ਇਨਕਲਾਬੀ ਬਦਲ ਉਸਾਰੋ’ ਮੁਹਿੰਮ ਤਹਿਤ ਲੋਕਾਂ ਨੂੰ ਚਿਹਰਿਆਂ ਦੀ ਥਾਂ ਇਸ ਪ੍ਰਬੰਧ ਨੂੰ ਬਦਲਣ ਦਾ ਸੱਦਾ ਦਿੱਤਾ
ਪ੍ਰਦੀਪ ਕਸਬਾ ਸੰਗਰੂਰ, 29 ਜਨਵਰੀ 2021
ਅੱਜ ਲੋਕ ਮੋਰਚਾ ਪੰਜਾਬ ਵੱਲੋਂ ‘ਇਨਕਲਾਬੀ ਬਦਲ ਉਸਾਰੋ’ ਮੁਹਿੰਮ ਤਹਿਤ ਪਿੰਡ ਲੱਡਾ ਕੋਠੀ ਜਿਲ੍ਹਾ ਸੰਗਰੂਰ ਵਿਖੇ ਵੱਖ ਵੱਖ ਤਬਕਿਆਂ ਦੇ ਸੰਘਰਸ਼ਸ਼ੀਲ ਅਤੇ ਚੇਤਨ ਹਿੱਸਿਆਂ ਦੀ ਇਕੱਤਰਤਾ ਕੀਤੀ ਗਈ ਅਤੇ ਲੋਕਾਂ ਨੂੰ ਚਿਹਰਿਆਂ ਦੀ ਥਾਂ ਇਸ ਪ੍ਰਬੰਧ ਨੂੰ ਬਦਲਣ ਦਾ ਸੱਦਾ ਦਿੱਤਾ ਗਿਆ।
ਲੋਕ ਮੋਰਚਾ ਪੰਜਾਬ ਦੇ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਨਾਹਰੇ ਇਨਕਲਾਬ ਜ਼ਿੰਦਾਬਾਦ,ਸਾਮਰਾਜਵਾਦ ਮੁਰਦਾਬਾਦ ਨੂੰ ਬੁਲੰਦ ਕਰਦਿਆਂ ਕਿਹਾ ਕਿ ਮੁਲਕ ਦੇ ਲੋਕਾਂ ਦੀ ਹਾਲਤ ਅੰਦਰ ਕਿਸੇ ਹਕੀਕੀ ਤਬਦੀਲੀ ਲਈ ਇਸ ਅਨਿਆਂ ਅਤੇ ਲੁੱਟ ਦੇ ਢਾਂਚੇ ਨੂੰ ਤਬਦੀਲ ਕਰਨਾ ਜ਼ਰੂਰੀ ਹੈ।ਲੋਕ ਮੋਰਚਾ ਪੰਜਾਬ ਦੀ ਸਹਿਯੋਗੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਵਿਆਖਿਆ ਕੀਤੀ ਕਿ ਸਭਨਾਂ ਮਿਹਨਤਕਸ਼ ਲੋਕਾਂ ਦੀ ਦੁਰਗਤ ਦੀ ਹਾਲਤ ਇਸ ਪ੍ਰਬੰਧ ਅੰਦਰ ਮੁੱਢ ਤੋਂ ਮੌਜੂਦ ਜ਼ਮੀਨ ਅਤੇ ਸਾਧਨਾਂ ਦੀ ਕਾਣੀ ਵੰਡ ਨਾਲ ਜੁੜੀ ਹੋਈ ਹੈ,ਜਿਹੜੀ ਕਾਣੀ ਵੰਡ ਨਵ ਉਦਾਰਵਾਦੀ ਨੀਤੀਆਂ ਦੇ ਸਾਮਰਾਜੀ ਹੱਲੇ ਨਾਲ ਜੁਡ਼ ਕੇ ਹੋਰ ਵੀ ਵੱਡੀ ਅਤੇ ਵਿਆਪਕ ਹੋ ਗਈ ਹੈ।
