ਚੋਣਾਂ ਦੇ ਬਾਈਕਾਟ ਦੇ ਜਮਹੂਰੀ ਹੱਕ ਨੂੰ ਬੁਲੰਦ ਕਰੋ – ਸੰਜੀਵ ਮਿੰਟੂ
ਪਰਦੀਪ ਕਸਬਾ, ਸੰਗਰੂਰ, 29 ਜਨਵਰੀ 2022
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਚੋਣਾਂ ਦੇ ਬਾਈਕਾਟ ਦੇ ਜਮਹੂਰੀ ਹੱਕ ਨੂੰ ਬੁਲੰਦ ਕਰੋ ਮੁਹਿੰਮ ਤਹਿਤ ਪਿੰਡਾਂ ਵਿੱਚ ਮੀਟਿੰਗਾਂ/ ਰੈਲੀਆਂ ਦੇ ਚਲਾਏ ਜਾ ਰਹੇ ਸਿਲਸਿਲੇ ਤਹਿਤ ਸੁਨਾਮ ਟਿੱਬੀ ਵਿਖੇ ਵਰਕਸ਼ਾਪ ਆਯੋਜਿਤ ਕੀਤੀ ਗਈ । ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣ ਪ੍ਰਣਾਲੀ ਰਾਹੀਂ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ ,
ਇਹ ਰਾਜ ਪ੍ਰਬੰਧ ਲੁਟੇਰੀ ਜਮਾਤ ਦੇ ਹਿੱਤਾਂ ਚ ਭੁਗਤਦਾ ਹੈ। ਬੀਤੇ 74 ਸਾਲਾਂ ਦਾ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਸਮੁੱਚੇ ਲੋਕਾਂ ਨੂੰ ਸਿਵਾਏ ਲਾਰਿਆਂ/ ਲੱਪਿਆਂ ਦੇ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਸਾਰੇ ਦਾ ਸਾਰਾ ਪ੍ਰਬੰਧ ਇੱਥੋਂ ਦੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ , ਵੱਡੀ ਵੱਡੀ ਦਿਓਕੱਦ ਕੰਪਨੀਆਂ ਤੇ ਸਾਮਰਾਜੀ ਕੰਪਨੀਆਂ ਦੇ ਹਿੱਤਾਂ ਵਿੱਚ ਭੁਗਤਦੇ ਹੋਏ ਆਮ ਲੋਕਾਈ ਨੂੰ ਬੇਰੁਜ਼ਗਾਰੀ, ਭੁੱਖਮਰੀ, ਕੰਗਾਲੀ, ਅਨਪੜ੍ਹਤਾ ਵਾਲੇ ਪਾਸੇ ਲਗਾਤਾਰ ਸੁੱਟਦਾ ਆ ਰਿਹਾ ਹੈ ਅਤੇ ਪਿਛਲੇ ਸਮੇਂ ਵਿਚ ਇਸ ਵਿਚ ਕਾਫੀ ਤੇਜ਼ੀ ਆਈ ਹੈ।
ਵਿਸ਼ਵੀਕਰਨ ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਸਾਡੇ ਸਾਹਮਣੇ ਹੀ ਹਨ। ਇੱਥੇ ਕੋਈ ਜਮਹੂਰੀਅਤ ਨਾਂ ਦੀ ਚੀਜ਼ ਨਹੀਂ ਹੈ। ਇਥੇ ਧਾਰਮਿਕ ਘੱਟਗਿਣਤੀਆਂ , ਕੌਮੀਅਤਾਂ, ਦਲਿਤਾਂ, ਆਦਿਵਾਸੀਆਂ ਆਦਿ ਦੇ ਹੱਕਾਂ ਦਾ ਘਾਣ ਹੋ ਰਿਹਾ। ਔਰਤਾਂ ਦੀ ਬਹੁਤ ਹੀ ਮਾੜੀ ਦੁਰਦਸ਼ਾ ਹੋ ਰਹੀ ਹੈ ਲਗਾਤਾਰ ਬਲਾਤਕਾਰਾਂ , ਕਤਲੇਆਮਾਂ ਵਿੱਚ ਵਾਧਾ ਹੋ ਰਿਹਾ ਹੈ। ਲੋਕ ਪੱਖੀ ਬੁੱਧੀਜੀਵੀਆਂ ਨੂੰ ਸ਼ਹਿਰੀ ਨਕਸਲੀਆਂ ਦੇ ਨਾਮ ਹੇਠ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਦੀ ਹਿੰਦੂਤਵੀ ਮੋਦੀ ਹਕੂਮਤ ਗੱਦੀ ਤੇ ਬੈਠੀ ਹੈ ਉਦੋਂ ਤੋਂ ਲੈ ਕੇ ਦੇਖਿਆ ਜਾਵੇ ਤਾਂ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਨੂੰ ਸ਼ਰ੍ਹੇਆਮ ਕੁੱਚਲਿਆ ਜਾ ਰਿਹਾ ਹੈ ।
