ਹਰਪ੍ਰੀਤ ਕੌਰ ਸੰਗਰੂਰ , 24 ਅਪ੍ਰੈਲ:
ਕਰਫਿਊ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ ਡਵੀਜਨਜ਼ ਪੱਧਰ ਤੇ ਸਥਾਪਤ ਕੀਤੇ ਕੰਟਰੋਲ ਰੂਮ 24 ਘੰਟੇ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਫੌਰੀ ਹੱਲ ਕਰਨ ਲਈ ਵਚਨਬੱਧ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਨੂੰ ਇਸ ਮਹੀਨੇ ਵੱਖ ਵੱਖ ਮੰਤਵ ਲਈ ਜ਼ਿਲ੍ਹਾ ਕੰਟਰੋਲ ਰੂਮ ‘ਤੇ ਕੁੱਲ 1683 ਫੋਨ ਕਾਲਾਂ ਪ੍ਰਾਪਤ ਹੋਈਆਂ ਜਿੰਨ੍ਹਾਂ ਵਿਚੋਂ 1577 ਕਾਲਾਂ ਦਾ ਸਮਾਧਾਨ ਕਰ ਦਿੱਤਾ ਗਿਆ ਹੈ ਜਦੋਂਕਿ 106 ‘ਤੇ ਕੰਮ ਜਾਰੀ ਹੈ, ਇਹਨਾਂ ਵਿੱਚੋਂ 70 ਮੋਬਾਈਲ ਨੰਬਰਾਂ ਨਾਲ ਨੰਬਰ ਬੰਦ, ਕਵਰੇਜ ਖੇਤਰ ਤੋਂ ਬਾਹਰ ਜਾਂ ਕਾਲ ਨਾ ਉਠਾਏ ਜਾਣ ਕਾਰਨ ਸੰਪਰਕ ਨਹੀਂ ਹੋ ਸਕਿਆ ਹੈ।
ਕਰਫਿਊ ਪਾਸ, ਦਵਾਈਆਂ,ਫ਼ਰੀ ਰਾਸ਼ਨ, ਰਾਸ਼ਨ ,ਖੇਤੀਬਾੜੀ, ਸ਼ਿਕਾਇਤ ਅਤੇ ਜਾਣਕਾਰੀ, ਇਕਾਂਤਵਾਸ ਆਦਿ ਵਿਸ਼ਿਆਂ ਤੇ ਪ੍ਰਾਪਤ ਕਾਲਾਂ ਵਿਚੋਂ ਜਿਆਦਾਤਰ ਕਾਲਾਂ ਫ਼ਰੀ ਰਾਸ਼ਨ 600, ਕਰਫਿਊ ਪਾਸ 434, ਦਵਾਈਆਂ 236, ਰਾਸ਼ਨ 61,ਜਾਣਕਾਰੀ ਲਈ 60 ਅਤੇ ਸ਼ਿਕਾਇਤਾਂ ਸਬੰਧੀ 44 ਕਾਲਾਂ ਪ੍ਰਾਪਤ ਹੋਈਆਂ।ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿਚ ਹੈਲਪ ਲਾਈਨ ਨੰਬਰ ‘ਤੇ ਸੇਵਾਵਾਂ ਪ੍ਰਦਾਨ ਕਰ ਰਹੇ ਓਪਰੇਟਰਾਂ ਵੱਲੋਂ ਸ਼ਿਕਾਇਤਾਂ ਅਤੇ ਸੁਝਾਅ ਆਦਿ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਢੁੱਕਵੀਂ ਕਾਰਵਾਈ ਤਹਿਤ ਸਮੇਂ ਸਿਰ ਹੱਲ ਕੱਢਣ ਲਈ ਸਬੰਧਤ ਨੋਡਲ ਅਫ਼ਸਰ ਕੋਲ ਭੇਜ ਦਿੱਤਾ ਜਾਂਦਾ ਹੈ।ਜਿਨ੍ਹਾਂ ਵੱਲੋਂ ਫੌਰੀ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਲੋਕਾਂ ਦੀ ਪੂਰਨ ਮਦਦ ਕੀਤੀ ਜਾ ਰਹੀ ਹੈ।
ਸ਼੍ਰੀ ਥੋਰੀ ਨੇ ਦੱਸਿਆ ਕਿ 10 ਲਾਈਨਾਂ ਵਾਲੇ ਜਿਲ੍ਹਾ ਹੈਲਪਲਾਈਨ ਨੰਬਰ ਤੋਂ ਬਿਨਾਂ ਸਬ ਡਵੀਜ਼ਨ ਤੋਂ ਪਿੰਡ ਪੱਧਰ ਤੱਕ 2000 ਤੋਂ ਵੱਧ ਹੈਲਪ ਲਾਈਨਾਂ ਲੋਕਾਂ ਦੀ ਮਦਦ ਕਰ ਰਹੀਆਂ ਹਨ।
ਸ੍ਰੀ ਥੋਰੀ ਨੇ ਅਪੀਲ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਲੋਕ ਆਪਣੇ ਤੇ ਸਮਾਜ ਦੇ ਹਿੱਤਾਂ ਦੀ ਸੁਰੱਖਿਆ ਲਈ ਕਿਸੇ ਐਮਰਜੈਂਸੀ ਤੋਂ ਇਲਾਵਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ,ਜੇ ਜਾਣ ਦੀ ਲੋੜ ਪੈਂਦੀ ਹੈ ਤਾਂ ਮਾਸਕ ਪਹਿਨਣ ਅਤੇ ਸਮਾਜਿਕ ਵਿੱਥਤਾ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ।