ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਦਾ ਦਾਅਵਾ ਹੈ ਕਿ ਚੋਰਾਂ ਦੀ ਪੁੱਛਗਿੱਛ ਤੋਂ ਬਾਅਦ ਕਰੀਬ 5 ਸਾਲਾਂ ਦੇ ਅੰਦਰ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਦੇ ਕਾਫੀ ਕੇਸ ਸੁਲਝ ਗਏ ਹਨ। ਜਿਨ੍ਹਾਂ ਲੋਕਾਂ ਦੇ ਪਿਛਲੇ ਦਿਨੀਂ ਵਾਹਨ ਚੋਰੀ ਹੋਏ ਹਨ , ਉਨ੍ਹਾਂ ਨੂੰ ਇਕ ਆਸ ਦੀ ਕਿਰਨ ਜਾਗੀ ਹੈ ਕਿ ਹੁਣ ਉਨ੍ਹਾਂ ਦੇ ਵਾਹਨ ਸ਼ਾਇਦ ਮਿਲ ਜਾਣ। ਪੁਲੀਸ ਨੇ ਲਿਸਟ ਜਾਰੀ ਕਰਦੇ ਹੋਏ ਮੋਟਰਸਾਈਕਲਾਂ ਦੇ ਨੰਬਰ ਵੀ ਜਾਰੀ ਕੀਤੇ ਹਨ। ਇਨ੍ਹਾਂ ਵਿਚੋਂ ਕੁਝ ਵਾਹਨ ਬਿਨਾਂ ਨੰਬਰਾਂ ਤੋਂ ਹਨ। ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ‘ਚ ਵੱਖ-ਵੱਖ ਥਾਣਿਆਂ ਦੀ ਪੁਲਿਸ ਅਤੇ ਸੀ.ਆਈ.ਏ ਸਟਾਫ਼ ਵੱਲੋਂ ਕੀਤੀ ਗਈ ਕਾਰਵਾਈ ‘ਚ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪੁਲਿਸ ਨੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਚੋਰੀ ਕੀਤੇ 21 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ, ਐਸਪੀ (ਡੀ) ਅਨਿਲ ਕੁਮਾਰ, ਡੀਐਸਪੀ ਰਵਿੰਦਰ ਸਿੰਘ, ਡੀਐਸਪੀ ਰਾਜੇਸ਼ ਸਨੇਹੀ, ਸੀਆਈਏ ਇੰਚਾਰਜ ਬਲਜੀਤ ਸਿੰਘ ਅਤੇ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਚੋਰੀ ਦੇ ਤਿੰਨ ਮਾਮਲਿਆਂ ਵਿੱਚ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਪਹਿਲਾ ਮਾਮਲਾ ਥਾਣਾ ਸਿਟੀ ਵਿਖੇ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਇੰਦਰਜੀਤ ਸਿੰਘ ਉਰਫ਼ ਬੱਬੂ, ਮੋਹਿਤ, ਸੁਖਪ੍ਰੀਤ, ਹਰਜਿੰਦਰ ਅਤੇ ਨਰੇਸ਼ ਸਾਰੇ ਵਾਸੀ ਜ਼ਿਲ੍ਹਾ ਬਰਨਾਲਾ ਨੂੰ ਪੁਲੀਸ ਨੇ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਕਾਬੂ ਕਰ ਲਿਆ ਹੈ।
ਪੁਲਿਸ ਨੇ ਮੌਕੇ ‘ਤੇ ਉਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ, ਇੱਕ ਜਿੰਦਾ ਕਾਰਤੂਸ, ਬੇਸਬਾਲ ਅਤੇ ਇੱਕ ਲੋਹੇ ਦਾ ਹਥਿਆਰ ਬਰਾਮਦ ਕੀਤਾ ਹੈ। ਮੁਲਜ਼ਮਾਂ ਕੋਲੋਂ ਕੁੱਲ 9 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਥਾਣਾ ਸਿਟੀ ਵਿਖੇ ਇੱਕ ਹੋਰ ਪਰਚਾ ਦਰਜ ਕਰਕੇ ਮੁਲਜ਼ਮ ਗੁਰਦੀਪ, ਲੱਕੀ, ਜਸਪਾਲ ਦਾਸ ਸਾਰੇ ਵਾਸੀ ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਕੋਲੋਂ ਦੋ ਬੈਟਰੀਆਂ ਵੀ ਬਰਾਮਦ ਕੀਤੀਆਂ ਹਨ।
ਇਸ ਤੋਂ ਇਲਾਵਾ ਇੱਕ ਹੋਰ ਕੇਸ ਦਰਜ ਕਰਕੇ ਪੁਲੀਸ ਨੇ ਰਵੀ, ਰੋਹਿਤ, ਰਾਜਵੀਰ, ਬਜਰੰਗੀ ਸਾਰੇ ਵਾਸੀ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਸਾਰਿਆਂ ਕੋਲੋਂ ਦੋ ਚੋਰੀਸ਼ੁਦਾ ਐਕਟਿਵਾ ਸਕੂਟੀ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਵਾਹਨਾਂ ਦੀ ਨੰਬਰ ਪਲੇਟ, ਇੰਜਣ ਨੰਬਰ ਆਦਿ ਦੇ ਆਧਾਰ ‘ਤੇ ਪੁਲਿਸ ਇਨ੍ਹਾਂ ਦੇ ਮਾਲਕਾਂ ਨੂੰ ਟਰੇਸ ਕਰੇਗੀ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਉਪਰੰਤ ਇਨ੍ਹਾਂ ਵਾਹਨਾਂ ਨੂੰ ਕਾਨੂੰਨੀ ਕਾਰਵਾਈ ਤਹਿਤ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਹੁਣ ਚੋਰੀ ਦੀਆਂ ਵਾਰਦਾਤਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।