ਸੀ ਏ ਏ, ਐਨਆਰਸੀ, ਐੱਨਆਰਪੀ, ਨੋਟਬੰਦੀ, ਕਸ਼ਮੀਰ ਵਿੱਚੋਂ ਧਾਰਾ ਤਿੱਨ ਸੌ ਸੱਤਰ ਅਤੇ ਪੈਂਤੀ ਏ ਹਟਾਉਣ , ਕੋਰੋਨਾ ਕਾਲ ਸਮੇਂ ਦੌਰਾਨ ਰੋਜ਼ੀ ਰੋਟੀ ਦੇ ਲਾਲੇ ਪੈਣ ਕਾਰਨ ਪਰਵਾਸੀ ਮਜ਼ਦੂਰ ਘਰਾਂ ਨੂੰ ਵਾਪਸੀ ਪੈਦਲ ਤੁਰਦਿਆਂ ਦੌਰਾਨ ਸਡ਼ਕਾਂ ਹੋਈਆਂ ਲਹੂ ਲੁਹਾਣ, ਵੱਡੇ ਪੱਧਰ ਤੇ ਭੁੱਖਮਰੀ ਕਾਰਨ ਹੋਈਆਂ ਮੌਤਾਂ ਨੂੰ ਭਲਾ ਚੇਤਿਆਂ ਚੋਂ ਕਿਵੇਂ ਭੁਲਾਇਆ ਜਾ ਸਕਦਾ ਹੈ । ਹਿੰਦੂਤਵੀ ਫਾਸ਼ੀਵਾਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਅਤੇ ਕਿਰਤ ਕਾਨੂੰਨ ਚ ਸੋਧਾਂ ਕਰਕੇ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ । ਅਣ ਐਲਾਨੀ ਐਮਰਜੈਂਸੀ ਵਰਗੀ ਹਾਲਤ ਬਣ ਚੁੱਕੀ ਹੈ।
ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਕਿਹਾ ਕਿ ਬੇਸ਼ਕ ਫਾਸ਼ੀਵਾਦੀ ਹਕੂਮਤ ਲਈ ਖੇਤੀ ਵਿਰੋਧੀ ਕਨੂੰਨ ਗਲੇ ਦੀ ਹੱਡੀ ਸਾਬਤ ਹੋਏ। ਦਿੱਲੀ ਦੀ ਬਰੂਹਾਂ ਤੇ ਚੱਲੇ ਲਾਮਿਸਾਲ ਇਕ ਸਾਲ ਤੋਂ ਵਧੇਰੇ ਸਮੇਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਘੋਲ ਨੇ ਆਖ਼ਰਕਾਰ ਜਿੱਤ ਦੇ ਝੰਡੇ ਗੱਡੇ ਅਤੇ ਹਿੰਦੂਤਵੀ ਫਾਸ਼ੀਵਾਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ।
ਜਥੇਬੰਦੀ ਦੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ ਅਤੇ ਕਾਕਾ ਉਭਿਆ ਨੇ ਕਿਹਾ ਕਿ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਸਾਡੇ ਲੋਕਾਂ ਨੂੰ ਜੋ ਵੀ ਮਿਲਿਆ ਉਹ ਏਕੇ ਅਤੇ ਸੰਘਰਸ਼ ਕਰਕੇ ਮਿਲਿਆ ਹੈ । ਇਸ ਲਈ ਆਓ ਵੋਟਾਂ ਤੋਂ ਝਾਕ ਛੱਡਦੇ ਹੋਏ ਏਕੇ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ ਬਰਾਬਰਤਾ ਦਾ ਸਮਾਜ ਸਿਰਜਣ ਲਈ ਵੋਟਾਂ ਦਾ ਬਾਈਕਾਟ ਕਰਦੇ ਹੋਏ ਲੋਕ ਲਹਿਰ ਉਸਾਰੀਏ ।