ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਬਰਸੀ ਮੌਕੇ ਜ਼ਮੀਨੀ ਘੋਲ਼ ਤੇਜ਼ ਕਰਨ ਦਾ ਸੱਦਾ

Advertisement
Spread information

ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਬਰਸੀ ਮੌਕੇ ਜ਼ਮੀਨੀ ਘੋਲ਼ ਤੇਜ਼ ਕਰਨ ਦਾ ਸੱਦਾ

*ਉੱਘੇ ਨਾਟਕਕਾਰ ਡਾ.ਸਾਹਿਬ ਸਿੰਘ ਵੱਲੋੰ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਸਫਲ ਪੇਸ਼ਕਾਰੀ*

ਪਰਦੀਪ ਕਸਬਾ , ਨਿਹਾਲ ਸਿੰਘ ਵਾਲਾ, 22 ਫਰਵਰੀ 2022

ਜ਼ਮੀਨੀ ਘੋਲ਼ ਦੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ 12ਵੀਂ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜ਼ਿਲ੍ਹਾ ਕਮੇਟੀ ਮੋਗਾ ਦੇ ਸੱਦੇ ਤੇ ਸੈਂਕੜੇ ਕਿਸਾਨਾਂ- ਮਜ਼ਦੂਰਾਂ, ਔਰਤਾਂ- ਨੌਜਵਾਨਾਂ ਵੱਲੋਂ ਤਖਤੂਪੁਰਾ ਵਿਖੇ ਸੂਹਾ ਸਲਾਮ ਭੇਂਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਲੋਕ ਪੱਖੀ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ।

Advertisement

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 2010 ਵਿੱਚ ਰਾਵੀ ਦੇ ਕੰਢੇ ਜ਼ਿਲ੍ਹਾ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਵਿਖੇ ਅਬਾਦਕਾਰਾਂ ਕਿਸਾਨਾਂ ਨੂੰ ਜ਼ਮੀਨੀ ਹੱਕ ਦਵਾਉਣ ਦੀ ਲੜਾਈ ਬਾਦਲ ਲਾਣੇ ਦੇ ਪੁਲਿਸ- ਸਿਆਸੀ- ਗੁੰਡਾ ਗੱਠਜੋੜ ਖਿਲਾਫ਼ ਲੜਦਿਆਂ ਜੱਥੇਬੰਦੀ ਦੀ ਕਲਗੀ ਸਾਧੂ ਸਿੰਘ ਤਖਤੂਪੁਰਾ ਸ਼ਹੀਦੀ ਜਾਮ ਪੀ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਦੇ ਮਹਾਨ ਘੋਲ਼ ਦੀ ਰੋਸ਼ਨੀ ਵਿੱਚ ਬੁਨਿਆਦੀ ਮੁੱਦਿਆਂ ਉੱਪਰ ਜ਼ਮੀਨੀ ਲੜਾਈ ਤੇਜ਼ ਕਰਨ ਦਾ ਵੇਲਾ ਹੈ। ਜਿਵੇਂ ਕਿ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਉਸ ਸਮੇਂ ਜ਼ਮੀਨ ਮਾਲਕੀ ਦੀ ਜੰਗ ਲੜਦੇ ਸ਼ਹੀਦ ਹੋਏ,ਉਸ ਲੜਾਈ ਨੂੰ ਸਿਰੇ ਲਾਉਣ ਲਈ ਜ਼ਮੀਨ ਦੀ ਕਾਣੀ ਵੰਡ ਦਾ ਖਾਤਮਾ ਕਰਕੇ ਬੇਜ਼ਮੀਨੇ ਥੁੜ ਜ਼ਮੀਨੇ ਮਜ਼ਦੂਰਾਂ- ਕਿਸਾਨਾਂ ਵਿੱਚ ਵੰਡ ਦੀ ਮੰਗ ਨੂੰ ਲੈਕੇ ਤੇਜ਼ ਕਰਨ ਦੀ ਲੋੜ ਹੈ।

ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਗੀਰਦਾਰੀ ਅਤੇ ਸੂਦਖੋਰੀ ਦਾ ਮੁਕੰਮਲ ਖਾਤਮਾ ਕਰਨ ਦੀ ਲੜਾਈ ਨੂੰ ਤੇਜ਼ ਕਰਨਾ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਤਬਕਾਤੀ ਮੰਗਾਂ ਮਸਲਿਆਂ ਨੂੰ ਬੁਨਿਆਦੀ ਮੰਗਾਂ ਨਾਲ ਜੋੜਕੇ ਨੀਤੀਗਤ ਮੁੱਦਿਆਂ ਤੇ ਸਾਂਝੀ ਲੜਾਈ ਕਰਨ ਦਾ ਵੇਲਾ ਹੈ। ਜਦੋਂ ਤੱਕ ਮੁਲਕ ਦੀ ਕੇਂਦਰੀ ਹਕੂਮਤ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ‘ਚੋ ਬਾਹਰ ਨਹੀਂ ਆਉਂਦੀ, ਖੇਤੀ ਖੇਤਰ ਵਿੱਚੋਂ ਦੇਸ਼ੀ- ਵਿਦੇਸ਼ੀ ਸਾਮਰਾਜੀ ਮਲਟੀਨੈਸ਼ਨਲ ਕੰਪਨੀਆਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਂਦਾ ਅਤੇ ਲੋਕ ਪੱਖੀ ਲੀਹਾਂ ‘ਤੇ ਕਾਰਪੋਰੇਟ ਵਿਕਾਸ ਮਾਡਲ ਦੀ ਥਾਂ ਰੁਜ਼ਗਾਰ-ਮੁਖੀ ਵਿਕਾਸ ਮਾਡਲ ਲਾਗੂ ਨਹੀਂ ਕੀਤਾ ਜਾਂਦਾ,ਓਨਾ ਚਿਰ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ।ਇਸ ਮੰਜ਼ਿਲ ਨੂੰ ਵੋਟਾਂ ਦੇ ਰਾਹ ਪੈ ਕੇ ਸਰ ਨਹੀਂ ਕੀਤਾ ਜਾ ਸਕਦਾ ਸਗੋਂ ਬੁਨਿਆਦੀ ਮਸਲਿਆਂ ‘ਤੇ ਇੱਕਜੁਟ ਸੰਘਰਸ਼ ਤੇਜ਼ ਕਰਕੇ ਵਿਸ਼ਾਲ ਜਨਤਕ ਟਾਕਰੇ ਰਾਹੀਂ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਮੌਕੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਸ਼ਰਧਾਂਜਲੀ ਦੇਣ ਦਾ ਮਤਲਬ ਲੋਕ ਮੁੱਦਿਆਂ ‘ਤੇ ਸੰਘਰਸ਼ ਤੇਜ਼ ਕਰਨ ਦੀ ਅਣਸਰਦੀ ਲੋੜ ਨੂੰ ਸੰਬੋਧਿਤ ਹੋਣ ਤੋਂ ਹੈ।ਇਸ ਸਮੇਂ ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ, ਰੂਪ ਸਿੰਘ ਛੰਨਾਂ, ਬੂਟਾ ਸਿੰਘ ਭਾਗੀਕੇ, ਕੁਲਦੀਪ ਕੌਰ ਕੁੱਸਾ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਚਰਨ ਸਿੰਘ ਰਾਮਾਂ, ਚਮਕੌਰ ਸਿੰਘ ਨੈਣੈਵਾਲ,ਮੋਠੂ ਸਿੰਘ ਕੋਟੜਾ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ, ਗੁਰਮੁਖ ਹਿੰਮਤਪੁਰਾ, ਮਜ਼ਦੂਰ ਆਗੂ ਦਰਸ਼ਨ ਹਿੰਮਤਪੁਰਾ, ਮੇਜਰ ਸਿੰਘ ਕਾਲੇਕੇ, ਬਲਵੰਤ ਬਾਘਾਪੁਰਾਣਾ, ਡੀਟੀਐਫ ਆਗੂ ਅਮਨਦੀਪ ਸਿੰਘ ਮਾਛੀਕੇ ਆਦਿ ਬੁਲਾਰੇ ਹਾਜ਼ਰ ਸਨ ।

Advertisement
Advertisement
Advertisement
Advertisement
Advertisement
error: Content is protected !!