ਫੀਲਡ ਆਉਟਰੀਚ ਬਿਉਰੋ ਵੱਲੋਂ ਸਰਕਾਰੀ ਸਕੂਲ ‘ਚ ਵੋਟਰ ਜਾਗਰੂਕਤਾ ਅਭਿਆਨ ਪ੍ਰੋਗਰਾਮ ਆਯੋਜਿਤ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 15 ਫਰਵਰੀ 2022
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਫੀਲਡ ਆਊਟਰੀਚ ਬਿਉਰੋ ਵੱਲੋਂ ਸਰਹਦੀ ਸੀਮਾ ਉਤੇ ਪਿੰਡ ਗੱਟੀ ਰਾਜੋ ਕੇ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਰ ਜਾਗਰੂਕਤਾ ਬਾਰੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਿਉਰੋ ਵੱਲੋਂ ਕਰਵਾਏ ਗਏ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਬੱਚਿਆਂ ਨੇ ਸਕਿਟ ਅਤੇ ਗੀਤ ਪੇਸ਼ ਕੀਤੇ। ਜਿੱਥੇ ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਨੇ ਨੌਜਵਾਨਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਪੂਰੀ ਜ਼ਿੰਮੇਵਾਰੀ ਨਾਲ ਕਰਨ ਦਾ ਸੱਦਾ ਦਿੱਤਾ ਉੱਥੇ ਹੀ ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਤੇ ਡਰ ਦੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਆਪਣੀ ਵੋਟ ਦੇ ਸਹੀ ਇਸਤੇਮਾਲ ਨਾਲ ਹੀ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਾਂ।
ਇਸ ਮੌਕੇ ਸਾਰਿਆਂ ਨੂੰ ਵੋਟ ਪਾਉਣ ਦੀ ਸਹੁੰ ਵੀ ਚੁਕਾਈ ਗਈ। ਜਿਨ੍ਹਾਂ ਨੌਜਵਾਨਾਂ ਦੀ ਵੋਟ ਪਾਉਣ ਦੀ ਉਮਰ ਨਹੀਂ ਹੋਈ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਹੋਰ ਆਸ ਪਾਸ ਰਹਿੰਦੇ ਬਜ਼ੁਰਗਾਂ ਅਤੇ ਹੋਰਨਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਉਣ ਲਈ ਪ੍ਰੇਰਿਆ ਗਿਆ।
ਇਸ ਉਪਰੰਤ ਵਿਦਿਆਰਥੀਆਂ, ਜਿਨ੍ਹਾਂ ਨੇ ਸਕਿਟ ਅਤੇ ਗੀਤ ਪੇਸ਼ ਕੀਤੇ, ਨੂੰ ਸਨਮਾਨਿਤ ਕੀਤਾ ਗਿਆ। ਮੰਤਰਾਲੇ ਦੀ ਕਲਚਰਲ ਟੀਮ ਨੇ ਵੋਟਰ ਜਾਗਰੂਕਤਾ ਅਤੇ ਕੋਵਿਡ ਟੀਕਾਕਰਨ ਕਰਵਾਉਣ ਬਾਰੇ ਦੋ ਨਾਟਕ ਪੇਸ਼ ਕੀਤੇ ਜਿਨ੍ਹਾਂ ਨੂੰ ਬਹੁਤ ਸਰਾਹਿਆ ਗਿਆ। ਮੰਚ ਦਾ ਸੰਚਾਲਨ ਸਕੂਲ ਦੀ ਅਧਿਆਪਿਕਾ ਗੁਰਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਬਿਉਰੋ ਦੇ ਤਕਨੀਕੀ ਸਹਾਇਕ ਕਵੀਸ਼ ਦੱਤ ਅਤੇ ਵੋਟਰ ਜਾਗਰੂਕਤਾ ਕਲੱਬ ਸਕੂਲ ਦੀ ਕੁਆਰਡੀਨੇਟਰ ਪ੍ਰਿਯੰਕਾ ਜੋਸ਼ੀ ਮੌਜੂਦ ਸਨ।