ਅਗਲੇਰੀ ਪੀੜ੍ਹੀ ਨੂੰ ਸ਼ੁੱਧ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣਾ ਸਾਡਾ ਮੁੱਢਲਾ ਫਰਜ
ਕਿਸਾਨ ਵੀਰਾਂ ਨੂੰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰਨ ਅਤੇ ਅੱਗ ਨਾ ਲਗਾਉਣ ਦੀ ਅਪੀਲ
ਬੀ.ਟੀ.ਐਨ. ਫਾਜ਼ਿਲਕਾ, 27 ਅਪ੍ਰੈਲ 2022
ਪਿੰਡ ਚੱਕ ਜਾਨੀਵਾਰ ਪਿੱਥਾ ਦਾ ਕਿਸਾਨ ਸ਼ਵਿੰਦਰ ਸਿੰਘ ਜ਼ੋ ਕਿ 35 ਏਕੜ ਵਿੱਚ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਨ ਦੀ ਤਰ੍ਹਾਂ ਉਹ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਸੀ। ਪਰ ਕਿਸਾਨ ਵੱਲੋ ਪਿਛਲੇ ਕੁਝ ਸਾਲਾਂ ਤੋਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਕੀਤਾ ਗਿਆ ਸੀ ਜਿਸ ਤਹਿਤ ਉਹ ਵਿਭਾਗ ਵੱਲੋਂ ਲਗਾਏ ਜਾਂਦੇ ਜਾਗਰੂਕਤਾ ਕੈਂਪਾਂ ਵਿਚ ਸ਼ਿਰਕਤ ਕਰਦਾ ਰਿਹਾ। ਉਹ ਦਸਦਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੇ ਕਹੇ ਅਨੁਸਾਰ ਉਸ ਨੇ ਆਧੁਨਿਕ ਸੰਦ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਕੀਤੀ ਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ।
ਕਿਸਾਨ ਦੱਸਦਾ ਹੈ ਕਿ ਉਸਨੇ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਪਰਾਲੀ ਨੂੰ ਖੇਤ ਵਿਚ ਵਹਾਉਣ ਦੇ ਨਾਲ ਹੀ ਕੀਤੀ ਸੀ। ਉਸਦਾ ਕਹਿਣਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸੁੱਧ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਵੀ ਪਾਇਆ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਹੁਣ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਦਾ ਰਹਿੰਦਾ ਹੈ ਤੇ ਵਿਭਾਗ ਦੇ ਮਾਹਰਾਂ ਅਨੁਸਾਰ ਹੀ ਜਮੀਨ `ਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦਾ ਹੈ ਤੇ ਲੋੜ ਅਨੁਸਾਰ ਹੀ ਸਪਰੇਅ ਕਰਦਾ ਹੈ।
ਅਗਾਂਹਵਧੂ ਕਿਸਾਨ ਨੇ ਕਿਹਾ ਕਿ ਇਸ ਵਾਰ ਉਸ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਏ ਡੀ.ਓ. ਡਾ. ਪਰਵਿੰਦਰ ਸਿੰਘ ਵੱਲੋਂ ਜਾਗਰੂਕ ਕਰਨ ਤੇ ਕਣਕ ਦੀ ਫ਼ਸਲ ਚੁੱਕਣ ਤੋਂ ਬਾਅਦ 32 ਕਿੱਲਿਆਂ ਵਿੱਚ ਪਹਿਲੀ ਵਾਰ ਮੂੰਗੀ ਦੀ ਬਿਜਾਈ ਕੀਤੀ ਹੈ ਅਤੇ 3 ਏਕੜ ਵਿਚ ਮੱਕੀ ਦੀ ਬਿਜਾਈ ਕੀਤੀ ਹੈ। ਕਿਸਾਨ ਸ਼ਵਿੰਦਰ ਸਿੰਘ ਹੋਰਨਾਂ ਕਿਸਾਨਾ ਨੂੰ ਵੀ ਅਪੀਲ ਕਰਦਾ ਹੈ ਕਿ ਕਣਕ ਦੀ ਨਾੜ ਨੂੰ ਅੱਗ ਲਗਾਏ ਆਧੁਨਿਕ ਸੰਦਾਂ ਦੀ ਮਦਦ ਨਾਲ ਇਸ ਦੇ ਨਾੜ ਨੂੰ ਜ਼ਮੀਨ ਵਿੱਚ ਹੀ ਰਲਾਇਆ ਜਾਵੇ। ਉਹ ਕਹਿੰਦਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਕਿਉਕਿ ਇਸ ਨਾਲ ਝਾੜ ਤਾਂ ਵੱਧਦਾ ਹੈ, ਜਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਉਸ ਨੇ ਹੋਰਨਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰਨ ਅਤੇ ਅਗਲੇਰੀ ਪੀੜ੍ਹੀ ਨੂੰ ਸ਼ੁੱਧ, ਸਾਫ-ਸੁਥਰਾ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣਾ ਸਾਡਾ ਮੁੱਢਲਾ ਫਰਜ ਬਣਦਾ ਹੈ।