ਹਰਿੰਦਰ ਨਿੱਕਾ, ਬਰਨਾਲਾ 28 ਅਪ੍ਰੈਲ 2022
ਜਿਲ੍ਹੇ ਦੇ ਪਿੰਡ ਠੁੱਲੇਵਾਲ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਨੇ ਕਰੀਬ 8 ਕੁ ਵਰ੍ਹਿਆਂ ਦੇ ਬੱਚੇ ਨੂੰ ਸਕੂਲ ਗਰਾਉਂਡ ਵਿੱਚੋਂ ਅਗਵਾ ਕਰਕੇ,ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਬੱਚਾ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਹੈ, ਜਦੋਂ ਕਿ ਪੁਲਿਸ ਨੇ ਪੀੜਤ ਬੱਚੇ ਦੇ ਦਾਦੇ ਦੇ ਬਿਆਨ ਤੇ ਨਾਮਜ਼ਦ ਦੋਸ਼ੀ ਕਬੱਡੀ ਖਿਡਾਰੀ ਦੇ ਖਿਲਾਫ ਸੰਗੀਨ ਜੁਰਮਾਂ ਤਹਿਤ ਥਾਣਾ ਠੁੱਲੀਵਾਲ ਵਿਖੇ ਕੇਸ ਦਰਜ਼ ਕਰਕੇ,ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇੱਕ ਬਜੁਰਗ ਨੇ ਦੱਸਿਆ ਕਿ ਲੰਘੀ ਕੱਲ੍ਹ ਸ਼ਾਮ ਕਰੀਬ 4 ਵਜੇ, ਉਸ ਦਾ ਪੋਤਾ, ਸਕੂਲ ਗਰਾਉਂਡ ਵਿੱਚ ਖੇਡਣ ਲਈ ਘਰੋਂ ਗਿਆ ਸੀ। ਜਿੱਥੋਂ ਪਿੰਡ ਦਾ ਹੀ ਰਹਿਣ ਵਾਲਾ ਕਰੀਬ 35 ਕੁ ਸਾਲ ਦਾ ਬਲਵੀਰ ਸਿੰਘ ਢਿੱਲੋਂ, ਉਸ ਦੇ ਪੋਤੇ ਨੂੰ ਅਗਵਾ ਕਰਕੇ, ਜਿੰਮ ਵਾਲੇ ਕਮਰੇ ਵਿੱਚ ਲੈ ਗਿਆ, ਜਿੱਥੇ ਉਹ ਬੱਚੇ ਨਾਲ ਬਦਫੈਲੀ ਕਰਕੇ, ਉੱਥੋਂ ਫਰਾਰ ਹੋ ਗਿਆ ਅਤੇ ਪਿੱਠ ‘ਚ ਦਰਦ ਨਾਲ ਚੀਖਦਾ ਬੱਚਾ ਕਰੀਬ ਪੰਜ ਪਜੇ ਮਸੀਂ ਘਰ ਪਹੁੰਚਿਆ। ਪੁੱਛਣ ਤੇ ਬੱਚੇ ਨੇ, ਉਕਤ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।
ਥਾਣਾ ਠੁੱਲੀਵਾਲ ਦੇ ਐਸ.ਐਚ.ਉ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦੇ ਨੇ ਉਕਤ ਬਿਆਨ ਪੁਲਿਸ ਨੂੰ ਲਿਖਵਾਇਆ, ਜਿਸ ਦੀ ਤਾਈਦ, ਬੱਚੇ ਦੀ ਮਾਂ ਨੇ ਕੀਤੀ। ਪੁਲਿਸ ਨੇ ਨਾਮਜ਼ਦ ਦੋਸ਼ੀ ਬਲਵੀਰ ਸਿੰਘ ਢਿੱਲੋਂ ਦੇ ਖਿਲਾਫ ਅਧੀਨ ਜੁਰਮ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੂਅਲ ਉਫੈਂਸ ਐਕਟ ਅਮੈਂਡਿਡ 2012/2019 ਅਤੇ 363/367/377 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ,ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਛੇਤੀ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