ਬਹਾਦਰੀ ਦਾ ਪ੍ਰਤੀਕਬਣਿਆ ਏਐੱਸਆਈ ਹਰਜੀਤ
ਅਸ਼ੋਕ ਵਰਮਾ ਬਠਿੰਡਾ 27ਅਪਰੈਲ2020
‘ਮੈਂ ਵੀ ਹਰਜੀਤ ਮੁਹਿੰਮ’ ਰਾਹੀਂ ਬਠਿੰਡਾ ਪੁਲਿਸ ਨੇ ਅੱਜ ਪਟਿਆਲਾ ਸਬਜ਼ੀ ਮੰਡੀ ਵਿੱਚ ਕਰਫਿਊ ਦੌਰਾਨ ਹੋਏ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਆਪਣਾ ਹੱਥ ਗਵਾਉਣ ਵਾਲੇ ਏਐੱਸਆਈ ਹਰਜੀਤ ਸਿੰਘ ਦੀ ਹੌਸਲਾ ਅਫ਼ਜਾਈ ਲਈ ਸੈਲੂਟ ਮਾਰਿਆ ਹੈ। ਜਿਲ੍ਹਾ ਪੁਲਿਸ ਮ੍ਰੁਖੀ ਡਾ ਨਾਨਕ ਸਿੰਘ ਤੋਂ ਲੈਕੇ ਹਰ ਅਫਸਰ ਅਤੇ ਪੁਲਿਸ ਦੇ ਜਵਾਨਾਂ ਅਤੇ ਮਹਿਲਾ ਪੁਲਿਸ ਨੇ ਆਪਣੇ ਨਾਮ ਦੀ ਥਾਂ ਅੱਜ ਹਰਜੀਤ ਸਿੰਘ ਦੇ ਨਾਂ ਦੀ ਨੇਮ ਪਲੇਟ ਲਾਈ ਅਤੇ ਹਰਜੀਤ ਸਿੰਘ ਵੱਲੋਂ ਦਿਖਾਈ ਅਦੁੱਤੀ ਬਹਾਦਰੀ ਨੂੰ ਲਾ ਮਿਸਾਲ ਦੱਸਿਆ। ਐਸਐਸਪੀ ਵੱਲੋਂ ਤਾਂ ਬਠਿੰਡਾ ਪੁਲਿਸ ਦੇ ਫੇਸਬੁੱਕ ਪੇਜ ਤੇ ਵੀ ਹਰਜੀਤ ਸਿੰਘ ਨਾਮ ਦੀ ਨੇਮ ਪਲੇਟ ਵਾਲੀ ਫੋਟੋ ਪਾਈ ਹੈ। ਪੁਲਿਸ ਮੁਲਾਜਮਾਂ ਨੇ ਆਖਿਆ ਕਿ ਹਰਜੀਤ ਸਿੰਘ ਨੇ ਪੁਲਿਸ ਦੀ ਵਰਦੀ ਦੀ ਸ਼ੋਭਾ ਵਧਾਈ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਦੱਸਣਯੋਗ ਹੈ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੰਘੀ 12 ਅਪਰੈਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਰ ਪਟਿਆਲਾ ਨੇੜੇ ਸਨੌਰ ਰੋਡ ‘ਤੇ ਸਥਿਤ ਸਬਜੀ ਮੰਡੀ ਵਿੱਚ ਏਐਸਆਈ ਹਰਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਡਿਊਟੀ ਲੱਗੀ ਹੋਈ ਸੀ। ਇਸ ਮੌਕੇ ਦਾਖਲ ਹੋਣ ਮੌਕੇ ਹਰ ਕਿਸੇ ਦੇ ਕਰਫਿਊ ਪਾਸ ਦੇਖੇ ਜਾ ਰਹੇ ਸਨ। ਇਸੇ ਦੌਰਾਨ ਮੰਡੀ ’ਚ ਦਾਖਲੇ ਸਮੇਂ ਨਹਿੰਗ ਸਿੰਘਾਂ ਨੂੰ ਪਾਸ ਦਿਖਾਉਣ ਲੲਂ ਆਖਿਆ ਗਿਆ। ਇਸ ਮੌਕੇ ਨਿਹੰਗ ਸਿੰਘਾਂ ਅਤੇ ਪੁਲੀਸ ਮੁਲਾਜ਼ਮਾਂ ਦਰਮਿਆਨ ਹੋਈ ਝੜੱਪ ਦੌਰਾਨ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਦੇ ਕੀਤੇ ਗਏ ਵਾਰ ਨਾਲ ਇੱਕ ਏਐਸਆਈ ਹਰਜੀਤ ਸਿੰਘ ਦਾ ਗੁੱਟ ਬਾਂਹ ਨਾਲੋਂ ਵੱਖ ਹੋ ਗਿਆ ਸੀ। ਕਾਫੀ ਬਹਾਦਰੀ ਦਿਖਾਉਂਦਿਆਂ ਜ਼ਖਮੀ ਏਐੱਸਆਈ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਸ ਨੂੰ ਗੰਭੀਰ ਹਾਲਾਤ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਲੰਮੀ ਮੁਸ਼ੱਕਤ ਉਪਰੰਤ ਹੱਥ ਬਾਂਹ ਦੇ ਨਾਂਲ ਜੋੜ ਦਿੱਤਾ। ਉਸ ਦੀ ਜਾਂਬਾਜੀ ਨੂੰ ਸਲਾਮ ਕਰਦਿਆਂ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਦੇ ਹੁਕਮਾਂ ਤੇ ਉਸ ਨੂੰ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਸੀ। ਹੁਣ ਡੀਜੀਪੀ ਸਮੇਤ ਅੱਜ ਸਾਰੇ ਪੁਲੀਸ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ‘ ਹਰਜੀਤ ਸਿੰਘ ’ ਦੀ ਨੇਮ ਪਲੇਟ’ ਲਗਾਕੇ ਸਨਮਾਨ ਦੇਣ ਲਈ ਨਿਵੇਕਲੀ ਪਹਿਲਕਦਮੀ ਕੀਤੀ ਹੈ।
ਅਪਰਾਧੀਆਂ ਵਿਰੁੱਧ ਏਕਤਾ ਦਾ ਸੰਦੇਸ਼
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਇਸ ਨਾਲ ਸੰਦੇਸ਼ ਦਿੱਤਾ ਗਿਆ ਹੈ ਕਿ ਅਪਰਾਧਿਕ ਅਨਸਰਾਂ ਨਾਂਲ ਨਜਿੱਠਣ ਲਈ ਪੁਲਿਸ ਇੱਕ ਹੈ । ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਨੇ ਜਤਾ ਦਿੱਤਾ ਹੈ ਕਿ ਕਿੰਨੀਆਂ ਵੀ ਕਠਿਨ ਪ੍ਰਸਥਿਤੀਆਂ ਹੋਣ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸਿਖਲਾਈ ਦੌਰਾਨ ਕਮਿਊਨਿਟੀ ਪੁਲੀਸਿੰਗ ਅਤੇ ਦੇਸ਼ ਸੇਵਾ ਦੀ ਜੋ ਸਹੁੰ ਚੁਕਾਈ ਜਾਂਦੀ ਹੈ, ਉਸ ਨੂੰ ਅਮਲ ਵਿੱਚ ਲਿਆ ਕੇ ਹਰਜੀਤ ਸਿੰਘ ਨੇ ਇੱਥ ਵੱਖਰੀ ਮਿਸਾਲ ਪੇਸ਼ ਕੀਤੀ ਹੈ।