ਆਤਮ ਹੱਤਿਆ ਦਾ ਭੇਦ ਖੋਲ੍ਹਣ ਲਈ ਜਾਂਚ ‘ਚ ਜੁਟੀ ਪੁਲਿਸ
ਹਰਿੰਦਦਰ ਨਿੱਕਾ, ਬਰਨਾਲਾ 27 ਅਪ੍ਰੈਲ 2022
ਸ਼ਹਿਰ ਦੇ ਧਨੌਲਾ ਰੋਡ ਤੇ ਸਥਿਤ ਇੱਕ ਹੋਟਲ ਦੇ ਕਮਰੇ ਵਿੱਚੋਂ ਭੇਦਭਰੀ ਹਾਲਤ ਵਿੱਚ ਛੱਤ ਪੱਖੇ ਨਾਲ ਲਟਕਦੀ ਇੱਕ ਲਾਸ਼ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚਕੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਸੰਭਾਲ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਰਾਇਣ ਨਗਰ ਦੇ ਨੇੜੇ ਬਣੇ ” ਦ ਸਵੀਟ ਕਲੱਬ ” ਹੋਟਲ ਵਿੱਚ ਰਾਹੁਲ ਬੇਲਬਲ (25) ਪੁੱਤਰ ਦਰਸ਼ਨ ਲਾਲ ਬੇਲਵਲ ਵਾਸੀ ਉਤਰਾਖੰਡ ਨੌਕਰੀ ਕਰਦਾ ਸੀ। ਜਿਸ ਨੇ ਸ਼ੱਕੀ ਹਾਲਤਾਂ ਵਿੱਚ ਹੀ, ਲੰਘੀ ਰਾਤ ਕਿਸੇ ਸਮੇਂ ਕਥਿਤ ਤੌਰ ਤੇ ਛੱਤ ਪੱਖੇ ਨਾਲ ਗਲ ਫਾਹਾ ਲੈ ਕੇ,ਆਪਣੀ ਜਾਨ ਦੇ ਦਿੱਤੀ। ਹੋਟਲ ਦੇ ਹੋਰ ਮੁਲਾਜਮਾਂ ਨੂੰ ਸਵੇਰੇ ਜਦੋਂ , ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਸੂਚਨਾ ਪੁਲਿਸ ਕੋਲ ਦਿੱਤੀ ਗਈ। ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ. ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਹੁਲ ਦੇ ਵਾਰਿਸਾਂ ਨੂੰ ਸੂਚਨਾ ਭੇਜੀ ਜਾ ਰਹੀ ਹੈ, ਉਨ੍ਹਾਂ ਦੇ ਇੱਥੇ ਪਹੁੰਚਣ ਤੋਂ ਬਾਅਦ, ਉਨ੍ਹਾਂ ਦੇ ਬਿਆਨ ਮੁਤਾਬਿਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੇੜਿਉਂ, ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ, ਫਿਰ ਵੀ ਪੁਲਿਸ ,ਰਾਹੁਲ ਦੀ ਆਤਮਹੱਤਿਆ ਦੇ ਕਾਰਣਾਂ ਦੀ ਤਫਤੀਸ਼ ਕਰ ਰਹੀ ਹੈ।
ਆਤਮ ਹੱਤਿਆ ਜਾਂ ਹੱਤਿਆ ?
ਫਿਲਹਾਲ ਬੇਸ਼ੱਕ ਰਾਹੁਲ ਦੀ ਆਤਮਹੱਤਿਆ ਦੀ ਗੱਲ ਹੀ ਕਹੀ ਜਾ ਰਹੀ ਹੈ, ਪਰੰਤੂ ਪੱਖੇ ਨਾਲ ਲਟਕਦੀ ਲਾਸ਼, ਕਈ ਤਰਾਂ ਦੇ ਹੋਰ ਸਵਾਲ ਵੀ ਖੜ੍ਹੇ ਕਰ ਰਹੀ ਹੈ। ਜਿਸ ਤੋਂ ਆਤਮ ਹੱਤਿਆ ਦੀ ਬਜਾਏ ਹੱਤਿਆ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਛੱਤ ਪੱਖੇ ਅਤੇ ਬੈਡ ਦੇ ਵਿਚਕਾਰਲਾ ਅੰਤਰ, ਗਲ ਫਾਹਾ ਲੈ ਕੇ ਝੂਟਣ ਜਿੰਨ੍ਹਾਂ ਦਿਖਾਈ ਨਹੀਂ ਦੇ ਰਿਹਾ ਹੈ। ਅਕਸਰ ਕਿਸੇ ਵੀ ਮਾਮਲੇ ਵਿੱਚ ਗਲ ਫਾਹਾ ਲੈ ਕੇ ਆਤਮ ਹੱਤਿਆ ਦੇ ਕੇਸ ਵਿੱਚ ਵਿਅਕਤੀ ਗੋਡਿਆਂ ਭਾਰ ਹੋ ਕੇ ਆਤਮਹੱਤਿਆ ਨਹੀਂ ਕਰਦਾ । ਇਸ ਤੋਂ ਇਲਾਵਾ ਮ੍ਰਿਤਕ ਦੇ ਹੱਥਾਂ ਅਤੇ ਪੈਰ ਤੇ ਸੱਟਾਂ ਅਤੇ ਖੂਨ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ। ਜਿਆਦਾਤਰ ਕੇਸਾਂ ਵਿੱਚ ਗਲ ਫਾਹਾ ਲੈਣ ਤੋਂ ਬਾਅਦ ਵਿਅਕਤੀ ਦੀ ਜੀਭ ਬਾਹਰ ਨਿੱਕਲ ਆਉਂਦੀ ਹੈ ਅਤੇ ਅੱਖਾਂ ਵੀ ਬਾਹਰ ਨੂੰ ਉਭਰਦੀਆਂ ਹਨ। ਪਰੰਤੂ ਇਸ ਕਥਿਤ ਆਤਮ ਹੱਤਿਆ ਦੀ ਫੋਟੋ, ਤੋਂ ਅਜਿਹਾ ਕੁਝ ਵੀ ਪ੍ਰਤੀਤ ਨਹੀਂ ਹੋ ਰਿਹਾ। ਕੁੱਝ ਵੀ ਹੋਵੇ, ਮਾਮਲਾ ਸ਼ੱਕੀ ਜਰੂਰ ਜਾਪਦਾ ਹੈ, ਜਿਸ ਦੀ ਸਚਾਈ, ਪੁਲਿਸ ਦੀ ਤਹਿਕੀਕਾਤ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ।