ਹਰਿੰਦਰ ਨਿੱਕਾ , ਬਰਨਾਲਾ 11 ਫਰਵਰੀ 2022
ਜਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇੱਕ ਨੌਜਵਾਨ ਦੀ ਹੱਤਿਆ ਦੇ ਦੋਸ਼ ਵਿੱਚੋਂ ਇਕ ਨਾਮਜਦ ਦੋਸ਼ੀ ਨੂੰ ਬਰੀ ਕਰ ਦਿੱਤਾ, ਜਦੋਂਕਿ ਦੂਜੇ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ। ਵਰਨਣਯੋਗ ਹੈ ਕਿ ਥਾਣਾ ਤਪਾ ਦੀ ਪੁਲਿਸ ਨੇ ਦਰਸ਼ਨ ਸਿੰਘ ਵਾਸੀ ਤਾਜੋਕੇ ਦੇ ਬਿਆਨ ਪਰ, ਗੁਰਲਾਲ ਸਿੰਘ ਉਰਫ ਗੱਗੀ ਵਾਸੀ ਤਪਾ ਅਤੇ ਪ੍ਰਵੀਨ ਸਿੰਘ ਉਰਫ ਬਿੱਲੀ ਵਾਸੀ ,ਪਿੰਡ ਜੋਗਾ, ਜਿਲ੍ਹਾ ਮਾਨਸਾ ਦੇ ਖਿਲਾਫ ਮੇਵਾ ਸਿੰਘ ਉਮਰ ਕਰੀਬ 23 ਸਾਲ ਵਾਸੀ ਤਪਾ ਮੰਡੀ ਦੀ ਹੱਤਿਆ ਦੇ ਦੋਸ਼ ਵਿੱਚ 30 ਮਾਰਚ 2021 ਨੂੰ ਕੇਸ ਦਰਜ ਕੀਤਾ ਗਿਆ ਸੀ।
ਅਦਾਲਤ ਵਿੱਚ ਚਲਾਨ ਪੇਸ਼ ਹੋਣ ਉਪਰੰਤ ਹੋਈ ਸੁਣਵਾਈ ਦੌਰਾਨ ਨਾਮਜ਼ਦ ਦੋਸ਼ੀ ਪ੍ਰਵੀਨ ਸਿੰਘ ਦੀ ਤਰਫੋਂ ਐਡਵੇਕੋਟ ਸ਼ਿਵਦਰਸ਼ਨ ਬਾਂਸਲ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਗੁਰੀ ਪੇਸ਼ ਹੋਏ। ਬਚਾਉ ਪੱਖ ਦੇ ਉਕਤ ਦੋਵਾਂ ਵਕੀਲਾਂ ਨੇ ਜੋਰਦਾਰ ਬਹਿਸ ਕਰਦਿਆਂ ਕਿਹਾ ਕਿ ਕੇਸ ਦੇ ਮੁਦਈ ਵੱਲੋਂ ਪੁਲਿਸ ਨੂੰ ਦਿੱਤਾ ਬਿਆਨ ਅਤੇ ਅਦਾਲਤ ਵਿੱਚ ਦਿੱਤਾ ਬਿਆਨ ਮੇਲ ਨਹੀਂ ਖਾਂਦਾ। ਪੁਲਿਸ ਨੇ ਪ੍ਰਵੀਨ ਸਿੰਘ ਨੂੰ ਕੇਸ ਵਿੱਚ ਗਲਤ ਨਾਮਜ਼ਦ ਕੀਤਾ ਹੈ। ਸਫਾ ਮਿਸਲ ਤੇ ਪ੍ਰਵੀਨ ਸਿੰਘ ਦੇ ਖਿਲਾਫ ਕੋਈ ਪੁਖਤਾ ਸਬੂਤ ਹੀ ਨਹੀਂ ਆਇਆ।
ਮਾਨਯੋਗ ਅਦਾਲਤ ਨੇ ਬਚਾਉ ਪੱਖ ਦੇ ਵਕੀਲਾਂ ਸ਼ਿਵਦਰਸ਼ਨ ਬਾਂਸਲ ਅਤੇ ਗੁਰਪ੍ਰੀਤ ਸਿੰਘ ਗੁਰੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕੇਸ ਚ ਨਾਮਜਦ ਦੋਸ਼ੀ ਪਰਵੀਨ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਜੋਗਾ ਤਹਿਸੀਲ ਤੇ ਜਿਲਾ ਮਾਨਸਾ ਨੂੰ ਬਾਇੱਜਤ ਬਰੀ ਕਰ ਦਿੱਤਾ। ਜਦੋਂਕਿ ਦੂਜੇ ਨਾਮਜ਼ਦ ਦੋਸ਼ੀ ਗੁਰਲਾਲ ਸਿੰਘ ਗੱਗੀ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ।