ਹਰਿੰਦਰ ਨਿੱਕਾ, ਬਰਨਾਲਾ 28 ਜਨਵਰੀ 2022
ਇੱਕ ਪਾਸੇ ਕਾਂਗਰਸ ਦੇ ਟਕਸਾਲੀ ਆਗੂ ਤੇ ਵਰਕਰ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਣ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ , ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਮਾਰਕਿਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ ਖੁੱਲ੍ਹ ਕੇ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਵਿੱਚ ਉੱਤਰ ਆਏ ਹਨ।
ਮੱਖਣ ਸ਼ਰਮਾ ਨੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਣ ਦਾ ਵਿਰੋਧ ਕਰਨ ਵਾਲਿਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਛੱਜ ਤਾਂ ਬੋਲੇ, ਛਾਲਣੀ ਕੀ ਬੋਲੇ, ਉਨ੍ਹਾਂ ਬਿਨਾਂ ਕਿਸੇ ਆਗੂ ਦਾ ਨਾਂ ਲਿਆ ਕਿਹਾ ਕਿ ਜਿਹੜੇ ਆਗੂ ਸਮੇਂ ਸਮੇਂ ਤੇ ਆਪਣਾ ਹਿੱਤ ਪੂਰਾ ਕਰਨ ਲਈ ਪਾਰਟੀਆਂ ਬਦਲਦੇ ਰਹੇ ਹਨ ਅਤੇ ਪਾਰਟੀ ਅੰਦਰ ਰਹਿ ਕੇ ਪਾਰਟੀ ਉਮੀਦਵਾਰ ਦਾ ਵਿਰੋਧ ਕਰਕੇ, ਵਿਰੋਧੀਆਂ ਨਾਲ ਯਾਰੀਆਂ ਪੁਗਾਉਂਦੇ ਰਹੇ ਹਨ, ਉਹੀ ਆਗੂ ਹੁਣ ਟਕਸਾਲੀ ਪੇਸ਼ ਕਰਕੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਜਿਲੇ ਅੰਦਰ ਕਮਜ਼ੋਰ ਹੋ ਚੁੱਕੀ ਕਾਂਗਰਸ ਪਾਰਟੀ ਵਿੱਚ ਨਵੀਂ ਜਾਨ ਫੂਕੀ ਹੈ, ਦੋ ਵਾਰ ਲਗਾਤਾਰ ਅਕਾਲੀ ਦਲ ਦਾ ਗੜ ਤੋੜ ਕੇ ਦਿੱਗਜ ਅਕਾਲੀ ਆਗੂ ਮਲਕੀਤ ਸਿੰਘ ਕੀਤੂ ਨੂੰ ਹਰਾਇਆ।
ਲੰਘੀਆਂ ਚੋਣਾਂ ਸਮੇਂ ਵੀ ਢਿੱਲੋਂ ਕੁੱਝ ਕਾਂਗਰਸ ਪਾਰਟੀ ਅੰਦਰ ਬੈਠੇ ਗਦਾਰਾਂ ਕਰਕੇ, ਆਪ ਦੀ ਹਨ੍ਹੇਰੀ ਦੇ ਬਾਵਜੂਦ ਵੀ ਸਿਰਫ 2432 ਵੋਟਾਂ ਦੇ ਅੰਤਰ ਨਾਲ ਹੀ ਹਾਰੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਤੇ ਸਾਰਿਆਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ, ਪਾਰਟੀ ਦਾ ਹਿੱਤ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਚੋਣਾਂ ਸਿਰ ਤੇ ਹਨ, ਅਜਿਹੇ ਮੌਕੇ ਬਿਨਾਂ ਉਮੀਦਵਾਰ ਦੇ ਐਲਾਨ ਤੋਂ ਹੀ ਵਿਰੋਧ ਦੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਸ਼ਰਮਾ ਨੇ ਨਸੀਹਤ ਦਿੱਤੀ ਕਿ ਟਿਕਟ ਮੰਗਣਾ ਹਰ ਕਿਸੇ ਦਾ ਹੱਕ ਹੈ, ਪਾਰਟੀ ਦੇ ਫੈਸਲੇ ਦਾ ਇੰਤਜਾਰ ਕਰਨਾ ਚਾਹੀਦਾ ਹੈ।