ਇਸ ਕਾਣੀ ਵੰਡ ਨੂੰ ਖ਼ਤਮ ਕੀਤੇ ਬਿਨਾਂ ਲੋਕਾਂ ਦੀ ਹਾਲਤ ਬਦਲਣੀ ਸੰਭਵ ਨਹੀਂ।ਲੋਕ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵੋਟ ਪਾਰਟੀਆਂ ਵੱਲੋਂ ਉਭਾਰੇ ਜਾ ਰਹੇ ਵੱਖ ਵੱਖ ਏਜੰਡਿਆਂ ਦੇ ਮੁਕਾਬਲੇ ਲੋਕਾਂ ਨੂੰ ਆਪਣੇ ਏਜੰਡੇ ਅੱਗੇ ਲਿਆਉਣੇ ਚਾਹੀਦੇ ਹਨ ਅਤੇ ਆਪਣੇ ਸੰਘਰਸ਼ਾਂ ਨੂੰ ਹਕੂਮਤ ਦੇ ਨੀਤੀ ਕਦਮਾਂ ਖ਼ਿਲਾਫ਼ ਸੇਧਿਤ ਕਰਨਾ ਚਾਹੀਦਾ ਹੈ।ਨਿੱਜੀਕਰਨ ਦੇ ਕਦਮ ਵਾਪਸ ਲੈਣ ਅਤੇ ਦੇਸ਼ ਦੇ ਸੋਮੇ ਸਾਮਰਾਜੀ ਕੰਪਨੀਆਂ ਨੂੰ ਲੁਟਾਉਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ।ਲੋਕ ਪੱਖੀ ਰੁਜ਼ਗਾਰ ਨੀਤੀ, ਕਰਜ਼ਾ ਨੀਤੀ,ਸਿੱਖਿਆ ਨੀਤੀ ਸਿਹਤ ਨੀਤੀ ਵਾਤਾਵਰਣ ਨੀਤੀ ਆਦਿ ਦੀ ਮੰਗ ਉੱਠਣੀ ਚਾਹੀਦੀ ਹੈ।ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਸੰਕਟਾਂ ਦੀ ਮਾਰ ਝੱਲ ਰਹੇ ਮਿਹਨਤਕਸ਼ ਲੋਕਾਂ ਦੇ ਦੁੱਖਾਂ ਦੀ ਦਾਰੂ ਵਿਧਾਨ ਸਭਾ ਨਹੀਂ ਹੈ। ਵਿਧਾਨ ਸਭਾਵਾਂ ਤਾਂ ਹਕੀਕਤ ਵਿਚ ਸਾਮਰਾਜੀਆਂ ਅਤੇ ਵੱਡੇ ਜਗੀਰਦਾਰਾਂ ਪੱਖੀ ਲੋਟੂ ਨੀਤੀਆਂ ਲੋਕਾਂ ਉੱਤੇ ਮੜ੍ਹਨ ਦਾ ਸਾਧਨ ਹਨ।
ਇਨ੍ਹਾਂ ਦੇ ਮੁਕਾਬਲੇ ਲੋਕ ਸੰਘਰਸ਼ ਹੀ ਲੋਕ ਰਜ਼ਾ ਨੂੰ ਪੁਗਾਉਣ ਦਾ ਸਾਧਨ ਹਨ।ਇਸ ਸਾਧਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।ਸੰਘਰਸ਼ਾਂ ਰਾਹੀਂ ਕਾਇਮ ਹੋਈ ਏਕਤਾ ਨੂੰ ਵੋਟ ਸਿਆਸਤ ਦੀਆਂ ਵੰਡੀਆਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ। ਇਸ ਇਕੱਤਰਤਾ ਦੀ ਸਟੇਜ ਦੀ ਜਿਮੇਵਾਰੀ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਤਿਨਾਮ ਦੀਵਾਨਾ ਨੇ ਨਿਭਾਈ।