CPI (ML) ਨਿਊ ਡੈਮੋਕਰੇਸੀ ਵਲੋਂ ਯੂਕਰੇਨ ਉੱਤੇ ਥੋਪੀ ਜੰਗ ਖਿਲਾਫ਼ ਮੁਜ਼ਾਹਰਾ
*ਜੰਗ ਬੰਦ ਕਰੋ, ਅਮਨ-ਸ਼ਾਂਤੀ ਬਹਾਲ ਕਰੋ, ਜੰਗ ਚ ਫ਼ਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦੀ ਮੰਗ
*ਜੰਗ ਲਈ ਸਾਮਰਾਜੀ ਤਾਕਤਾਂ ਦੀ ਲਲਕ ਜ਼ਿੰਮੇਵਾਰ:ਕਾਮਰੇਡ ਅਜਮੇਰ ਸਿੰਘ
ਪਰਦੀਪ ਕਸਬਾ, ਜਲੰਧਰ,28 ਫਰਵਰੀ 2022
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਯੂਕਰੇਨ ‘ਤੇ ਰੂਸ ਵਲੋਂ ਹਮਲਾ ਕਰਕੇ ਨਿਹੱਥੇ ਲੋਕਾਂ ਦੀਆਂ ਜਾਨਾਂ ਲੈਣ ਖਿਲਾਫ਼ ਜਲੰਧਰ ਸ਼ਹਿਰ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਕਿ ਯੂਕਰੇਨ ਨੂੰ ਜੰਗ ਦੇ ਮੂੰਹ ਵਿੱਚ ਸੁੱਟਣ ਲਈ ਲੁਟੇਰਾ ਸਾਮਰਾਜੀ ਅਮਰੀਕਾ,ਰੂਸ ਅਤੇ ਯੂਰਪੀਨ ਯੂਨੀਅਨ ਜ਼ਿੰਮੇਵਾਰ ਹੈ।ਇਸ ਮੌਕੇ ਪਾਰਟੀ ਨੇ “ਜੰਗ ਨਹੀਂ, ਅਮਨ-ਸ਼ਾਂਤੀ ਬਹਾਲ ਕਰੋ,ਸਾਮਰਾਜੀ ਫ਼ੌਜੀ ਗੱਠਜੋੜ (ਨਾਟੋ) ਨੂੰ ਭੰਗ ਕਰੋ,ਯੂਕਰੇਨ ਵਿੱਚ ਫ਼ਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਵਾਪਿਸ ਲਿਆਂਦਾ ਜਾਵੇ” ਆਵਾਜ਼ ਬੁਲੰਦ ਕੀਤੀ।0
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਜਮੇਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਮੰਡੀਆਂ ਖ਼ਾਤਰ ਰੂਸ ਦੁਆਰਾ ਯੂਕਰੇਨ ਉੱਪਰ ਥੋਪੀ ਜੰਗ ਲਈ ਸਾਮਰਾਜੀ ਤਾਕਤਾਂ ਦੀ ਲਲਕ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਲਈ ਰੂਸ, ਅਮਰੀਕਾ ਅਤੇ ਯੂਰਪੀ ਯੂਨੀਅਨ ਅਤੇ ਇਹਨਾਂ ਦੀ ਯੂਕਰੇਨ ਨੂੰ ਆਪਣੇ ਪਿੰਜਰੇ ਵਿੱਚ ਪਾਉਣ ਦੀ ਖਹਿ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਅਮਰੀਕੀ ਹਾਕਮ ਅਫਗਾਨਿਸਤਾਨ ਤੇ ਸੀਰੀਆ ਵਿੱਚ ਮੂੰਹ ਦੀ ਖਾਣੀ ਉਪਰੰਤ ਕਿਤੇ ਵੀ ਆਪਣੀ ਫੌਜ ਭੇਜਣ ਦੀ ਜੁਰੱਅਤ ਨਹੀਂ ਕਰ ਸਕਿਆ ਪਰ ਅਮਰੀਕਾ ਦਾ ਮਿਲਟਰੀ- ਇੰਡਸਟਰੀਅਲ ਕੰਪਲੈਕਸ ਉਸ ਨੂੰ ਜੰਗਾਂ ਛੇੜਨ ਲਈ ਧੱਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਕ ਧਰੁੱਵੀ ਸੰਸਾਰ ਨਹੀਂ ਰਿਹਾ। ਹੁਣ ਕਿਤੇ ਵੀ ਜੰਗ ਤੇ ਅਮਨ ਦਾ ਫ਼ੈਸਲਾ ਇਕੱਲਾ ਅਮਰੀਕਾ ਨਹੀਂ ਕਰ ਸਕਦਾ।ਮਿਲਟਰੀ ਪੱਖੋਂ ਭਿੜਨ ਲਈ ਰੂਸ ਅਤੇ ਆਰਥਿਕ ਪੱਖੋਂ ਭਿੜਨ ਲਈ ਚੀਨ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਰਜੀਆ ਦੀ ਜੰਗ ਨੇ ਸਾਫ ਕਰ ਦਿਤਾ ਸੀ ਕਿ ਇਕ ਧਰੁੱਵੀ ਸੰਸਾਰ ਹੁਣ ਬੀਤੇ ਦੀ ਗੱਲ ਹੈ।ਹੁਣ ਬਹੁ ਧਰੁੱਵੀ ਸੰਸਾਰ ਹੋਂਦ ਚ ਆ ਚੁੱਕਿਆ ਹੈ,ਜਿਸ ਵਿਚ ਅਮਰੀਕਾ, ਰੂਸ , ਚੀਨ ਅਤੇ ਯੂਰਪੀ ਯੂਨੀਅਨ ਸੰਸਾਰ ਮੰਡੀ ਖਾਤਰ ਖਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਮਰਾਜੀ ਸ਼ਕਤੀਆਂ ਅਮਰੀਕਾ ਤੇ ਰੂਸ ਅੱਗੇ ਝੁੱਕਿਆ ਹੋਇਆ ਹੈ ਤੇ ਯੂਕਰੇਨ ਵਿੱਚ ਫ਼ਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਥਾਂ ਯੂਕਰੇਨ ਜੰਗ ਨੂੰ ਯੂਪੀ ਚੋਣਾਂ ਲਈ ਵਰਤ ਕੇ ਵੋਟਾਂ ਬਟੋਰਨ ਖ਼ਾਤਰ ਇਹ ਪ੍ਰਚਾਰ ਰਿਹਾ ਕਿ ਦੇਸ਼ ਨੂੰ ਮੋਦੀ ਤੋਂ ਸਿਵਾਏ ਕੋਈ ਪ੍ਰਧਾਨ ਮੰਤਰੀ ਨਹੀਂ ਮਿਲ ਸਕਦਾ।
ਉਨ੍ਹਾਂ ਕਿਹਾ ਕਿ ਅਸੂਲੀ ਸਥਿੱਤੀ ਇਹ ਹੈ ਕਿ ਯੂਕਰੇਨ ਦੀ ਕਿਸਮਤ ਦਾ ਫ਼ੈਸਲਾ ਕਰਨ ਦਾ ਅਧਿਕਾਰ ਨਾ ਰੂਸ ਨੂੰ, ਨਾ ਅਮਰੀਕਾ ਨੂੰ ਅਤੇ ਨਾ ਯੂਰਪੀ ਯੂਨੀਅਨ ਨੂੰ ਹੈ। ਉਨ੍ਹਾਂ ਕਿਹਾ ਕਿ ਇਹ ਹੱਕ ਸਿਰਫ ਤੇ ਸਿਰਫ ਯੂਕਰੇਨ ਦੇ ਲੋਕਾਂ ਦਾ ਹੈ।
ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਆਦਿ ਨੇ ਸੰਬੋਧਨ ਕੀਤਾ।