ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਬਰਨਾਲਾ ਬਲਾਕ ਦੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਸੋਨੀ ਪਨੇਸਰ , ਬਰਨਾਲਾ, 11 ਮਾਰਚ 2022
ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਗੁਰਵਿੰਦਰ ਸਿੰਘ ਜੀ ਦੇ ਦਿਸਾਂ ਨਿਰਦੇਸਾਂ ਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ ਬਲਬੀਰ ਚੰਦ ਜੀ ਦੀ ਅਗਵਾਈ ਹੇਠ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਦੀ ਰੋਕਥਾਮ ਬਾਰੇ ਜਾਗਰੁਕ ਕਰਨ ਲਈ ਜਿਲ੍ਹੇ ਵਿੱਚ ਮੁਹਿੰਮ ਵਿੱਢੀ ਗਈ ਹੈ, ਇਸ ਲੜੀ ਤਹਿਤ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਬਰਨਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਧੂਰਕੋਟ, ਪੱਖੋ ਕਲਾਂ ਤੇ ਭੈਣੀ ਫੱਤਾ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਨਾਲ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਟੀਂਡੇ ਤੇ ਛਟੀਆਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾਇਆ ਗਿਆ।
ਉਨਾ ਦੱਸਿਆ ਕਿ ਨਰਮੇ ਦੀ ਬਿਜਾਈ ਤੋਂ ਪਹਿਲਾਂ ਹੀ ਗੁਲਾਬੀ ਸੁੰਡੀ ਦੀ ਅਗਾਂਊ ਰੋਕਥਾਮ ਕਰਨੀ ਬਹੁਤ ਜਰੂਰੀ ਹੈ, ਕਿਉਕਿ ਖੇਤਾਂ ਵਿੱਚ ਪਈਆਂ ਛਟੀਆਂ ਤੇ ਉਨ੍ਹਾਂ ਵਿੱਚ ਅੱਧ ਖਿੜੇ ਟੀਡਿਆਂ ਵਿੱਚ ਪਈ ਸੁੰਡੀ ਨੂੰ ਖਤਮ ਕਰਨ ਢੁਕਵਾਂ ਸਮਾਂ ਹੈ। ਉਨਾਂ ਕਿਸਾਨਾਂ ਨੂੰ ਪਿੰਡ ਪੱਧਰ ਤੇ ਇਕੱਠੇ ਹੋ ਕੇ ਛਟੀਆਂ ਦੇ ਢੇਰ ਦੇ ਪ੍ਰਬੰਧਨ ਲਈ ਕੰਮ ਸੁਰੂ ਕਰਨ ਲਈ ਕਿਹਾ ਤਾਂ ਜੋ ਮਾਰਚ ਮਹੀਨੇ ਤੱਕ ਛਟੀਆਂ ਦਾ ਕੰਮ ਮੁਕੰਮਲ ਹੋ ਸਕੇ ਇਸ ਗੈਰਮੌਸਮੀ ਛਟੀਆਂ ਦੇ ਢੇਰਾਂ ਵਿੱਚ ਅਣਖਿੜੇ ਟੀਂਡੇ ਚੰਗੀ ਤਰ੍ਹਾਂ ਝਾੜ ਕੇ ਅੱਗ ਲਗਾਉਣ ਨਾਲ ਜਾਂ ਫਿਰ ਛਟੀਆਂ ਦੇ ਢੇਰਾਂ ਨੂੰ ਨਰਮੇ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਵਰਤ ਕੇ ਗੁਲਾਬੀ ਸੁੰਡੀ ਦੇ ਲਾਈਫ ਸਾਈਕਲ ਨੂੰ ਤੋੜਨਾ ਬਹੁਤ ਜਰੂਰੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇਗਾ।ਉਨਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਪਿੰਡ ਤੇ ਬਲਾਕ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਲਗਾ ਕੇ, ਨੁਕੜ ਮੀਟਿੰਗਾਂ ਕਰਕੇ, ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਗੁਰਦਵਾਰਾ ਸਾਹਿਬ ਵਿੱਚ ਅਨਾਊਸਮੈਂਟ ਕਰਵਾ ਕੇ, ਲਿਟਰੇਚਰ ਦੀ ਵੰਡ ਕਰਕੇ ਅਤੇ ਸੋਸਲ ਮੀਡੀਆ ਦੀਆਂ ਐਪਸ ਵਟਸਅਪ ਤੇ ਗਰੁੱਪ ਬਣਾ ਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਸਮੇਂ ਡਾ ਜਸਕੰਵਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਮੱਖਣ ਲਾਲ ਖੇਤੀਬਾੜੀ ਉਪਨਿਰੀਖਕ ਤੇ ਕਿਸਾਨਾਂ ਵਿੱਚ ਸ੍ਰੀ ਪ੍ਰੇਮ ਕੁਮਾਰ, ਸ੍ਰੀ ਜਗਦੀਸ਼ ਕੁਮਾਰ, ਸ੍ਰੀ ਬੂਟਾ ਸਿੰਘ,ਸ੍ਰੀ ਕੁਲਵੀਰ ਸਿੰਘ ਤੇ ਹੋਰ ਕਿਸਾਨ ਹਾਜਰ ਸਨ।